ਪੰਨਾ:Alochana Magazine April 1964.pdf/5

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈਬੂਰ ਰਿਸ਼ਮ ਦਾ ਲੱਗਾ
ਮੈਂ ਨਾ ਤੁਰਾਂ ਮਤੇ 'ਵਾ ਡੋਲੇ
ਬੂਰ ਹੁਣ ਝੜ ਜਾਏ ?(ਹਰਿਭਜਨ ਸਿੰਘ)

ਉਪਰੋਕਤ ਮਿਸਾਲਾਂ ਤੋਂ ਕਵੀ ਤੇ ਵਿਗਿਆਨੀ ਦੋਹਾਂ ਦੀ ਬੋਲੀ ਸੰਬੰਧੀ ਸਮੱਸਿਆ ਦਾ ਖ਼ਾਕਾ ਉਘੜਦਾ ਹੈ । ਵਿਗਿਆਨੀ ਦੀ ਸਮੱਸਿਆ ਨਿਸਚਿਤ; ਇਕਹਿਰੀ ਤੇ ਸਪਸ਼ਟ ਗੱਲ ਕਰ ਸਕਣ ਦੀ ਸਮੱਸਿਆ ਹੈ । ਉਹ ਅਜਿਹੇ ਸ਼ਬਦਾਂ ਤੇ ਵਾਕੰਸ਼ਾਂ ਦੀ ਚੋਣ ਕਰਦਾ ਹੈ ਜੋ ਇਕ-ਅਰਥੇ ਹੋਣ ਉਸ ਲਈ ਸ਼ਬਦਾਂ ਦੀ ਦੁਅਰਥਕਤਾ ਤੇ ਬਹੁ-ਆਰਥਕਤਾ ਇਕ ਉਲਝਨ ਹੈ । ਉਸ ਦੇ ਨਵੇਂ ਵਿਚਾਰਾਂ ਤੇ ਸੰਕਲਪਾ ਲਈ ਸ਼ਬਦਾਂ ਦੀ ਅਣਹੋਂਦ ਇਕ ਮੁਸ਼ਕਿਲ ਹੈ । ਇਸ ਨੂੰ ਹਲ ਕਰਨ ਲਈ ਉਹ ਆਪਣੀ ਨਵੇਕਲੀ ਗਰਬਲ-ਭਾਸ਼ਾ (Jagon) ਘੜਦਾ ਹੈ ।

ਵਿਗਿਆਨਕ-ਸੰਕੇਤਾਵਲੀਆਂ ਦੀ ਇਹ ਭਾਸ਼ਾ ਜ਼ਦ ਸਿਖਰ ਤੇ ਪਹੁੰਚਦੀ ਹੈ ਤਾਂ ਸ਼ਬਦਾਂ ਤੋਂ ਵੀ ਉਤਾਂਹ ਉਠ ਜਾਂਦੀ ਹੈ ਤੇ ਗਣਿਤ ਦੇ ਚਿੰਨ੍ਹਾਂ ਦੀ ਬਾਤ ਬਣ ਜਾਂਦੀ ਹੈ।

ਜਿਥੇ ਵਿਗਿਆਨੀ ਦੁਅਰਥਕਤਾ ਤੇ ਬਹੁ-ਅਰਥਕਤਾ ਤੋਂ ਬਚਣ ਦਾ ਜਤਨ ਕਰਦਾ ਹੈ ਉਥੇ ਕਵੀ ਇਹਨਾਂ ਨਾਲ ਹੀ ਰੰਗ ਰਲੀਆਂ ਮਾਣਦਾ ਹੈ । ਮਨੁਖੀ ਜੀਵਨ ਇਕੋ ਵਕਤ ਕਿਤਨੇ ਵਖ ਵਖ਼ ਪੱਧਰਾਂ ਤੇ ਜੀਵਿਆ ਜਾਂਦਾ ਹੈ, ਇਸ ਦੇ ਇਕੇ ਵਕਤ ਕਿਤਨੇ ਭਿੰਨ ਭਿੰਨ ਅਰਥ ਹੁੰਦੇ ਹਨ । ਮਨੁਖੀ ਅਨੁਭਵ ਦੇ ਸਮਕਾਲੀ ਪੱਧਰਾਂ ਤੇ ਅਰਬਾਂ ਦੀ ਇਹ ਅਨੇਕਤਾ ਤੇ ਬਹੁ-ਰੰਗਤਾ ਨੂੰ ਸ਼ਬਦਾਂ ਵਿਚ ਬੰਨਣ ਲਈ ਕਵੀ ਨੂੰ ਬਹੁ-ਅਰਥੇ ਸ਼ਬਦ ਹੀ ਤਾਂ ਚਾਹੀਦੇ ਹਨ । ਜਦੋਂ ਇਹ ਨਾ ਲੱਭਣ ਤਾਂ ਕਵੀ ਭੀ ਆਪਣੀ ਟਕਸਾਲ ਵਿਚ ਸ਼ਬਦਾਂ ਦੀ ਸਿਰਜਨਾ ਕਰਦਾ ਹੈ-ਪਰ ਉਹ ਵਿਗਿਆਨੀ ਦੀ ਇਕ-ਅਰਥਕ ਗਰਬਲ-ਭਾਸ਼ਾਵਲੀ ਨਹੀ ਘੜਦਾ, ਸਗੋਂ ਅਜਿਹੇ ਸ਼ਬਦ ਤੇ ਵਾਕੰਸ਼ ਸਿਰਜਦਾ ਹੈ ਜੋ ਉਸ ਦੇ ਅਨੁਭਵ ਦੀ ਬਹੁ-ਅੰਗਤਾ ਤੇ ਬਹੁ-ਰੰਗਤਾ ਨੂੰ ਸਾਕਾਰ ਕਰ ਸਕਣ । ਉਹ ਸ਼ਬਦਾਂ ਦੇ ਅਰਥਾਂ ਨੂੰ ਡੂੰਘੇਰਾ ਤੇ ਚੌੜਾ ਕਰਦਾ ਹੈ,ਉਹਨਾਂ ਵਿਚ ਇਕ ਸੰਕੇਤਕ ਸੰਗੀਤਕਤਾ ਜਗਾਉਂਦਾ ਹੈ ਤੇ ਉਹਨਾਂ ਵਿਚ ਧੁਨਾਂ -ਉਪਧੁਨਾਂ, ਸੰਬੰਧਾਂ-ਉਪਸੰਬੰਧਾਂ ਦੀ ਸਮਰੱਥਾ ਉਜਾਗਰ ਕਰਕੇ ਇਕ ਆਲੌਕਿਕ ਜਾਦੂ ਜਗਾਉਂਦਾ ਹੈ । ਆਪਣੇ ਕਬੀਲੇ ਦੀ ਭਾਸ਼ਾ ਵਿਚ ਉਹ ਅਜੇਹੇ ਵਾਧੇ ਕਰਦਾ ਹੈ ਜੋ ਮਨੁਖੀ ਜ਼ਿੰਦਗੀ ਦੀ ਸਰਬੰਗੀ ਭਰਪੂਰਤਾ, ਉਸ ਦੇ ਡੂੰਘੇ ਮਰਮ ਤੇ ਉਸ ਦੀ ਸੁਹਜਾਤਮਕ ,ਬੋਧਿਕ ਤੇ ਅਧਿਆਤਮਕ ਵਿਲੱਖਣਤਾ ਨੂੰ ਸਾਕਾਰ ਕਰ ਸਕਣ।

ਕਵੀ ਦਿਸਦੇ ਤੋਂ ਅਣਦਿਸਦੇ, ਤੇ ਅਣਦਿਸਦੇ ਤੋਂ ਦਿਸਦੇ ਵਿਚਕਾਰ ਜੁਲਾਹੇ ਦੀ ਨਾਲ ਵਾਂਗ ਫਿਰਦਾ ਤੇ ਜ਼ਿੰਦਗੀ ਅਤੇ ਅਰਥਾਂ ਦੇ ਦੋਵੇਂ ਸਿਰੇ ਮੇਲਦਾ ਫਿਰਦਾ ਹੈ । ਅੰਤਰੀਵਤਾ ਤੇ ਬਾਹਰਵਾਰਤਾ ਉਸ ਦੇ ਅਨੁਭਵ ਵਿਚ ਜਫੀਆਂ ਪਾਉਦੀਆ ਹਨ ਤੇ ਉਸ ਦੀ ਸ਼ਬਦਾਵਲੀ ਇਸ ਅਲਿੰਗਨ ਨੂੰ ਚਿਤ੍ਰਤ ਕਰਦੀ ਹੈ ।

ਸਾਧਾਰਨ ਬੋਲੀ ਕਵੀ ਦੇ ਅਨੁਭਵਾਂ ਦੇ ਪ੍ਰਗਟਾਓ ਲਈ ਅਸਮਰਥ ਹੈ ਤੇ ਸਿਖਰ ਤੇ