ਸੰਪਾਦਕੀ
ਸਾਡੇ ਦੇਸ਼ ਉੱਤੇ ਅਕਾਰਨ ਹੀ ਇਕ ਫ਼ੌਜੀ ਹਮਲਾ ਕਰਕੇ ਚੀਨ ਸਰਕਾਰ ਨੇ ਜੋ ਕੌਮੀ ਸੰਕਟ ਪੈਦਾ ਕਰ ਦਿਤਾ ਹੈ, ਉਸ ਵਿੱਚ ਲੇਖਕ ਦਾ ਖਾਸ ਤੌਰ ਤੇ ਅਤੇ ਸਾਰੇ ਬੁਧੀ-ਜੀਵੀ ਲੋਕਾਂ ਦਾ ਆਮ ਤੌਰ ਤੇ ਕੀ ਫਰਜ਼ ਹੈ ? ਇਹ ਪ੍ਰਸ਼ਨ ਅਨੇਕ ਪਧਰਾਂ ਤੇ ਉਠਾਇਆ ਜਾ ਚੁੱਕਾ ਹੈ । ਲੇਖਕ, ਲੇਖਕ ਹੋਣ ਤੋਂ ਪਹਿਲਾਂ ਦੇਸ਼ ਦਾ ਇਕ ਨਾਗਰਿਕ ਹੈ । ਲੇਖਕ ਹੋਣ ਦੇ ਨਾਤੇ ਉਸ ਦੀ ਆਵਾਜ਼ ਦੇਸ਼ ਵਾਸੀ ਵਧੇਰੇ ਸਤਿਕਾਰ ਨਾਲ ਸੁਣਦੇ ਹਨ । ਇਸ ਲਈ ਇਹ ਜ਼ਰੂਰੀ ਹੈ ਕਿ ਉਹ ਆਪਦੀ ਲੇਖਣੀ ਰਾਹੀਂ ਲੋਕਾਂ ਦੀਆਂ ਭਾਵਨਾਵਾਂ ਦੀ ਨ ਕੇਵਲ ਪ੍ਰਤਿਨਿਧਤਾ ਹੀ ਕਰੇ ਸਗੋਂ ਉਨ੍ਹਾਂ ਨੂੰ ਦਾਅ ਤੇ ਲਗੀਆਂ ਗੱਲਾਂ ਦੀ ਡੂੰਘੀ ਚੇਤਨਤਾ ਦੇ ਕੇ ਵਧੇਰੇ ਕੁਰਬਾਨੀਆਂ ਲਈ ਵੀ ਟੁੰਬੇ ਤੇ ਪਰੇਰੇ । ਪੰਜਾਬੀ ਕਵਿਤਾ ਦੀ ਪ੍ਰੰਪਰਾ ਦਾ ਮੁੱਢ ਬੰਨ੍ਹਣ ਵਾਲੇ ਮਹਾਨ ਕਵੀ ਗੁਰੂ ਨਾਨਕ ਦੇਵ ਜੀ ਨੇ ਬਾਬਰਵਾਣੀ ਨਾਲ ਸਬੰਧਿਤ ਆਪਣੇ ਸ਼ਬਦਾਂ ਵਿੱਚ ਰਤਨਾਂ ਵਰਗੇ ਆਪਣੇ ਦੇਸ਼ ਦੀ ਬਰਬਾਦੀ ਉਤੇ ਹੰਝੂ ਵੀ ਵਹਾਏ ਹਨ ਤੇ ਆਪਣੇ ਲੋਕਾਂ ਤੇ ਆਪਣੇ ਲੋਕਾਂ ਦੇ ਰੱਬ ਨੂੰ ਭੀ ਵੰਗਾਰ ਪਾਈ ਹੈ ਕਿ-
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ।
ਗੁਰੂ ਨਾਨਕ ਦੇਵ ਜੀ ਦੀ ਤੋਰੀ ਇਹ ਪ੍ਰੰਪਰਾ ਆਪਣੇ ਸੂਰਬੀਰਾਂ, ਸ਼ਹੀਦਾਂ ਦੇਸ਼ ਭਗਤਾਂ ਦੀਆਂ ਅਦੁੱਤੀ ਕੁਰਬਾਨੀਆਂ ਦੇ ਸੋਹਲੇ ਗਾਉਂਦੀ ਅਗੇ ਤੁਰਦੀ ਹੈ । ਗੁਰੂ ਗੋਬਿੰਦ ਸਿੰਘ ਜੀ ਚੰਡੀ ਦੀ ਵਾਰ ਦੇ ਅੰਤ ਉਤੇ ਇਹ ਵਾਰ ਰਚਣ ਦਾ ਤੇ ਇਉਂ ਆਪਣਾ ਸਾਰਾ ਸਾਹਿੱਤ ਰਚਣ ਦਾ ਮਨੋਰਥ ਇਨ੍ਹਾਂ ਸ਼ਬਦਾਂ ਵਿੱਚ ਅੰਕਿਤ ਕਰਦੇ ਹਨ ।
“ਕਥਾ ਸ੍ਰੀ ਭਗਉਤ ਕੀ ਭਾਖਾ ਕਰੀ ਬਨਾਇ,
ਅਵਰ ਵਾਸ਼ਨਾ ਨਾਹਿ ਮੋਹ ਧਰਮ ਯੁਧ ਕਾ ਚਾਇ।”
ਅੱਜ ਸਾਡੇ ਲੇਖਕ ਦੇ ਮੋਢਿਆਂ ਉਤੇ ਫੇਰ ਇਹ ਜ਼ੁੰਮੇਵਾਰੀ ਆਣ ਪਈ ਹੈ ਕਿ ਉਹ ਆਪਣੇ ਲੋਕਾਂ ਦੇ ਨਾਲ ਹੋ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਵਿੱਚ ਉਨਾਂ ਦਾ ਸਾਥ ਭੀ ਦੇਵੇ, ਉਨ੍ਹਾਂ ਦਾ ਹੌਸਲਾ ਭੀ ਵਧਾਏ; ਉਨ੍ਹਾਂ ਨਾਲ ਜੂਝੇ ਭੀ, ਉਨਾਂ ਨੂੰ ਜੂਝਣ ਲਈ ਪਰੇਰੇ ਭੀ । ਇਸੇ ਹੀ ਖਿਆਲ ਨੂੰ ਅੱਖਾਂ ਸਾਹਮਣੇ ਰਖਦੇ ਹੋਏ ਪੰਜਾਬੀ ਸਾਹਿਤਕਾਰਾਂ ਦੀਆਂ ਦੋ ਪ੍ਰਮੁਖ ਸੰਸਥਾਵਾਂ ਪੰਜਾਬੀ ਸਾਹਿੱਤ ਅਕਾਡਮੀ ਅਤੇ
੧