ਪੰਨਾ:Alochana Magazine February 1963.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਜਾਗ ਇਤਨੀ ਤਕੜੀ ਨਹੀਂ ਲਗੀ ਹੋਈ ਸੀ, ਤੇ ਉਹਨਾਂ ਲਈ ਆਪਣੀ ਜਵਾਨ ਉਮਰ ਵਿਚ ਰੋਮਾਂਸਵਾਦ ਨੂੰ ਮੱਧਮ ਰਖਣਾ ਔਖਾ ਸੀ । ਉਹਨਾਂ ਨੇ ਭੀ ਕੁਝ ਹਦ ਤਕ ਮੋਹਨ ਸਿੰਘ ਵਾਲਾ ਢੰਗ ਹੀ ਵਰਤਣਾ ਸ਼ੁਰੂ ਕੀਤਾ, ਅਰਥਾਤ ਕਾਂਤੀਕਾਰੀ ਤੇ ਰੋਮਾਂਸਵਾਦੀ ਵਖਰੀਆਂ ਵਖਰੀਆਂ ਧਾਰਾਵਾਂ ਵਿਚ ਕਵਿਤਾਵਾਂ ਰਚੀਆਂ, ਪਰ ਛੇਤੀ ਹੀ ਉਹਨਾਂ ਵਿਚ ਕ੍ਰਾਂਤੀਕਾਰੀ ਮਾਰਕਸਵਾਦੀ ਰੁਚੀ ਕਮਜ਼ੋਰ ਪੈਣ ਲਗ ਪਈ । ਸ਼ਾਇਦ ਦੇਸ਼ ਵਿਚ ਨਹਰੂ-ਵਾਦ ਦੀ ਚੜ੍ਹਤ, ਪੰਜ-ਵਰਸ਼ੀ ਯੋਜਨਾਵਾਂ ਦੀ ਭਾਗਸਮ ਸਫ਼ਲਤਾ ਤੇ ਅੰਤਰ-ਰਾਸ਼ਟਰੀ ਸਥਿਤੀ ਵਿੱਚ ਨਹਰੁ-ਵਾਦੀ ਨਿਰਪੱਖਤਾ ਦੀ ਸਰਵੱਤਰ ਸ੍ਰੀਕ੍ਰਿਤੀ ਨੇ ਵੀ ਇਹਨਾਂ ਨੌਜਵਾਨਾਂ ਦੀਆਂ ਕ੍ਰਾਂਤੀਕਾਰੀ ਰੁਚੀਆਂ ਨੂੰ ਕਮਜ਼ੋਰ ਕੀਤਾ ਤੇ ਉਹਨਾਂ ਵਿਚ ਜਵਾਨੀ ਵਾਲਾ ਉਹ ਅਭਿਮਾਨ ਤਕੜਾ ਕੀਤਾ, ਜੋ ਸਭ ਉੱਦੇਸ਼ਾਂ ਨੂੰ ਛਡ ਕੇ ਆਪਣੇ ਸਰੀਰਕ ਰੂਪ ਨਾਲ ਹੀ ਮੋਂਦ ਹੋ ਜਾਂਦਾ ਹੈ । ਇਹ ਯੁਵਕ ਵੀ ਛੇਤੀ ਹੀ ਆਪਣੀ ਕਵਿਤਾ ਦੀ ਰੂਪਕ ਸੁੰਦਰਤਾ ਉਤੇ ਮੋਹਿਤ ਹੋ ਗਏ ਤੇ ਇਹਨਾਂ ਵਿਚ ਸੁਹਜਵਾਦੀ ਰੁਚੀ ਪ੍ਰਬਲ ਹੋ ਗਈ । ਹਰਿਭਜਨ ਸਿੰਘ ਇਸ ਯੁਵਕ ਮੰਡਲੀ ਦਾ ਆਗੂ ਮੰਨਿਆ ਜਾ ਸਕਦਾ ਹੈ । ਉਸ ਦੇ'ਪਹਲੇ ਕਾਵਿ-ਸੰਗ੍ਰਹ, ਲਾਸਾਂ ਵਿਚ ਕ੍ਰਾਂਤੀਵਾਦ, ਨਿਰਾਸ਼ਾਵਾਦ ਤੇ ਸੁਹਜਵਾਦ ਵਖ ਵਖ ਧਾਰਾਵਾਂ ਵਿਚ ਚਲਦੇ ਪ੍ਰਤੀਤ ਹੁੰਦੇ ਹਨ, ਪਰ ਪਿਛਲੇਰੀ ਰਚਨਾ ਵਿਚ, ਜੋ ੧੯੬੧ ਵਿਚ 'ਅਧਰੈਣੀ’ ਨਾਮ ਧਾਰ ਕੇ ਪ੍ਰਕਾਸ਼ਿਤ ਹੋਈ,ਸੁਹਜਵਾਦ ਪ੍ਰਬਲ ਹੋ ਗਇਆ ਹੈ । ਇਹ ਹੀ ਹਾਲ ਤਖਤ ਸਿੰਘ ਤੇ ਹੋਰ ਪਿਛੋਂ ਆਉਣ ਵਾਲੇ ਕਵੀਆਂ, ਸੁਖਬੀਰ, ਜਗਤਾਰ ਤੇ ਸ਼ਿਵ ਕੁਮਾਰ ਦਾ ਹੈ । ਇਸ ਪ੍ਰਕਾਰ ਨਵੀਨ ਪੰਜਾਬੀ ਕਵਿਤਾ ਵਿਚ ਸੁਹਜਵਾਦੀ ਧਾਰਾ ਪਹਲੀ ਉੱਤਰਪ੍ਰਗਤਿਵਾਦੀ ਘਟਨਾ ਹੈ । ਇਹ ਸੁਹਜਵਾਦ ਪੰਜਾਬੀ ਸਾਹਿੱਤ ਦੇ ਹੋਰ ਰੂਪਾਂ, ਨਾਵਲ, ਨਾਟਕ, ਕਹਾਣੀ ਆਦਿ ਵਿਚ ਭੀ ਵੇਖਿਆ ਜਾ ਸਕਦਾ ਹੈ ।

ਪਰ ਸੁਹਜਵਾਦ ਇਕ ਟੇਢੀ ਖੀਰ ਹੈ । ਇਹ ਰੂਪ ਦੀ ਸਾਧਨਾ ਹੈ ਜੋ ਹਰ ਇਕ ਨਹੀਂ ਕਰ ਸਕਦਾ। ਸੁਹਜਵਾਦੀ ਕਵਿਤਾ ਜਾਂ ਹੋਰ ਸਾਹਿਤ ਰਚਨਾ ਇਕ ਅਜੇਹੇ ਕਲਾ ਕੌਸ਼ਲ ਅਥਵਾ ਕਾਰੀਗਰੀ ਦੀ ਮੰਗ ਕਰਦੀ ਹੈ, ਜੋ ਹਰ ਇਕ ਯਤਨਕਾਰ ਦੇ ਵੱਸ ਦੀ ਗੱਲ ਨਹੀਂ ਹੁੰਦੀ | ਪਰ ਆਸ਼ਾ ਤੇ ਹਵਸ ਜਵਾਨ ਯਤਨਕਾਰਾਂ ਵਿੱਚ ਪ੍ਰਬਲ ਹੁੰਦੇ ਹਨ । ਕਲਾ-ਕੌਸ਼ਲ ਦੇ ਅਣਹੋਂਦ ਤੇ ਆਜ਼ਾ ਤੇ ਹਵਸ ਦੀ ਪ੍ਰਬਲਤਾ ਜਵਾਨ ਯਤਨਕਾਰਾਂ ਨੂੰ ਕਈ ਭਾਂਤ ਦੇ ਪ੍ਰਯੋਗ ਵਲ ਲੈ ਜਾਂਦੀ ਹੈ, ਜਿਨ੍ਹਾਂ ਰਾਹੀਂ ਉਹ ਆਪਣੇ ਵਿਚ ਕਲਾ ਕੌਸਲ ਦੀ ਅਣਹੋਂਦ ਨੂੰ ਹੋਰਾਂ ਤੋਂ ਹੀ ਨਹੀਂ, ਅਪਣੇ ਆਪ ਤੋਂ ਵੀ ਲੁਕਾ ਸਕਣ । ਇਹਨਾਂ ਪ੍ਰਯੋਗਵਾਦੀਆ ਦਾ ਵਿਚਾਰ ਤੇ ਉਦੇਸ਼ ਦੇ ਖੇਤਰ ਵਿਚ ਭੀ ਇਹ ਹੀ ਹਾਲ ਹੁੰਦਾ ਹੈ । ਉਧਰ ਭੀ ਉਹਨਾਂ ਵਿਚ ਉਦੇਸ਼ ਦੀ ਪ੍ਰਪੱਕਤਾ ਨਹੀਂ ਹੁੰਦੀ, ਸਗੋਂ ਇਸ ਬਾਰੇ ਕੁਝ ਉਪਰਾਮਤਾ,