ਪੰਨਾ:Alochana Magazine August 1960.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਤਲਬ ਦੀ ਅਸ਼ਨਾਈ ਦੇਖੀ, ਬਾਹਰੋਂ ਖੂਬ ਸਫਾਈ ਦੇਖੀ ...... ਸੰਤਾਂ ਦੀ ਅਯਾਰੀ ਦੇਖੀ, ਪੂਰੀ ਜ਼ਾਹਰਦਾਰੀ ਦੇਖੀ । ਲੀਡਰ ਹਉਕੇ ਭਰਦੇ ਦੇਖੇ, ਖੀਸੇ ਖਾਲੀ ਕਰਦੇ ਦੇਖੇ ਮੰਦਰ ਦੇਖੇ ਡੇਰੇ ਦੇਖੇ, ਗੱਦੀਦਾਰ ਲੁਟੇਰੇ ਦੇਖੇ । ਨਾ ਡਿੱਠੀ ਪਰ ਦਿਲੀ ਸਫਾਈ ਅੰਦਰ ਬਾਹਰ ਦੀ ਇਕਤਾਈ ॥ (ਕੇਸਰ ਕਿਆਰੀ) ਇਸ ਤਰ੍ਹਾਂ ਦੀ ਦਸ਼ਾ ਵੇਖ ਚਾਤ੍ਰਿਕ ਦਿਲ ਦੀ ਸਫਾਈ ਚਾਹੁੰਦਾ ਸੀ, ਸਰਮਾਏਦਾਰੀ ਅਤੇ ਗਰੀਬੀ ਵਿਚ ਦੇ ਪਏ ਪਾੜ ਨੂੰ ਮੇਲਣਾ ਚਾਹੁੰਦਾ ਸੀ, ਫਿਰਕਾਪ੍ਰਸਤੀ ਨੂੰ ਮਿਟਾ ਕੇ ਏਕੇ ਦਾ ਪ੍ਰਸਾਰ ਚਾਹੁੰਦਾ ਸੀ, ਧਰਮ ਦੀਆਂ ਕੁਰੀਤੀਆਂ ਅਤੇ ਅੰਧ-ਵਿਸ਼ਵਾਸ਼ ਨੂੰ ਦੂਰ ਕਰ ਉਹ ਮਨੁਖਤਾ ਦਾ ਪ੍ਰਚਾਰ ਚਾਹੁੰਦਾ ਸੀ, ਇਸਤ੍ਰੀ ਜਾਤੀ ਨੂੰ, ਆਜ਼ਾਦੀ ਦੇਣੀ ਲੋਚਦਾ ਸੀ, ਭਾਰਤੀ ਕਿਸਾਨ ਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਚਾਹੁੰਦਾ ਸੀ ਅਤੇ ਅਛੂਤ-ਸੁਧਾਰ ਦਾ ਹਾਮੀ ਸੀ । ਅਖੌਤੀ ਧਰਮ ਵਿਚ ਬਣੀ ਸੰਤ-ਜਮਾਤ ਦਾ ਪੋਲ ਖੋਲਣ ਲਗਿਆਂ ਚਾਤ੍ਰਿਕ ਨੇ ਕਮਾਲ ਕਰ ਵਿਖਾਇਆ ਹੈ । ਇਹ ਸੰਤ ਜਮਾਤ ਉਹ ਜਮਾਤ ਹੈ ਜੋ ਮਜ਼ਬ ਦੇ ਨਾਂ ਤੇ ਲੋਕਾਂ ਨੂੰ ਲੁਟਦੀ ਅਤੇ ਉਸ ਲੁਟ ਦੇ ਧਨ ਨਾਲ ਐਸ਼-ਇਸ਼ਰਤ ਦੇ ਸਾਮਾਨ ਪੈਦਾ ਕਰਦੀ, ਵੰਨ-ਸੁਵੰਨੇ ਲਿਬਾਸ ਪਾਂਦੀ ਹੈ -- ਪੂਜ ਗੁਸਾਈਂ ਬਾਬਾ ਸੰਤ, ਸਤਿਗੁਰ ਜੀ ਮਹਾਰਾਜ ਮਹੰਤ । ਕੁਝ ਫਿਰਕੂ ਕੁਝ ਗਦੀਦਾਰ, ਛੜੇ ਛਾਂਟ ਕੁਝ ਸਣ ਪਰਵਾਰ । ਭਾਂਤ ਭਾਂਤ ਦੇ ਪਹਿਨ ਲਿਬਾਸ, ਉਪਜ ਪਈ ਇਕ ਸੰਤ-ਕਲਾਸ । ਪ੍ਰਮੇਸ਼ਰ ਦੇ ਸੋਲ ਏਜੰਟ, ਮਜ਼ਬ ਨੂੰ ਰਖ ਲੈਣ ਸਟੰਟ । ਲੰਮਾ ਚੋਗਾ ਅੱਖਾਂ ਲਾਲ, ਕੱਠਾ ਕਰਦੇ ਫਿਰਨਾ ਮਾਲ । ਮਠ ਮੰਦਰ ਦੇਹੁਰਾ ਗੁਰਧਾਮ, ਜੋ ਚਾਹਿਆਂ ਰਖ ਲੈਣਾ ਨਾਮ । ਕਿਸੇ ਬੜੇ ਤੋਂ ਨੀਂਹ ਰਖਵਾ ਦੇਣੀ ਕਿਤੇ ਉਸਾਰੀ ਲਾ । (ਨਵਾਂ ਜਹਾਨ) | ਇਥੇ ਹੀ ਬਸ ਨਹੀਂ, ਇਹੋ ਜਿਹੇ ਸੰਤ ਮਰਜ਼ੀ ਨਾਲ ਠਾ-ਦੁਆਰੇ ਬਣਾ ਲੈਂਦੇ ਹਨ । ਹੱਥ ਵਿਚ ਮਾਲਾ ਤੇ ਕੱਛ ਵਿਚ ਛੁਰੀ ਰਖਦੇ ਹਨ । ਮੂਹ ਵਿਚ ਮੰਤਰ ਹੁੰਦਾ ਹੈ ਅਤੇ ਇੰਜ ਉਹ ਪੂਜਾ ਦਾ ਢੋਂਗ ਰਚਾ ਕੇ ਰੋਟੀ ਦਾ ਉਪਰਾਲਾ ਕਰਦੇ ਹਨ ਜਾਂ ਇਉਂ ਕਹੋ ਕਿ 'ਰੋਟੀਆਂ ਕਾਰਨ ਹੀ ਉਹ ‘ਤਾਲ ਪੂਰਦੇ ਹਨ - ਨਾ ਕੋਈ ਠਾਕੁਰ ਤੇ ਨਾ ਕੋਈ ਪੂਜਕ, ਸਭ ਰੋਟੀ ਦੇ ਉਪਰਾਲੇ । ਚਿੱਟੀਆਂ ਪਗਾਂ ਤੇ ਦੂਹਰੇ ਟਿਕੇ, ਅੰਦਰੋਂ ਹਿਰਦੇ ਕਾਲੇ ।