ਪੰਨਾ:Alochana Magazine February 1963.pdf/40

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਵੀ ਆਖਿਆ ਜਾ ਸਕਦਾ ਹੈ । ਉਨ੍ਹਾਂ ਦੇ ਆਗਮ, ਲੋਪ, ਸਮਾਸ, ਉਪਸਰਗ ਤੇ ਵਿਭਗਤੀਆਂ ਆਦਿ ਨੂੰ ਇਸ ਵਿਚ ਇਤਿਹਾਸਕ ਤੇ ਤੁਲਨਾਤਮਕ ਦ੍ਰਿਸ਼ਟੀ ਤੋਂ ਵਿਚਾਰਿਆ ਜਾਂਦਾ ਹੈ ।

੩. ਧੁਨੀ-ਵਿਚਾਰ:- ਧੁਨੀ ਦਾ ਭਾਸ਼ਾ ਵਿਚ ਬੜਾ ਮਹਤਵਪੂਰਣ ਸਥਾਨ ਹੈ । ਕਈ ਵਾਰੀ ਬੋਲਣ ਵਾਲੇ ਵੱਲ ਤੱਕਣ ਤੋਂ ਬਿਨਾਂ ਹੀ ਅਸੀਂ ਕੇਵਲ ਉਸ ਦੀ ਅਵਾਜ਼ ਦੀ ਤਰਜ਼ (tone of voice) ਤੋਂ ਹੀ ਉਸ ਦੇ ਵਾਕ ਦੇ ਅਰਥ ਤੋਂ ਜਾਣੂ ਹੋ ਜਾਂਦੇ ਹਾਂ । ਭਰੇ ਹੋਏ ਗਲੇ ਦੇ ਬੋਲ, ਕ੍ਰੋਧ ਵਿਚ ਤਲਮਲਾਂਦੇ ਵਿਅਕਤੀ ਦੇ ਬੋਲ, ਪ੍ਰੇਮ-ਵੇਗ ਵਿਚ ਕੰਬਦੇ ਬੋਲ, ਬੋਲਣ ਵਾਲੇ ਦੇ ਮਨ ਦੀ ਝਲਕ ਆਪ ਮੁਹਾਰੇ ਹੀ ਦੇ ਜਾਂਦੇ ਹਨ । ਇਸੇ ਤਰ੍ਹਾਂ ਸ਼ਬਦ ਦੇ ਕਿਸੇ ਭਾਗ ਤੇ ਵਧੇਰੇ ਜ਼ੋਰ ਦੇਣ ਨਾਲ ਅਰਥ ਜਾਂ ਭਾਵ ਵਿਚ ਅੰਤਰ ਪੈ ਜਾਂਦਾ ਹੈ । ਜਿਵੇਂ ‘ਰਾਮ ਮੈਨੂੰ ਮਾਰਦਾ ਹੈ’ ਵਾਕ ਵਿਚ 'ਮਾਰਦਾ ਹੈ' ਸ਼ਬਦ ਉੱਤੇ ਜ਼ੋਰ ਦੇਣ ਨਾਲ ਕੇਵਲ ਮਾਰਨ ਦੀ ਸ਼ਕਾਇਤ ਪ੍ਰਤੀਤ ਹੁੰਦੀ ਹੈ । 'ਮੈਨੂੰ' ਉੱਤੇ ਜ਼ੋਰ ਦੇਣ ਨਾਲ ਇਹ ਭਾਵ ਪ੍ਰਗਟ ਹੁੰਦਾ ਹੈ ਕਿ ਰਾਮ ਸਿਰਫ ਮੈਨੂੰ ਹੀ ਮਾਰਦਾ ਹੈ ਹੋਰ ਕਿਸੇ ਨੂੰ ਨਹੀਂ, ਤੇ ‘ਰਾਮ’ ਸ਼ਬਦ ਉਤੇ ਬਲ ਦੇਣ ਨਾਲ ਇਹ ਅਰਥ ਨਿਕਲਦਾ ਹੈ ਕਿ ਮੈਨੂੰ ਮਾਰਨ ਵਾਲਾ ਰਾਮ ਹੈ ।

ਇਸ ਤੋਂ ਛੁਟ ਸ਼ਬਦ ਪਰੀਵਰਤਨ ਦੇ ਕਾਰਣਾ ਉਤੇ ਵਿਚਾਰ ਕਰਨ ਸਮੇਂ ਸਾਨੂੰ ਧੁਨੀ-ਵਿਚਾਰ ਦਾ ਆਸਰਾ ਲੈਣਾ ਪੈਂਦਾ ਹੈ । ਬਹੁਤ ਸਾਰੇ ਸ਼ਬਦਾਂ ਵਿਚ ਤਬਦੀਲੀ ਦਾ ਕਾਰਣ ਵੱਖ ਵੱਖ ਦੇਸ਼ਾਂ, ਕੌਮਾਂ ਤੇ ਵਿਅਕਤੀਆਂ ਦੇ ਉਚਾਰਣ ਵਿੱਚ ਅੰਤਰ ਹੁੰਦਾ ਹੈ ।

੪. ਅਰਥ-ਵਿਚਾਰ:- ਅਰਥ-ਵਿਚਾਰ ਵਿੱਚ ਅਸੀਂ ਦੇਖਦੇ ਹਾਂ ਕਿ ਸ਼ਬਦਾਂ ਤੇ ਅਰਥਾਂ ਦਾ ਪਾਰਸਪਰਿਕ ਸੰਬੰਧ ਕੀ ਹੈ । ਸ਼ਬਦ ਦੇ ਅਰਥ ਕਿਵੇਂ ਤੇ ਕਿਨ੍ਹਾਂ ਹਾਲਤਾਂ ਵਿੱਚ ਬਦਲਦੇ ਹਨ । ਉਦਾਹਰਣ ਵਜੋਂ ਵੈਦਿਕ ਸੰਸਕ੍ਰਿਤ ਦੇ ਸ਼ਬਦ 'ਅਸੁਰ' ਦਾ ਅਰਥ ਦੇਵਤਾ ਤੇ 'ਸੁਰ' ਦਾ ਅਰਥ ਦੈਂਤ, ਹੁਣ ਉਲਟੇ ਅਰਥਾਂ ਵਿੱਚ ਪਰੀਵਰਤਿਤ ਹੋ ਕੇ 'ਸੁਰ’ ਦੇਵਤਾ ਤੇ 'ਅਸੁਰ’ ਦੈਂਤ ਬਣ ਗਇਆ ਹੈ । ਇਸ ਤਰ੍ਹਾਂ ਦੀਆਂ ਤਬਦੀਲੀਆਂ ਦੇ ਕਾਰਣਾਂ ਦੀ ਖੋਜ, ਇਤਹਾਸਕ ਤੇ ਤੁਲਨਾਤਮਕ ਅਧਿਐਨ ਅਨੁਸਾਰ ਕਰਨੀ 'ਅਰਥ-ਵਿਚਾਰ'ਦੇ ਘੇਰੇ ਵਿੱਚ ਆਉਂਦੀ ਹੈ । ਇਸ ਤੋਂ ਛੁਟ ਸ਼ਬਦਾਰਥ ਵਿੱਚ ਪ੍ਰਕਿਰਤੀ, ਪ੍ਰਤਯੈ ਆਦਿ ਕੀ ਮਦਦ ਕਰਦੇ ਹਨ, ਇਹ ਵੀ ਅਰਥ ਵਿਚਾਰ ਵਿੱਚ ਦੇਖਿਆ ਜਾਂਦਾ ਹੈ । ਅਰਥ ਵਿਚਾਰ ਇਕ ਬਹੁਝ ਹੀ ਰੌਚਿਕ ਤੇ ਲੋੜੀਂਦਾ ਵਿਸ਼ਾ ਹੈ !

੩੮