ਪੰਨਾ:Alochana Magazine August 1960.pdf/20

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪ੍ਰਤੱਖ ਹੈ ਕਿ ਜੇ ਇਕ ਮੰਡਪੀ ਰੂਪ ਦੀ ਇਕਸਾਰ ਦੀਰਘ-ਕਾਲੀਨ ਨਿਰੰਤਰਤਾ ਕਾਰਣ ਨਾਟਕੀਯ ਸੱਤਾ ਵਿਚ ਤੋਟ ਪੈਦਾ ਹੋਣ ਦੀ ਸੰਭਾਵਨਾ ਹੁੰਦੀ ਹੈ, ਤਾਂ ਕਲਾ ਦੇ ਗਤੀ-ਪ੍ਰਵਾਹ ਵਿਚ ਠਲ੍ਹ ਦਾ ਪਰਵੇਸ਼ ਉਸ ਹਾਲਤ ਵਿਚ ਹੋਰ ਵੀ ਨਿਸਚਿਤ ਹੋ ਜਾਂਦਾ ਹੈ, ਜਦੋਂ ਪਰੰਪਰਾ ਵਿਰਸੇ ਦੇ ਗੁਣਾਂ ਔਗੁਣਾਂ ਦੇ ਸਹੀ ਨਿਰਣੇ ਵਿਚ ਸੰਕੋਚ ਵਰਤ ਕੇ ਕਈ ਵੇਰ ਔਗਣਾਂ ਦੇ ਵੀ ਪ੍ਰਮਾਣੀਕਰਣ ਦੀ ਚੇਸ਼ਟਾ ਕੀਤੀ ਜਾਂਦੀ ਹੈ । ਜੋ, ਪ੍ਰਾਪਤ ਸਥਿਤੀ ਵਿਚ, ਪੰਜਾਬੀ ਨਾਟ-ਪਰੰਪਰਾ ਦੀ ਸ੍ਵਸਥ-ਬ੍ਰਿਤੀ ਹਿੱਤ ਹਰਚਰਨ ਸਿੰਘ ਦੀ ਕਲਾਤਮਕ ਚੇਤੰਨਤਾ ਦਾ ਵਿਸ਼ਲੇਸ਼ਣਾਤਮਕ ਅਧਿਐਨ ਇਕ ਸ਼੍ਰੇਸ਼ਟ ਲੋੜ ਹੈ ।

ਸਰਬ ਸਿੱਧ ਹੈ ਕਿ ਹਰਚਰਨ ਸਿੰਘ ਦੇ ਕੁਝ ਇਕ ਨਾਟਕ ਜਿਵੇਂ 'ਕਮਲਾ ਕੁਮਾਰੀ', ‘ਰਾਜਾ ਪੋਰਸ’ ਤੇ 'ਦੂਰ ਦੁਰਾਡੇ ਸ਼ਹਿਰੋਂ' ਉਸ ਦੇ ਮੁਢਲੇ ਪ੍ਰਯੋਗਸ਼ੀਲ ਕਾਲ ਦੀਆਂ ਰਚਨਾਵਾਂ ਹਨ ਤੇ ਇਸ ਕਾਰਣ ਕਲਾਤਮਕ ਪ੍ਰਾਪਤੀ ਵਜੋਂ ਉਸ ਦੀਆਂ ਪਿਛਲੇਰੇ ਕਾਲ ਦੀਆਂ ਰਚਨਾਵਾਂ ਦੀ ਤੁਲਨਾ ਵਿਚ ਬਹੁਤ ਅਲਪ-ਨਿੱਗਰ ਹਨ । ਪ੍ਰਤਿਪਾਦਨ ਵਿਚ ਰੂਪਾਤਮਕ ਨਿਯੰਤ੍ਰਣ ਦੀ ਤੋਟ, ਵਾਰਤਾਲਾਪ ਵਿਚ ਭਾਵਾਤਮਕ ਵਿਚਾਰਤੱਤਾਂ ਦਾ ਅਣ-ਨਾਟਕੀ ਸੰਚਾਰ ਤੇ ਵਸਤੂ-ਸੰਕਲਪ ਤੇ ਪਾਤਰ ਉਸਾਰੀ ਵਿਚ ਉਪਭਾਵਕ ਆਦਰਸ਼ਵਾਦ ਦੀ ਤੀਬਰ ਗਤੀ ਕਾਰਣ ਉਸ ਦੀਆਂ ਇਹ ਰਚਨਾਵਾਂ ਪਿਛਲੇਰੀਆਂ ਰਚਨਾਵਾਂ ਦੀ ਕਲਾਤਮਕਤਾ ਦੇ ਟਾਕਰੇ ਵਿਚ ਬਹੁਤ ਅਪ੍ਰਾਮਾਣਿਕ ਹਨ । ਇਉਂ ਉਸ ਦੀ ਕਲਾਤਮਕ ਚੇਤੰਨਤਾ ਤੇ ਪ੍ਰਾਪਤੀ ਦੇ ਪ੍ਰਮਾਣਿਕ ਸਰੂਪ ਦਾ ਨਿਰੀਖਣ-ਆਧਾਰ ਪਿਛਲੇਰੇ ਨਾਲ ਦੀਆਂ ਰਚਨਾਵਾਂ ਹੀ ਹੋ ਸਕਦੀਆਂ ਹਨ, ਪ੍ਰਯੋਗਾਰਥੀ ਕਾਲ ਦੀਆਂ ਨਹੀਂ । ਪ੍ਰੰਤੂ ਜਿਵੇਂ ਕਿ ਅਸੀਂ ਅਗੇ ਚਲ ਕੇ ਪ੍ਰਗਟ ਕਰਾਂਗੇ ਉਹ ਪਿਛਲੇਰੇ ਕਾਲ ਵਿਚ ਵੀ ਪ੍ਰਯੋਗ-ਸ਼ੀਲ ਕਾਲ ਦੇ ਅਲਪ-ਸਾਰਥਕ ਸੰਸਕਾਰਾਂ ਨੂੰ ਪੂਰਣ-ਭਾਂਤ ਤਿਆਗ ਸਕਣ ਵਿਚ ਸਫਲ ਨਹੀਂ ਹੋਇਆ ।

ਹਰਚਰਨ ਸਿੰਘ ਦੇ ਇਕਾਂਗੀਆਂ ਤੇ ਸੰਪੂਰਣ ਨਾਟਕਾਂ ਦੇ ਤੁਲਨਾਤਮਕ ਅਧਿਐਨ ਉਪਰੰਤ ਇਕ ਸ੍ਰੇਸ਼ਟ-ਬੁਧ ਪਾਠਕ ਸਹਿਜੇ ਹੀ ਅਨੁਭਵ ਕਰ ਸਕਦਾ ਹੈ ਕਿ ਉਸ ਦੇ ਸੰਪੂਰਣ ਨਾਟਕਾਂ ਦੀ ਰੰਗ ਮੰਚੀ ਸਫ਼ਲਤਾ ਬਹਰਮੁਖੀ ਨਾਟਕੀਅਤਾ ਅਤੇ ਸਾਡੇ ਅਲਪ-ਬੁੱਧੀਮਾਨ ਲੋਕ-ਸਮੂਹ ਨੂੰ ਭਾਉਣ ਵਾਲੀ ਉਪਭਾਵਕ ਪਾਤਰ-ਉਸਾਰੀ ਉੱਤੇ ਨਿਰਭਰ ਹੋਣ ਕਾਰਣ ਕਲਾਤਮਕ ਦ੍ਰਿਸ਼ਟੀ ਤੋਂ ਯੋਗ ਭਾਂਤ ਸਾਰਥਕ ਨਹੀਂ ਹੈ । ਇਸ ਪ੍ਰਕਰਣ ਵਿਚ ਇਕਾਂਗੀਆਂ ਦੀ ਸਫ਼ਲਤਾ ਆਮ ਕਰ ਕੇ ਕਾਫ਼ੀ ਸੰਤੋਖ-ਮਈ ਸਿੱਧ ਹੁੰਦੀ ਹੈ ।

ਸੰਪੂਰਣ ਨਾਟਕ ਵਿਚ ਜ਼ਿੰਦਗੀ ਦੇ ਗਤੀਸ਼ੀਲ ਅਥਵਾ ਚਲ-ਚਿਤਰ ਨੂੰ ਸਾਂਭਣਾ ਹੁੰਦਾ ਹੈ, ਜਿਥੇ ਕਿ ਇਕਾਂਗੀ ਵਿਚ ਜੀਵਨ ਦਾ ਇਕਾਗਰ ਪੱਖ ਹੀ ਪ੍ਰਕਾਸ਼ਿਤ ਹੁੰਦਾ ਹੈ । ਜੀਵਨ ਦਾ ਗਤੀਸ਼ੀਲ ਚਿਤਰ ਹੋਣ ਦੇ ਨਾਤੇ ਸੰਪੂਰਣ ਨਾਟਕ ਅਵੱਸ਼ ਹੀ

੧੮