ਪੰਨਾ:Alochana Magazine February 1963.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ । ੧॥

ਜਿਸ ਕਵੀ ਦੇ ਅੰਦਰੋਂ ਡੂੰਘੀ ਹੁਕ ਉਠਦੀ ਹੈ ਕਿ ਉਸ ਦਾ ਮਨ ਅਜਿਹੇ ਸੁੰਦਰ ਤੇ ਅਮੋਲਕ ਮੰਦਰ ਨੂੰ ਵੇਖ ਕੇ ਲੁਭਾਇਮਾਨ ਨਾ ਹੋਵੇ, ਉਹ ਨਿਸਚੇ ਇਸ ਤੋਂ ਬਹੁਤ ਵਡੀ ਸੁੰਦਰਤਾ ਦੀ ਖਿੱਚ ਨਾਲ ਭਰਪੂਰ ਹੈ । ਗੁਰੂ ਨਾਨਕ ਰਬ ਨਾਲ ਆਪਣੇ ਪ੍ਰੇਮ-ਭਾਵਾਂ ਦੀ ਤੀਬਰਤਾ ਦਾ ਸੁਝਾ ਬੜੇ ਕਲਾ-ਪੂਰਤ ਢੰਗ ਨਾਲ ਦੇਂਦੇ ਹਨ । ਬਜਾਏ ਰਬ ਦੀ ਦੈਵੀ ਖਿੱਚ ਦਾ ਸਿਧਾ ਵਰਨਣ ਕਰਨ ਦੇ ਉਹ ਇਕ ਅਜਿਹੀ ਸੰਸਾਰੀ ਖਿਚ ਦਾ ਵਰਨਣ ਕਰਦੇ ਹਨ, ਜਿਸ ਦਾ ਤ੍ਰਿਸਕਾਰ ਕਰਨਾ ਉਨ੍ਹਾਂ ਦੀ ਡੂੰਘੀ ਲਾਲਸਾ ਹੈ ਤ੍ਰਿਸਕਾਰ ਭਾਵਾਂ ਦੀ ਡੂੰਘਾਈ ਉਨ੍ਹਾਂ ਦੇ ਪ੍ਰੇਮ-ਭਾਵਾਂ ਦੀ ਤੀਬਰਤਾ ਦਾ ਨਾਪ ਬਣ ਜਾਂਦੀ ਹੈ । ਜ਼ੋਰਦਾਰ ਸ਼ੈਲੀ ਨਾਲ ਦ੍ਰਿਸ਼ਟਮਾਨ ਵਸਤ ਦਾ ਜ਼ਿਕਰ ਉਹ ਇਸ ਲਈ ਨਹੀਂ ਕਰਦੇ ਕਿ ਉਨਾਂ ਦੀ ਕਾਵਿ-ਬਿਰਤੀ ਸਥੁਲ ਸੁੰਦਰਤਾ ਦਾ ਰਸ ਮਾਨਣ ਦੀ ਇਛਕ ਹੈ, ਸਗੋਂ ਇਸ ਲਈ ਕਿ ਪਹਲੋਂ ਸੁੰਦਰ ਮੰਦਰ ਦੀ ਬਲਵਾਨ ਖਿੱਚ ਦਾ ਸੰਕਲਪ ਪਾਠਕਾਂ ਵਿਚ ਜਮਾ ਕੇ ਪਿਛੋਂ ਇਸ ਦੀ ਤੁਛਤਾ ਦੇ ਵਰਨਣ ਦੁਆਰਾ ਉਹ ਰਬੀ ਖਿੱਚ ਦੀ ਤੀਬਰਤਾ ਬਹੁਤ ਸਫਲਤਾ ਨਾਲ ਸੁਝਾ ਸਕਦੇ ਹਨ । ਇਹ ਟਾਕਰੇ ਦਾ ਕਲਾ-ਨਮੂਨਾ ਉਨ੍ਹਾਂ ਨੇ ਇਸ ਕਵਿਤਾ ਵਿਚ ਤਿੰਨ ਵਾਰੀ ਫਿਰ ਦੁਹਰਾਇਆ ਹੈ ; ਚਾਰ ਬੰਦਾਂ ਵਿਚ ਰਬੀ ਪ੍ਰੇਮ ਦੇ ਟਾਕਰੇ ਉਤੇ ਸੰਸਾਰੀ ਕੀਮਤਾਂ ਦੇ ਵਖੋ ਵਖ ਰੂਪ ਲਇਆ ਕੇ ਪ੍ਰੇਮ ਉਤੇ ਆਪਣੇ ਦ੍ਰਿੜ ਸਿਦਕ ਦਾ ਪ੍ਰਗਟਾ ਕੀਤਾ ਹੈ । ਜਿਹੜੀ ਕੀਮਤ ਪ੍ਰੇਮ ਦੇ ਰਾਹ ਵਿਚ ਰੋੜਾ ਬਣਦੀ ਹੈ, ਉਹ ਹੋਰ ਕਿਸੇ ਕਸੌਟੀ ਉਤੇ ਕਿੰਨੀ ਵੀ ਮਹਾਨ ਹੋਵੇ, ਗੁਰੂ ਨਾਨਕ ਲਈ ਤੁਛ ਹੈ । ਸੁੰਦਰ ਮਕਾਨ ਬਨਾਉਣ ਦੀ ਸਿੱਕ ਹਰ ਦੌਲਤਮੰਦ ਮਨੁਖ ਦੇ ਮਨ ਵਿਚ ਉਪਜਦੀ ਹੈ । ਮਹਲ ਮਾੜੀਆਂ ਬਖਤਾਵਰੀ ਦਾ ਚਿੰਨ੍ਹ ਹਨ, ਪਰ ਦੌਲਤ ਦੀ ਚਮਕ ਦਮਕ ਤੋਂ ਚੁਧਿਆਏ ਜਾਣ ਵਾਲੇ ਮਨੁਖ ਨਾਲੋਂ ਸੁੰਦਰ-ਇਸਤ੍ਰੀ ਦੇ ਜਾਦੂ ਹੇਠ ਆਇਆ ਮਨੁਖ ਵਧੇਰੀ ਬਲਵਾਨ ਖਿੱਚ ਦਾ ਸ਼ਿਕਾਰ ਹੁੰਦਾ ਹੈ । ਗੁਰੂ ਨਾਨਕ ਇਸ ਖਿੱਚ ਨੂੰ ਭੀ ਉਸੇ ਬੇਬਾਕੀ ਨਾਲ ਤਿਆਗ ਸਕਦੇ ਹਨ, ਜਿਸ ਨਾਲ ਸੁੰਦਰ ਮਕਾਨਾਂ ਨੂੰ :

ਧਰਤੀ ਤ ਹੀਰੇ ਲਾਲ ਜੜਤਿ ਪਲਘਿ ਲਾਲ ਜੜਾਉ ।

ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ ।

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ।੨।

ਹੀਰੇ ਤੇ ਲਾਲ ਅਤਿਅੰਤ ਦੁਰਲਭ ਵਸਤਾਂ ਹਨ, ਟਾਵੇਂ ਧਨਾਢ ਘਰਾਂ ਵਿਚ ਇਨ੍ਹਾਂ ਜੋਗੀ ਪੂਜਤ ਹੁੰਦੀ ਹੈ, ਉਥੇ ਭੀ ਇਨ੍ਹਾਂ ਨੂੰ ਡਬਿਆਂ ਸੰਦੂਕਾਂ ਵਿਚ ਸੁਰਖਿਤ ਕੀਤਾ ਜਾਂਦਾ ਹੈ । ਪਰ ਗੁਰੂ ਨਾਨਕ ਦੇ ਕਾਵਿ-ਜਗਤ ਵਿੱਚ ਹੀਰੇ ਲਾਲ

੧੩