ਪੰਨਾ:Alochana Magazine February 1963.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹਨਾਂ ਸਾਰੀਆਂ ਗਲਾਂ ਦਾ ਉੱਤਰ ਸਾਨੂੰ ਭਾਸ਼ਾ ਵਿਗਿਆਨ ਦੇਂਦਾ ਹੈ । ਭਾਸ਼ਾ ਵਿਗਿਆਨ ਰਾਹੀਂ ਸਾਨੂੰ ਉਹਨਾਂ ਕਾਰਣਾਂ ਤੇ ਢੰਗਾਂ ਦੀ ਜਾਣਕਾਰੀ ਵੀ ਹੁੰਦੀ ਹੈ, ਜਿਨ੍ਹਾਂ ਰਾਹੀਂ ਇਕ ਭਾਸ਼ਾ ਦੁਸਰੀ ਭਾਸ਼ਾ ਦੇ ਸ਼ਬਦਾਂ ਨੂੰ ਤਤਸਮ, ਅਰਧਤਤਸਮ ਜਾਂ ਤਦਭਵ ਰੂਪਾਂ ਵਿੱਚ ਗ੍ਰਹੁਣ ਕਰਦੀ ਹੈ । ਅੱਜ ਸਾਡੀ ਭਾਸ਼ਾ ਪੰਜਾਬੀ ਵਿੱਚ ਅਣਗਿਣਤ ਸ਼ਬਦ ਅੰਗਰੇਜ਼ੀ, ਅਰਬੀ ਤੇ ਫ਼ਾਰਸੀ ਦੇ ਸ਼ਾਮਲ ਹਨ, ਜਿਹੜੇ ਸਾਡੀ ਜ਼ਬਾਨ ਵਿੱਚ ਇਉਂ ਰਚ ਮਿਚ ਗਏ ਹਨ ਕਿ ਇਹਨਾਂ ਨੂੰ ਵੱਖਰਾ ਕਰ ਸਕਣਾ ਲਗਭਗ ਅਸੰਭਵ ਹੈ । ਇਹ ਸ਼ਬਦ ਕਿਵੇਂ, ਕਿੰਨ੍ਹਾਂ ਪ੍ਰਸਥਿਤੀਆਂ ਤੇ ਕਿਹੜੇ ਰੂਪਾਂ ਵਿੱਚ ਗ੍ਰਹੁਣ ਕੀਤੇ ਗਏ, ਇਸ ਦਾ ਉੱਤਰ ਭਾਸ਼ਾ ਵਿਗਿਆਨ ਪਾਸ ਹੈ ।

ਭਾਸ਼ਾ ਵਿਗਿਆਨ ਕੇਵਲ ਜੀਉਂਦੀਆਂ ਜਾਂ ਵਿਗਸਤ ਬੋਲੀਆਂ ਦਾ ਵਿਵੇਚਨ ਹੀ ਨਹੀਂ ਕਰਦਾ, ਸਗੋਂ ਲੋਪ ਹੋ ਚੁਕੀਆਂ ਜਾਂ ਮਰ ਚੁਕੀਆਂ ਬੋਲੀਆਂ ਦਾ ਵੀ ਅਧਿਐਨ ਕਰਦਾ ਹੈ । ਇਸ ਦੇ ਖੇਤਰ ਵਿੱਚ ਸਾਹਿਤਕ, ਅਣਸਾਹਿਤਕ, ਸ਼ੁੱਧ ਤੇ ਅਸ਼ੁਧ ਸਾਰੀਆਂ ਬੋਲੀਆਂ ਆ ਜਾਂਦੀਆਂ ਹਨ । ਇਸ ਦੀ ਕੋਈ ਸੀਮਾ ਨਹੀਂ । ਹੋਰ ਦੇਸ਼ ਤੇ ਹਰ ਕਾਲ ਦੀਆਂ ਬੋਲੀਆਂ ਇਸ ਦੇ ਘੇਰੇ ਦੀ ਲਪੇਟ ਵਿੱਚ ਆਉਂਦੀਆਂ ਹਨ । ਸੋ ਅਸੀਂ ਕਿਸੇ ਵੀ ਭਾਸ਼ਾ ਦੇ ਸਰੂਪ ਦੀ ਵਿਗਿਆਨਕ ਵਿਆਖਿਆ ਤੇ ਅਧਿਐਨ ਨੂੰ ਭਾਸ਼ਾ ਵਿਗਿਆਨ ਕਹਿੰਦੇ ਹਨ, ਪਰ ਵਿਗਿਆਨਕ ਵਿਆਖਿਆ ਓਨਾਂ ਚਿਰ ਨਹੀਂ ਹੋ ਸਕਦੀ ਜਿੰਨੀ ਦੇਰ ਤਕ ਕਿਸੇ ਭਾਸ਼ਾ ਦਾ ਇਤਿਹਾਸਕ ਤੇ ਤੁਲਨਾਤਮਕ ਅਧਿਐਨ ਨਾ ਕੀਤਾ ਜਾਵੇ । ਇਕ ਭਾਸ਼ਾ ਦੇ ਪੁਰਾਣੇ ਇਤਿਹਾਸ ਨੂੰ ਘੋਖਣ ਪੜਤਾਲਣ, ਵਖ ਵਖ ਕਾਲਾਂ ਵਿੱਚ ਉਸ ਵਿੱਚ ਹੋਣ ਵਾਲੀਆਂ ਤਬਦੀਲੀਆਂ ਦਾ ਅਧਿਐਨ, ਇਤਿਹਾਸਕ ਅਧਿਐਨ ਹੈ ਤੇ ਦੂਸਰਿਆਂ ਭਾਸ਼ਾਵਾਂ (ਦੇਸੀ ਬਦੇਸੀ) ਨਾਲ ਟਾਕਰਾ ਕਰ ਕੇ ਦੋਹਾਂ ਵਿਚਲੀ ਸਾਂਝ ਤੇ ਅੰਤਰ ਨੂੰ ਜਾਚਣਾ, ਉਹਨਾਂ ਦੇ ਕਾਰਨਾਂ ਨੂੰ ਲਭਣਾ ਤੁਲਨਾਤਮਕ ਅਧਿਐਨ ਹੈ । ਇਸ ਤਰ੍ਹਾਂ ਭਾਸ਼ਾ ਦੇ ਇਤਿਹਾਸਕ ਤੇ ਤੁਲਨਾਤਮਕ ਅਧਿਐਨ ਨੂੰ, ਜਿਸ ਦਾ ਘੇਰਾ ਅਤਿਅੰਤ ਵਿਆਪਕ ਹੈ, ਨੂੰ ਭਾਸ਼ਾ ਵਿਗਿਆਨ ਆਖਦੇ ਹਨ ।

ਉਪਯੋਗਤਾ-

ਉਂਜ ਤਾਂ ਕੋਈ ਵੀ ਵਿਗਿਆਨ, ਸਾਡੇ ਗਿਆਨ ਵਿੱਚ ਵਾਧਾ ਕਰਦਾ ਹੈ ਤੇ ਗਿਆਨ ਦਾ ਵਾਧਾ ਹੀ ਸਭ ਤੋਂ ਵਡਾ ਉਪਯੋਗੀ ਗੁਣ ਹੈ, ਪਰ ਭਾਸ਼ਾ ਵਿਗਿਆਨ ਦੇ ਪਰਵੇਸ਼ ਨਾਲ ਭਾਸ਼ਾਵਾਂ ਦੇ ਸ਼ਬਦ-ਅਰਥਾਂ ਵਿੱਚ ਜਿਨ੍ਹਾਂ ਕਾਰਣਾਂ ਕਰ ਕੇ ਅਨੋਖੀਆਂ ਤਬਦੀਲੀਆਂ ਆਉਂਦੀਆਂ ਹਨ, ਉਹਨਾਂ ਤੋਂ ਪਰਦਾ ਚੁਕਿਆ ਗਇਆ ਹੈ । ਕਈ ਵਾਰ ਇਕੋ ਸ਼ਬਦ ਦੋ ਜਾਂ ਬਹੁਤੇ ਅਰਥਾਂ ਵਿਚ ਪ੍ਰਯੁਕਤ

੩੫