ਸੰਚਾਰਨ ਦੀ ਵਿਧੀ ਆਖ ਸਕਦੇ ਹਾਂ, ਤੇ ਕਵਿਤਾ ਨੂੰ ਇਸ ਦੇ ਟਾਕਰੇ ਨਿਜੀ ਅਨੁਭਵਾਂ ਨੂੰ ਅਤੇ ਬਾਹਰਲੀ ਹਕੀਕਤ ਨਾਲ ਇਹਨਾਂ ਅੰਦਰਲੇ ਅਨੁਭਵਾਂ ਦੇ ਸੰਬੰਧ ਨੂੰ ਵੇਖਣ, ਮਾਣਨ ਤੇ ਨਿਰੂਪਣ ਦੀ ਵਿਉਂਤ।
ਵਿਗਿਆਨੀ ਤੇ ਕਵੀ ਦੋਵੇਂ ਇਕੋ ਸੰਸਾਰ ਵਿਚ ਵਾਪਰਦੀਆਂ ਘਟਨਾਵਾਂ ਨੂੰ ਵੇਖਦੇ ਹਨ ਤੇ ਇਹ ਘਟਨਾਵਾਂ ਹੀ ਸਾਇੰਸ ਤੇ ਕਵਿਤਾ ਦੋਹਾਂ ਦੀਆਂ ਟਕਸਾਲੀ ਘਾੜਤਾਂ ਦੀ ਕੱਚੀ ਧਾਤ ਹਨ। ਪਰ ਜਿੱਥੇ ਵਿਗਿਆਨੀ ਇਹਨਾਂ ਵਿਚੋਂ ਉਹਨਾਂ ਘਟਨਾਵਾਂ ਨੂੰ ਨਜ਼ਰਅੰਦਾਜ਼ਜ ਕਰਦਾ ਹੈ ਜੋ ਉਸ ਦੀਆਂ ਆਪਣੀਆਂ ਜਾਂ ਹੋਰਨਾਂ ਦੀਆਂ ਨਿੱਜੀ ਘਟਨਾਵਾਂ ਹਨ, ਉਥੇ ਕਵੀ ਅਨਿੱਜੀ ਘਟਨਾਵਾਂ ਤੋਂ ਪਰਹੇਜ਼ ਕਰਨਾ ਪਸੰਦ ਕਰਦਾ ਹੈ। ਕਵੀ ਲਈ ਤਾਂ ਅਨਿੱਜੀ ਸੰਸਾਰ ਦਾ ਨਿੱਜੀ ਸੰਸਾਰ ਨਾਲ ਇਕ ਲਗਾਤਾਰ ਅਟੁਟ ਨਾਤਾ ਹੈ ਤੇ ਉਸ ਦੀ ਅੱਖ ਇਸ ਨਾਤੇ ਉਤੇ ਟਿਕਦੀ ਹੈ। ਸਾਂਝਾ ਤਰਕ ਤੇ ਅ-ਸਾਂਝੇ ਨਿੱਜੀ ਭਾਵ ਨੂੰ ਸੁਰ ਮੇਲਦੇ ਦਿਸਦੇ ਹਨ। ਤੇ ਇਸ ਵਿਚੋਂ ਪੈਦਾ ਹੁੰਦੇ ਸੰਗੀਤ ਦੇ ਹੁਲਾਰੇ ਵਿਚ ਨੱਚਦਾ ਉਸ ਦਾ ਨਿੱਜਤਵ ਨੂੰ ਚੀਰ ਕੇ ਬਾਹਰ ਆ ਜਾਂਦਾ ਹੈ।
ਕਵੀ ਦਾ ਸੰਸਾਰ ਅੰਦਰਲੇ ਅਨੁਭਵਾਂ ਦੀ ਵੰਨ-ਸਵੰਨਤਾ ਦਾ ਸੰਸਾਰ ਹੈ, ਜਿਸ ਵਿਚ ਪਿਆਰ ਤੇ ਨਫ਼ਰਤ ਕਿੱਕਲੀ ਖੇਡਦੇ, ਆਸ ਤੇ ਨਿਰਾਸਤਾ ਗਿੱਧਾ ਪਾਉਂਦੇ, ਸਿਆਣਪ ਤੇ ਸੁਦਾਅ ਲੁੱਡੀ ਮਾਰਦੇ, ਗੌਰਵ ਤੇ ਲੱਜਾ ਘੁੰਮਰ ਪਾਉਂਦੇ ਹਨ, ਜਿਥੇ ਸਮਾਜਕ ਪਰਭਾਵਾਂ ਤੇ ਸ਼ਖ਼ਸੀ ਤਰੰਗਾਂ, ਸਾਤਵਿਕ ਵਿਚਾਰਾਂ ਤੇ ਤਾਮਸੀ ਉਬਾਲਾਂ, ਪਿਤਾ-ਪੁਰਖੀ ਰੀਤਾਂ ਤੇ ਪਸ਼ੂ-ਮਨੋਬਿਰਤੀਆਂ, ਸਾਂਝੇ ਬਲਾਂ ਤੇ ਅ-ਸਾਂਝੀਆਂ ਸੰਵੇਦਨਾਵਾਂ ਦੇ ਘੁੰਗਰੂ ਛਣਕਦੇ ਹਨ, ਜਿਥੇ ਨੇਮਾਂ, ਫਰਜ਼ਾਂ, ਬੰਧਨਾਂ, ਰਹੁ-ਰੀਤੀਆਂ ਤੇ ਕਰਮ-ਕਾਂਡਾਂ ਦੇ ਨਿੱਤ ਬਦਲਦੇ ਤਾਲਾਂ ਦੀ ਥਾਂ-ਥਈਆ ਗੰਜਦੀ ਹੈ।
ਮਨੁਖ ਦੇ ਤੌਰ ਤੇ ਤਾਂ ਵਿਗਿਆਨੀ ਭੀ ਇਸੇ ਦੁਨੀਆਂ ਵਿਚ ਵੱਸਦਾ ਹੈ ਜਿਸ ਵਿਚ ਸ਼ਾਰੀ ਆਦਮ ਜਾਤੀ ਦਾ ਜੰਮਣਾ ਮਰਨਾ, ਕੱਚੀਆਂ ਪੱਕੀਆਂ ਪੀੜਾਂ ਤੇ ਰੁਖੇ-ਸਲੂਣ ਹਾਸੇ ਰੰਗੀਨੀ ਖਿਲਾਰਦੇ ਹਨ। ਪਰ ਜਦ ਉਹ ਆਪਣੇ ਕਿੱਤੇ ਦੇ ਸਿੰਘਾਸਣ ਤੇ ਬੈਠਦਾ ਹੈ ਤਾਂ ਇਕ ਬਿਲਕੁਲ ਵਖਰੇ ਸੰਸਾਰ ਵਿਚ ਜਾ ਵਿਚਰਦਾ ਹੈ ਜਿਥੇ ਨੇਮ ਤੇ ਇਕਾਈਆਂ ਤੋਲਾਂ, ਮਾਪਾਂ ਤੇ ਗਿਣਤੀਆਂ ਦੇ ਦਾਇਰਿਆਂ ਤੇ ਬੈਜ਼ਿਆਂ ਵਿਚ ਘੁੰਮਦੇ ਹਨ। ਵਿਗਿਆਨ ਦੀ ਹਰ ਸ਼ਾਖ ਦਾ ਆਪਣਾ ਪ੍ਰਕਰਣਕ ਢਾਂਚਾ ਹੈ ਤੇ ਉਸ ਢਾਚੇ ਵਿਚ ਤੱਥਾਂ ਨੂੰ ਨਮਿਆਂ ਤੇ ਜੜਿਆ ਜਾਂਦਾ ਹੈ। ਪਰ ਸਮੁਚੇ ਤੌਰ ਤੇ ਸਾਇੰਸ ਇਕ ਇਕ-ਵਾਦੀ ਪ੍ਰਣਾਲੀ (monistic system) ਹੈ ਜੋ ਸਾਰੀ ਸਚੱਜਤਾ ਨੂੰ ਕਿਸੇ ਇਕ-ਵਾਦੀ ਇਕਾਈ ਤੇ ਘਟਾਉਣਾ ਚਾਹੁੰਦੀ ਹੈ।
ਇਸ ਨਾਤੇ ਸਾਇੰਸ ਖਿਲਾਰੇ ਵਿਚੋਂ ਨੇਮ ਤੇ ਨੇਮਾਂ ਵਿਚੋਂ ਇਕਾਈ ਭਾਲਦੀ ਹੈ; ਪਰ ਕਵਿਤਾ ਖਿਲਾਰੇ ਨੂੰ ਖਲਾਰੇ ਦੇ ਰੂਪ ਵਿਚ ਹੀ ਵੇਖਦੀ ਤੇ ਇਸ ਖਿਲਾਰੇ ਦੀ ਵੰਨ ਸੁਵਨਤਾ ਉਪਰ ਰੀਝਦੀ ਹੈ।