ਪੰਨਾ:Alochana Magazine February 1963.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰੋ: ਸੰਤ ਸਿੰਘ ਸੇਖੋਂ−

ਉੱਤਰ-ਪ੍ਰਗਤਿਵਾਦੀ ਪੰਜਾਬੀ ਸਾਹਿਤ


ਸੁਤੰਤਰਤਾ ਦੀ ਪ੍ਰਾਪਤੀ ਤੋਂ ਪਿਛੋਂ ਹੀ ਨਹੀਂ, ਸਗੋਂ ਇਸ ਤੋਂ ਕੁਝ ਚਿਰ ਪਹਲਾਂ, ਜਦੋਂ ਦੂਜੇ ਸੰਸਾਰ-ਯੁਧ ਤੋਂ ਪਿਛੋਂ ਸੁਤੰਤਰਤਾ ਦੇ ਆਗਮਨ ਦੀ ਆਸ ਪ੍ਰਬਲ ਹੋ ਚੁਕੀ ਸੀ, ਭਾਰਤ ਵਿੱਚ ਅਤੀਤਵਾਦੀ ਧਾਰਾਵਾਂ ਕੁਝ ਬਲ ਪਕੜਨ ਲਗ ਗਈਆਂ । ਭਾਰਤ ਦੀ ਕਾਂਗਰਸ ਲਹਰ ਵਿੱਚ ਭੀ, ਜਿਸ ਦੇ ਉੱਦੇਸ਼ ਸੁਤੰਤਰਤਾ ਦੇ ਸੰਗਰਾਮੀ ਕਾਲ ਵਿੱਚ ਵਿਅਕਤ ਰੂਪ ਵਿਚ ਪ੍ਰਗਤਿਵਾਦੀ, ਸਗੋਂ ਕਾਂਤੀਕਾਰੀ ਸਨ, ਇਨ੍ਹਾਂ ਧਾਰਾਵਾਂ ਨੇ ਆਪਣਾ ਘਰ ਬਣਾ ਲਇਆ । ਜਿਵੇਂ ਕੋਈ ਮਨੁਖ ਇਕ ਡਰਾਉਣੀ ਸਥਿਤੀ ਵਿਚ ਕਈ ਪ੍ਰਕਾਰ ਦੀਆਂ ਸਮਇਕ ਸ਼ਕਤੀਆਂ ਨੂੰ ਮੰਨਣ ਲਗ ਪੈਂਦਾ ਹੈ, ਤੇ ਉਸ ਸਥਿਤੀ ਵਿੱਚੋਂ ਨਿਕਲ ਕੇ ਉਨ੍ਹਾਂ ਸ਼ਕਤੀਆਂ ਦੀ ਸਹਾਇਤਾ ਦੀ ਥਾਉਂ ਆਪਣੀ ਮੁਕਤੀ ਦਾ ਕਾਰਣ ਆਪਣੇ ਬਲ ਤੇ ਯਤਨ ਨੂੰ ਸਮਝਣ ਲਗ ਜਾਂਦਾ ਹੈ; ਇਸੇ ਪ੍ਰਕਾਰ ਅੰਗਰੇਜ਼ੀ ਸੰਗਰਾਮ ਵਿਰੁਧ ਸਮਾਗਮ ਵਿੱਚ ਭਾਰਤ ਦੀ ਕਾਂਗਰਸ ਲਹਰ ੧੯੪੬-੪੭ ਤਕ ਸਮਾਜਵਾਦੀ ਲਹਰਾਂ ਤੇ ਦੇਸ਼ਾਂ ਤੇ ਉਨ੍ਹਾਂ ਦੇ ਉੱਦੇਸ਼ਾਂ ਨੂੰ ਆਪਣੇ ਸਹਾਇਕ ਮੰਨਦੀ ਰਹੀ, ਪਰ ੧੯੪੭ ਤੋਂ ਪਿੱਛੋਂ ਇਸ ਦਾ ਆਤਮ-ਅਭਿਮਾਨ ਕੁਝ ਅਧਿਕ ਹੀ ਵਧ ਗਇਆ, ਤੇ ਇਸ ਵਿਚ ਤੇ ਇਸ ਤੋਂ ਬਾਹਰ ਦੀਆਂ ਅਤੀਤਵਾਦੀ ਧਾਰਾਵਾਂ ਤਾਂ ਨੰਗੇ ਰੂਪ ਵਿਚ ਪ੍ਰਗਟ ਹੋ ਪਈਆਂ, ਤੇ ਸਮਾਜਵਾਦੀ ਉੱਦੇਸ਼ਾਂ ਤੇ ਲਹਰਾਂ ਦੇ ਵਿਰੋਧ ਤਕ ਉੱਤਰ ਆਈਆਂ ।

ਇਸ ਪ੍ਰਸਥਿਤੀ ਵਿੱਚ ਭਾਰਤੀ ਤੇ ਪੰਜਾਬੀ ਸਾਹਿਤ ਵਿੱਚ ਵੀ ਕੁਝ ਅਜੇਹੇ ਵਿਚਾਰ ਉਠਣੇ ਆਰੰਭ ਹੋਏ, ਜਿਹੜੇ ਸਮਾਜਵਾਦ ਤੋਂ ਵਿਮੁਖ ਸਨ । ਭਾਰਤ ਦੀ ਰਾਜਸੀ ਸਥਿਤੀ ਵਿਚ ਕਾਂਗਰਸ ਤੇ ਪ੍ਰਗਤਿਵਾਦੀ ਕ੍ਰਾਂਤੀਕਾਰੀ ਪਾਰਟੀਆਂ, ਕਮਊਨਿਸਟਾਂ ਤੇ ਸੋਸ਼ਲਿਸਟਾਂ ਵਿਚਕਾਰ ਵਿਰੋਧ ਹੋ ਜਾਣ ਤੇ ਕਾਂਗਰਸ ਦੀ ਪ੍ਰਭਤਾ ਦੇ ਵਧ ਜਾਣ ਕਾਰਣ, ਭਾਰਤੀ ਤੇ ਪੰਜਾਬੀ ਬੌਧਿਕ, ਕਲਾਰਥੀ ਤੇ ਸਾਹਿਤਕ ਮੰਡਲਾਂ ਵਿੱਚ ਭੀ ਇਕ ਭਾਂਤ