ਪੰਨਾ:Alochana Magazine February 1963.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਗਧ ਕਰਨ ਵਾਲੇ ਬਿੰਬਾਂ ਤੋਂ ਛੁਟ ਇਸ ਕਵਿਤਾ ਵਿਚ ਹੋਰ ਕੁਝ ਨਾ ਹੁੰਦਾ, ਤਾਂ ਇਸ ਦੀ ਪ੍ਰਭਾਵਕ ਸ਼ਕਤੀ ਇੰਨੀ ਡੂੰਘੀ ਨਾ ਹੁੰਦੀ । ਕਵੀ ਨੇ ਇਸ ਵਿਚ ਇਨ੍ਹਾਂ ਬਲਵਾਨ ਬਿੰਬਾਂ ਦੀ ਖਿੱਚ ਦੇ ਟਾਕਰੇ ਉਤੇ ਦਿਲ ਦੇ ਡੂੰਘੇ ਭਾਵ ਖੜੇ ਕੀਤੇ ਹਨ, ਜੋ ਇਨ੍ਹਾਂ ਸਭ ਵਸਤਾਂ ਤੇ ਇਨ੍ਹਾਂ ਤੋਂ ਵਡੀਆਂ ਹੋਰ ਖਿਉੱਚ ਖਿੱਚਾਂ ਨੂੰ ਤਿਆਗ ਕੇ ਕਿਸੇ ਉਚੇਰੇ ਆਦਰਸ਼ ਵਲ ਤਾਂਘਦੇ ਹਨ । ਦਿਲ ਦੇ ਇਨ੍ਹਾਂ ਡੂੰਘੇ ਭਾਵਾਂ ਦਾ ਅਨੁਭਵ, ਜਿਸ ਨੂੰ ਪ੍ਰਗਟ ਕਰਨ ਵਿਚ ਸੁੰਦਰ ਬਿੰਬ ਵੀ ਸਾਧਨ ਬਣਦੇ ਹਨ, ਇਸ ਕਵਿਤਾ ਦੀ ਉਤਮਤਾ ਦਾ ਅਸਲ ਕਾਰਨ ਹਨ ।

ਗੁਰੂ ਨਾਨਕ ਦੀ ਬਹੁਤੀ ਕਵਿਤਾ ਵਿਚ ਅਦ੍ਰਿਸ਼ਟ ਜਗਤ ਦੀ ਅਮੁਕ ਤਾਂਘ ਹੈ, ਪਰ ਦ੍ਰਿਸ਼ਟਮਾਨ ਦੁਨੀਆਂ ਨਾਲ ਉਨ੍ਹਾਂ ਦਾ ਸੰਬੰਧ ਬੇਪਰਵਾਹੀ ਦਾ ਨਹੀਂ । ਬਤੌਰ ਕਲਾਕਾਰ ਦੇ ਜਦੋਂ ਉਨ੍ਹਾਂ ਨੂੰ ਦ੍ਰਿਸ਼ਟਮਾਨ ਦੀ ਕਿਸੇ ਘਟਨਾ, ਅਵਸਥਾ ਜਾਂ ਵਸਤ ਦਾ ਜ਼ਿਕਰ ਕਰਨਾ ਪੈਂਦਾ ਹੈ ਤਾਂ ਉਹ ਉਸ ਨਾਲ ਪੂਰਾ ਨਿਆਂ ਕਰਦੇ ਹਨ ! ਰਬ ਦੀ ਵਡਿਆਈ ਲਈ ਤਾਂ ਉਨ੍ਹਾਂ ਦੀ ਕਲਮ ਨੇ ਅਵੱਸ਼ ਉਤਸ਼ਾਹ ਵਿਚ ਆਉਣਾ ਹੀ ਹੋਇਆ ਤੇ ਰਬ ਦੇ ਨਿਕਟਵਰਤੀ ਗੁਰੂ ਜਾਂ ਗੁਰਮੁਖ ਦੀ ਉਪਮਾ ਲਈ ਭੀ, ਪਰ ਜਦੋਂ ਉਹ ਕਿਸੇ ਸੰਸਾਰੀ ਮਨੁਖ ਦੀ ਵਡਿਆਈ ਦਾ ਜ਼ਿਕਰ ਕਰਦਿਆਂ ਵੀ ਆਪਣੀ ਸ਼ੈਲੀ ਦਾ ਕਮਾਲ ਦਰਸਾਉਂਦੇ ਹਨ ਤਾਂ ਖੁਸ਼ੀ ਭਰੀ ਹੈਰਾਨੀ ਹੁੰਦੀ ਹੈ ।

'ਮੋਤੀ ਤ ਮੰਦਰ ਉਸਰਹਿ ਰਤਨੀ ਹੋਹਿ ਜੜਾਉਂ’ ਸਤਰ ਵਿਚ ਇਕ ਦ੍ਰਿਸ਼ਟਮਾਨ ਵਸਤ ਦਾ ਵਰਨਣ ਸਿਖਰ ਤੇ ਪੁਜਾ ਹੋਇਆ ਹੈ । ਗੁਰੂ ਨਾਨਕ ਨੇ ਇਕ ਕੀਮਤੀ ਤੇ ਸੁੰਦਰ ਮਕਾਨ ਦਾ ਜ਼ਿਕਰ ਕਰਨਾ ਸੀ । ਲੰਮੇ ਚੌੜੇ ਜਾਂ ਰੰਗ ਬਰੰਗੇ ਜਾਂ ਸੁੰਦਰ ਪਥਰਾਂ ਜਾਂ ਸੋਨੇ ਚਾਂਦੀ ਨਾਲ ਉਸਰੇ ਮਕਾਨ ਦੇ ਵਰਨਣ ਨੂੰ ਉਨ੍ਹਾਂ ਦੀ ਕਲਮ ਨੇ ਪਰਵਾਨ ਨਹੀਂ ਕੀਤਾ, ਉਨ੍ਹਾਂ ਦੀ ਕਲਪਨਾ ਵਧ ਤੋਂ ਵਧ ਅਮੀਰ ਤੇ ਸੁੰਦਰ ਮਕਾਨ ਦਾ ਸੰਕਲਪ ਘੜਦੀ ਹੈ ਤੇ ਰਤਨਾਂ, ਮੋਤੀਆਂ ਦੇ ਮੰਦਰ ਨਾਲ ਕਵਿਤਾ ਦਾ ਆਰੰਭ ਕਰ ਕੇ ਪਾਠਕਾਂ ਦੀਆਂ ਅੱਖਾਂ ਚਾਣਚਕ ਚੁੰਧਿਆ ਦੇਂਦੀ ਹੈ । ਕਵਿਤਾ ਦੀ ਪਹਲੀ ਸਤਰ ਐਸੀ ਉਚੀ ਸੁਰ ਵਿਚ ਰਚੀ ਗਈ ਹੈ ਕਿ ਪਾਠਕਾਂ ਦੀ ਕਲਪਨਾ ਨੂੰ ਸਾਧਾਰਨ ਆਲੇ ਪੁਦਾਲੇ ਵਿਚੋਂ ਇਕ ਧੱਕੇ ਜੇਹੇ ਨਾਲ ਕਢ ਕੇ ਕਲਾ ਦੀ ਦੁਨੀਆਂ ਵਿਚ ਪੁਚਾ ਦੇਂਦੀ ਹੈ । ਇਸ ਦੁਨੀਆਂ ਵਿਚ ਮੋਤੀਆਂ, ਰਤਨਾਂ, ਜਿਹੀਆਂ ਵਚਿਤ੍ਰ ਵਸਤਾਂ ਦੀ ਚਮਕ ਪਾਠਕਾਂ ਨੂੰ ਇੰਨੀ ਪਿਆਰੀ ਲੱਗਦੀ ਹੈ ਕਿ ਉਹ ਕਵਿਤਾ ਦੀ ਸੁੰਦਰਤਾ ਨਾਲ ਕੀਲੇ ਜਾਂਦੇ ਹਨ । 'ਮੋਤੀ' ਤੇ 'ਰਤਨ’ ਦੋ ਐਸੇ ਸ਼ਬਦ ਹਨ, ਜਿਨਾਂ ਨਾਲ ਕਈ ਤਰਾਂ ਦੇ ਗੁਝੇ ਤੇ ਪਰਤੱਖ ਭਾਵ ਜੜ੍ਹੇ ਹੋਏ ਹਨ । ਇਨ੍ਹਾਂ ਦੇ ਸੁਣਨ ਨਾਲ ਸਭ ਤੋਂ ਪਹਲੋਂ ਇਨ੍ਹਾਂ ਦੀ ਲਿਸ਼ਕ ਤੇ ਚਮਕ ਦਾ ਸੰਕਲਪ ਅੱਖਾਂ ਨੂੰ ਮਸਤਾਉਂਦਾ ਜਾਪਦਾ ਹੈ । ਫਿਰ ਇਨ੍ਹਾਂ ਦੇ ਬੇਬਹਾ ਮੁੱਲ ਦੀ ਯਾਦ ਇਨ੍ਹਾਂ

੧੧