ਪੰਨਾ:Alochana Magazine February 1963.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਵੇਖ ਕੇ ਅਸੀਂ ਚਕ੍ਰਿਤ ਰਹ ਜਾਂਦੇ ਹਾਂ ਕਿ ਇਸ 'ਬੀਮਾਰ-ਮਾਨਸਿਕ ਉਲਝਣ ਵਾਲੀ ਦੁਨੀਆਂ ਵਿੱਚ ਜ਼ੋਰਬਾ ਜ਼ਜਬਾਤੀ ਅਸੰਤੁਲਨ ਅਤੇ ਪਾਗ਼ਲ ਕਰ ਦੇਣ ਵਾਲੀਆਂ ਚਿੰਤਾਵਾਂ ਤੋਂ ਬਿਲਕੁਲ ਅਣਭਿੱਜ ਰਹਿੰਦਾ ਹੈ ਅਤੇ ਨਾ ਹੀ ਵਹਮਾਂ ਅਤੇ ਭੁਲੇਖਿਆਂ ਦਾ ਉਸ ਉਤੇ ਕੁਝ ਅਸਰ ਹੁੰਦਾ ਹੈ । ਉਸਦੇ ਆਲੇ ਦੁਆਲੇ ਦੇ ਮਨੁਖਾਂ ਦੀ ਤਰਸਯੋਗ ਹਾਲਤ ਸਗੋਂ ਉਸ ਵਿੱਚ ਹਿੰਮਤ ਅਤੇ ਹੌਸਲਾ ਵਧਾਂਦੀ ਹੈ । ਅਸੀਂ ਇਸ ਅਸੁਖਾਵੇਂ ਵਿਚਾਰ ਤੋਂ ਨਹੀਂ ਬੱਚ ਸਕਦੇ ਕਿ ਇਹ ਪਰਮ-ਮਨੁਖੀ ਆਦਰਸ਼ ਨੂੰ ਵਡਿਆਉਣ ਦਾ ਜਤਨ ਹੈ । ਹਰ ਮਨੁਖੀ ਮਾਪ ਤੋਂ ਬਾਹਰੀ ਇਹ ਇਕ ਤਰਫ਼ਾ ਝਾਤ ਹੈ । ਫਿਰ ਭੀ ਜ਼ੋਰਬਾ ਵਿੱਚ ਮਨੁਖੀ ਨਿੱਘ, ਖੁਸ਼ੀ ਅਤੇ ਸਾਥੀ-ਪਿਆਰ ਦੀ ਝਲਕ ਦਿੱਸ ਪੈਂਦੀ ਹੈ । ਉਸ ਵਿੱਚ ਨਰਮੀ ਕੁੱਟ ਕੁੱਟ ਕੇ ਭਰੀ ਹੋਈ ਹੈ ਅਤੇ ਉਹ ਦੁਸਰੇ ਉੱਪਰ ਦਇਆ ਦ੍ਰਿਸ਼ਟੀ ਨਾਲ ਭੀ ਵੇਖ ਸਕਦਾ ਹੈ । ਉਸ ਦਾ ਸਥਾਨ ਨਿਸ਼ਚੇ ਹੀ ਸਾਹਿਤ ਦੇ ਮਹਾਨ ਯਾਦਗਾਰੀ ਚਰਿਤੱਰਾਂ, ਫਾਲਸਟਾਫ਼, ਸੰਚੋ ਪਾਂਜਾਂ, ਅਤੇ,'ਸਿੰਦਬਾਦ ਜਹਾਜ਼ੀ’ ਦੀ ਸਫ਼ ਵਿੱਚ ਹੈ ।

ਪਰ ਸਭ ਤੋਂ ਵੱਧ ਚਿੰਤਾ ਜਨਕ ਹੈ ਕਜ਼ਾਨਜ਼ਾਈਕਸ ਦਾ ਔਰਤ ਦਾ ਅਰਧ ਮਾਨਵੀ ਚਿੱਤਰਣ ਜਿਵੇਂ ਉਹ ਨਿਰੀ ਵਾਸ਼ਨਾ ਪੂਰਤੀ ਲਈ ਹੋਵੇ, ਇੱਕ ਅਜਹੀ ਵਸਤੂ ਹੋਵੇ ਜਿਸ ਉਤੇ ਤਰਸ ਖਾਣ ਅਤੇ ਜਿਸ ਨੂੰ ਬਚਾਉਣ ਦੀ ਲੋੜ ਹੋਵੇ : ਉਸ ਦਾ ਵਿਚਾਰ ਸ਼ਾਮਾ ਦੀ ਇਸ ਧਾਰਣਾ ਦੇ ਪ੍ਰਤੀਕੂਲ ਹੈ ਕਿ ਇਸਤਰੀ ਜੀਵਨ ਸ਼ਕਤੀ ਲਈ ਇਕ ਸਾਧਨ ਹੈ, ਅਤੇ ਇਸ ਵਿੱਚੋਂ ਆਦਿਕਾਲੀ ਮੁਨਕਰੀਅਤ (Paganism) ਅਤੇ ਤੁਰਕੀ ਸੁਖਵਦ (Hedonism) ਦੀ ਦੁਰਗੰਧ ਆਉਦੀ ਹੈ ਜੇਹੜੀ ਕਦੀ ਭੀ ਪ੍ਰਵਾਨ ਨਹੀਂ ਚੜ੍ਹ ਸਕਦੀ ।

ਬਿਆਨ ਵਿੱਚ ਲਚਕ ਅਤੇ ਰਵਾਨੀ ਹੈ ਅਤੇ ਇਸ ਵਿੱਚੋਂ ਸੂਝ, ਜਜ਼ਬਿਆਂ ਦਾ ਉਭਾਰ ਅਤੇ ਜੀਵਨ ਦਾ ਸਵਾਦ ਮਿਲਦਾ ਹੈ । ਇਹ ਇਕ ਰੌਚਕ ਕਥਾ ਹੈ। ਜਿਸ ਵਿੱਚ ਮਨੁਖ ਦੀ ਆਪੇ ਨੂੰ ਪਛਾਣਨ ਅਤੇ ਕਿਸਮਤ ਨੂੰ ਮੁੜ ਘੜਨ ਲਈ ਲੜੇ ਜਾ ਰਹੇ ਘੋਲਾਂ ਦਾ ਚਿਤਰਣ ਹੈ । ਇਸ ਵਿੱਚ ਕਰਮਸ਼ੀਲਤਾਂ ਲਈ ਇਕ ਵੰਗਾਰ ਹੈ, ਕਿਉਂਕਿ ਕਰਮਸ਼ੀਲਤਾ ਹੀ ਜੀਵਨ ਨੂੰ ਅਰਥ ਪ੍ਰਦਾਨ ਕਰਦੀ ਹੈ ਅਤੇ ਇਤਿਹਾਸ ਨੂੰ ਪ੍ਰਗਤੀ, ਬਖ਼ਸਦੀ ਹੈ ।

ਇਹ ਪੁਸਤਕ ਹਰ ਸੱਚੇ ਸਾਹਿਤ ਪ੍ਰੇਮੀ ਨੂੰ ਪੜ੍ਹਨੀ ਅਤੇ ਖਰੀਦਣੀ ਚਾਹੀਦੀ ਹੈ । ਇਸ ਕਿਤਾਬ ਨੂੰ ਪੜ੍ਹ ਕੇ ਇੱਕ ਹਲੂਣਾ ਅਤੇ ਇੱਕ ਉਤੇਜਨਾ ਮਿਲਦੀ ਹੈ ।

੨੮