ਪੰਨਾ:Alochana Magazine April-May 1963.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੰਨ ਨ੍ਹਾ ਕੇ ਛੱਪੜ ਚੋਂ ਨਿਕਲੀ
ਸੁਲਫੇ ਦੀ ਲਾਟ ਵਰਗੀ।
ਕਾਲਾ ਨਾਗ ਚਰੀ ਵਿਚ ਸੂਕੇ
ਗੁਜਰੀ ਦੀ ਗੁੱਤ ਵਰਗਾ।
ਮੁੰਡਾ ਰੋਹੀ ਦੀ ਕਿੱਕਰ ਦਾ ਜਾਤੂ
ਵਿਆਹ ਕੇ ਲੈ ਗਿਆ ਤੂਤ ਦੀ ਛਟੀ।

ਕਹਾਣੀ ਦਾ ਅੰਸ਼ ਲੋਕ-ਗੀਤ ਵਿਚ ਨਾਟਕੀ ਰੂਪ ਵੀ ਧਾਰਨ ਕਰ ਲੈਂਦਾ ਹੈ:

ਉੱਥੇ ਉਗਿਆ ਚੰਨਣ ਦਾ ਬੂਟਾ
ਜਿੱਥੇ ਲੱਛੀ ਪਾਣੀ ਡੋਲ੍ਹਿਆ।
ਮੈਂ ਸੁਫਨੇ 'ਚ ਗਈ ਮੁਕਲਾਵੇ
ਰਾਤੀਂ ਮੇਰੀ ਵੰਗ ਟੁਟ ਗਈ।
ਤੈਨੂੰ ਸਖੀਆਂ ਮਿਲਣ ਨਾ ਆਈਆਂ
ਕਿਕਰਾਂ ਨੂੰ ਪਾ ਲੈ ਜੱਫੀਆਂ।

ਗੁੰਝਲਦਾਰ ਮਾਨਸਿਕ ਸਥਿਤੀ ਦੀ ਅਭਿਵਿਅਕਤੀ ਵੀ ਕਿਤੇ ਕਿਤੇ ਲੋਕ-ਗੀਤ: ਵਿਚ ਨਵੇਂ ਪ੍ਰਾਣਾਂ ਦਾ ਸੰਚਾਰ ਕਰ ਦਿੰਦੀ ਹੈ, ਜਿਵੇਂ ਕਿਸੇ ਪਹਾੜੀ 'ਤੇ ਪਹੁੰਚਣ ਸਾਰ ਕਿਸੇ ਹੋਰ ਪਹਾੜੀ ਦੀ ਚੋਟੀ ਦਿਸਣ ਲਗ ਪੈਂਦੀ ਹੈ:

ਗੱਡੀ ਵਿਚ ਮੈਂ ਰੋਵਾਂ
ਯਾਰ ਰੋਵੇ ਕਿੱਕਰਾਂ ਦੇ ਓਹਲੇ।
ਚੁੜੇ ਪਾ ਕੇ ਸੱਕ ਹੁੰਝਦੀ
ਮੇਰੀ ਚੰਦਰੀ ਦੀ ਜਾਤ ਤਖਾਣੀ।

ਲੋਕ-ਗੀਤ ਦੀ ਸਾਹਿਤਕ ਵਿਸ਼ੇਸ਼ਤਾ ਦਾ ਵਧਦਾ ਘੇਰਾ ਆਧੁਨਿਕ ਕਵੀ ਨੇ ਚਿਰ ਕਾਲ ਤੋਂ ਵੰਗਾਰਦਾ ਆਇਆ ਹੈ, ਤੇ ਕੋਈ ਵੀ ਸਵੈ-ਚੇਤੰਨ ਕਵੀ ਮੂਹਰਲੀ ਪੰਕਤੀ ਵਿਚ ਜਾਣ ਦੀ ਲਾਲਸਾ ਵਿਚ ਲੋਕ-ਗੀਤ ਦੀ ਆਵਾਜ਼ ਅਣ-ਸੁਣੀ ਨਹੀਂ ਕਰ ਸਕਦਾ।

ਗੁਰਦੇਵ ਰਵੀਂਦ੍ਰ ਨਾਥ ਠਾਕੁਰ ਨੇ ਆਪਣੀ ਆਤਮ ਕਥਾ ਵਿਚ ਲਿਖਿਆ ਹੈ ਕਿ ਕਿਸੇ ਜ਼ਮਾਨੇ ਵਿਚ ਬੰਗਾਲ ਦੇ ਲੋਕ-ਗੀਤਾਂ ਦੀ ਭਾਲ ਵਿਚ ਉਨ੍ਹਾਂ ਦਿਨ-ਰਾਤ ਇਕ ਕਰ ਛੱਡਿਆ ਸੀ।

ਕਦੇ ਕਦੇ ਗੱਲ-ਬਾਤੀ ਸ਼ੈਲੀ ਦੀਆਂ ਛਹਾਂ ਲੋਕ ਗੀਤਾਂ ਵਿਚ ਸਦੀਵਾ ਸੁੰਦਰਤਾ ਦਾ ਸੰਚਾਰ ਕਰਦੀਆਂ ਹਨ:

੫੨