ਸਮੱਗਰੀ 'ਤੇ ਜਾਓ

ਪੰਨਾ:Alochana Magazine April 1960.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰਜਾਬ ਦੇ ਇਤਿਹਾਸ ਵਿਚ ਸਿੰਘ ਸਭਾ ਲਹਿਰ ਖਾਸ ਮਹੱਤਤਾ ਰਖਦੀ ਹੈ ਅਤੇ ਇਸ ਲਹਿਰ ਨੇ ਪੰਜਾਬੀ ਸਾਹਿੱਤਕਾਰਾਂ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਹੈ । ਨਾਨਕ ਸਿੰਘ ਉਪਨਿਆਸਕਾਰ ਦਾ ਵੀ ਸੰਬੰਧ ਇਸ ਲਹਿਰ ਨਾਲ ਬਹੁਤ ਜੁੜਿਆ ਰਹਿਆ ਹੈ ਅਤੇ ਇਹੋ ਹੀ ਕਾਰਨ ਹੈ ਕਿ ਉਸ ਨੇ ਆਪਣੇ ਉਪਨਿਆਸਾਂ ਵਿਚ ਵੀ ਗੁਰਦਵਾਰਿਆਂ ਵਿਚ ਹੁੰਦੇ ਐਬਾਂ, ਸਾਧੂ ਸੰਤਾਂ ਦੇ ਪਖੰਡਾਂ, ਵਿਆਹ ਸ਼ਾਦੀਆਂ ਦੀਆਂ ਕੁਰੀਤੀਆਂ ਅਤੇ ਹੋਰ ਸਾਮਾਜਿਕ ਬੁਰਿਆਈਆਂ ਦੇ ਸੁਧਾਰ | ਬਾਰੇ ਜ਼ਿਕਰ ਕਰਦਾ ਆ ਰਹਿਆ ਹੈ, ਪਰ ਉਸ ਦੇ ਇਹੋ ਸੁਧਾਰ ਕੋਈ ਬੁਨਿਆਦੀ ਨਹੀਂ ਹੁੰਦੇ ਕਿਉਂਕਿ ਨਾਨਕ ਸਿੰਘ ਸਾਮਾਜਿਕ ਸਮੱਸਿਆਵਾਂ ਨੂੰ ਗੌਰਵਤਾ ਨਾਲ ਨਹੀਂ ਵਿਚਾਰ-ਗੋਚਰੇ ਕਰਦਾ । ਉਹ ਆਪਣੇ ਪਾਤਰਾਂ ਨੂੰ ਸੀਮਤ ਜਿਹੇ ਘੇਰੇ ਵਿੱਚ ਹੀ ਰਖਦਾ ਹੈ ਅਤੇ ਉਹਨਾਂ ਦੁਆਲੇ ਆਪਣੀ ਕਹਾਣੀ ਨੂੰ ਰੌਚਕ ਬਨਾਉਣ ਲਈ ਕਈ ਪ੍ਰਕਾਰ ਦੀਆਂ ਘਟਨਾਵਾਂ ਨੂੰ ਉਸਾਰੀ ਕਰਨੀ ਅਰੰਭ ਕਰ ਦੇਂਦਾ ਹੈ । ਕਦੀ ਕਦੀ ਤਾਂ ਉਸ ਦੇ ਉਪਨਿਆਸਾਂ ਨੂੰ ਪੜ ਕੇ ਇਹ ਸ਼ੱਕ ਉਤਪੰਨ ਹੋ ਜਾਂਦਾ ਹੈ ਕਿ ਕੀ ਉਹ ਏਸੇ ਹੀ ਧਰਤੀ ਦੀ ਕੋਈ ਗਲ ਕਰ ਰਹਿਆ ਹੈ । ਉਦਾਹਰਣ ਵਜੋਂ ਅਸੀਂ ਉਸ ਦੇ ਉਪਨਿਆਸ ਪਵਿਤਰ ਪਾਪੀ ਨੂੰ ਸਮੀਖਿਅਕ ਤੌਰ ਤੇ ਪਰਖਦੇ ਹਾਂ ਕਿ ਉਹ ਇਸ ਉਪਨਿਆਸ ਵਿੱਚ ਕਿੱਥੋਂ ਕੁ ਤਕ ਵਾਸਤਵਿਕ ਪੱਖ ਤੋਂ ਯਥਾਰਥਕ ਰਹਿਆ ਹੈ । ‘ਪਵਿਤਰ ਪਾਪੀ ਨਾਨਕ ਸਿੰਘ ਦਾ ਇਕ ਅਜਿਹਾ ਉਪਨਿਆਸ ਹੈ, ਜਿਸ ਵਿਚ ਕਿ ਯਥਾਰਥਵਾਦ ਉੱਕਾ ਹੀ ਨਹੀਂ ਹੈ । ਸਾਰੀ ਦੀ ਸਾਰੀ ਕਹਾਣੀ ਸਾਮਾਜਿਕ ਜ਼ਿੰਦਗੀ ਤੋਂ ਲਾਂਭੇ ਕਾਲਪਨਿਕ ਉਡਾਰੀਆਂ ਵਿਚ ਹੀ ਪੇਸ਼ ਕੀਤੀ ਹੋਈ ਹੈ । ਇਸ ਵਿਚ ਨਾ ਤਾਂ ਕੋਈ ਆਰਥਕ ਰਿਸ਼ਤਿਆਂ ਵਿਚਕਾਰ ਵਿਰੋਧ ਹੀ ਉਤਪੰਨ ਕੀਤਾ ਗਇਆ ਹੈ ਅਤੇ ਨਾ ਹੀ ਉਪਨਿਆਸਕਾਰ ਪਿਆਰ ਬਾਰੇ ਸੰਤੁਸ਼ਟ ਹੋ ਸਕਿਆ ਹੈ । ਕਿਦਾਰ ਜਦੋਂ ਪੰਨਾ ਲਾਲ ਦੀ ਥਾਂ ਘੜੀ ਸਾਜ਼ੀ ਦਾ ਕੰਮ ਆਰੰਭ ਕਰਨ ਲੱਗ ਜਾਂਦਾ ਹੈ ਤਾਂ ਉਪਨਿਆਸਕਾਰ ਇਸ ਨੂੰ ਪਾਪ ਇਸ ਕਰਕੇ ਸਮਝਦਾ ਹੈ ਕਿ ਕਿਦਾਰ ਨੇ ਪੰਨਾ ਲਾਲ ਦੀ ਨੌਕਰੀ ਛਡਵਾ ਦਿੱਤੀ ਹੈ । ਪੰਨਾ ਲਾਲ ਇਸੇ ਹੀ ਰੋਸ ਦਾ ਮਾਰਿਆ ਜ਼ਿੰਦਗੀ ਦੇ ਖੇਤਰ ਤੋਂ ਨੱਸ ਨਿਕਲਦਾ ਹੈ, ਪਰ ਅਸਲ ਵਿਚ ਜੇ ਗੰਭੀਰ ਹੋ ਕੇ ਇਸ ਸਮੱਸਿਆ ਤੇ ਵਿਚਾਰ-ਵਿਵਾਦ ਕੀਤਾ ਜਾਵੇ ਤਾਂ ਨੌਕਰੀ ਪੰਨਾ ਲਾਲ ਦੀ ਛਡਵਾਉਣ ਵਾਲਾ ਕਿਦਾਰ ਨਹੀਂ ਹੈ, ਸਗੋਂ ਸਮਾਜ ਦੇ ਗਲਤ ਆਰਥਿਕ ਰਿਸ਼ਤੇ ਹੀ ਹਨ । ਕਿਦਾਰ ਆਪ ਬੇਰੁਜ਼ਗਾਰ ਹੈ, ਉਹ ਭੁੱਖਾ ਮਰਦਾ ਹੋਰ ਕੀ ਕਰਦਾ ਜਾਂ ਕੀ ਉਹ ਅਜਿਹੀ ਥਾਂ ਕੰਮ ਜਾਂ ਕਰਦਾ, ਜਿਥੇ ਕਿ ਉਹ ਪੰਨ। ਲਾਲ ਵਰਗਿਆਂ ਨੂੰ ਬੇਰੁਜ਼ਗਾਰ ਨਾ ਕਰ ਸਕਦਾ । ਪਰ ਇਹ ਗਲ ਤਾਂ ਜਿਨੇ ਸਮੇਂ ਤਕ ਗਲਤ ਆਰਥਕ ਸੰਬੰਧ ਹਨ, ਉਨੇ ਚਿਰ ਤਕ ਅਸੰਭਵ ਹੈ ।