ਪੰਨਾ:Alochana Magazine February 1964.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟਿਕਣ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ । ਆਪਣੀ ਇਸ ਇਕਾਗਰਤਾ ਰਾਹੀਂ ਉਹ ਇਹਨਾਂ 'ਵਿਸ਼ੇਸ਼' ਦੀ ਮਹੱਤਾ ਨੂੰ ਇਤਨਾ ਉਜਾਗਰ ਕਰਦੇ ਹਨ ਕਿ ਉਹ ਮਨੁਖੀ ਚੇਤਨਾ ਵਿਚ ਇਕ ਨਗ ਵਾਂਗੂੰ ਜੜੇ ਜਾਂਦੇ ਹਨ । ਇਸ ਨਾਤੇ ਕਵਿਤਾ ਤੇ ਵਿਗਿਆਨ ਦੋਵੇਂ ਤੀਬਰ ਇਕਾਗਰਤਾ ਦੀਆਂ ਕਿਰਿਆਵਾਂ ਹਨ । ਵਿਗਿਆਨ ਵਿਚ ਬੌਧਿਕ ਲਿਵ ਤੇ ਕਵਿਤਾ ਵਿਚ ਬਹੁਤ ਕਰਕੇ ਭਾਵਕ ਲਿਵ ਦੀ ਤਾੜੀ ਲਗਦੀ ਹੈ । ਜੇਕਰ ਕੋਈ ਕਵੀ ਜਾਂ ਵਿਗਿਆਨੀ ਆਪਣੀ ਸੁਰਤ ਨੂੰ ਉਸ ਉਚੇਰੀ ਇਕਾਗਰਤਾ ਵਿਚ ਲਿਵਲੀਨ ਨਹੀਂ ਕਰ ਸਕਦਾ ਜਿਸ ਦੀ ਮੰਗ ਉਸ ਦੀ ਕਿਰਿਆ ਕਰਦੀ ਹੈ ਤਾਂ ਉਹ ਆਪਣੀ ਕਿਰਿਆ ਜਾਂ ਕਲਾ ਵਿਚ ਅਸਫਲ ਰਹ ਜਾਂਦਾ ਹੈ ।

ਕਵੀ ਤੇ ਵਿਗਿਆਨੀ ਦੋਵੇਂ ਸੰਕੇਤਕ ਵਿਧੀਆਂ ਦੀ ਵਰਤੋਂ ਕਰਦੇ ਹਨ । ਹਬਰਟ ਰੀਡ ਅਨੁਸਾਰ ਵਿਗਿਆਨੀ ਚਿੰਨ੍ਹਾਂ (signs) ਦੀ ਵਰਤੋਂ ਕਰਦਾ ਹੈ ਤੇ ਕਵੀ ਪ੍ਰਤੀਕਾਂ (symbols) ਦੀ । ਚਿੰਨ੍ਹਾਂ ਤੇ ਪ੍ਰਤੀਕਾਂ ਵਿਚ ਰੀਡ ਓਹੋ ਅੰਤਰ ਮੰਨਦਾ ਹੈ ਜੋ ਸੂਜ਼ਨ ਲੈਂਗਰ ਨੇ ਮਿਥਿਆ ਹੈ । ਸ੍ਰੀਮਤੀ ਲੈਂਗਰ ਦੀ ਨਜ਼ਰ ਵਿਚ ਪ੍ਰਤੀਕ ਸਾਨੂੰ ਕਿਸੇ ਵਸਤੂ ਦਾ ਚਿੰਤਨ ਕਰਾਉਂਦਾ ਹੈ ਤੇ ਚਿੰਨ੍ਹ ਕਿਸੇ ਵਸਤੂ ਦੇ ਅਰਥਾਂ ਨੂੰ ਨਜਿੱਠਣ ਦਾ ਵਸੀਲਾ ਬਣਦਾ ਹੈ । ਪਰ ਚਾਰਲਜ ਮੌਰਿਸ ਚਿੰਨ੍ਹਾਂ ਤੇ ਪ੍ਰਤੀਕਾਂ ਵਿਚਲੇ ਇਸ ਅੰਤਰ ਨੂੰ ਅਸਪਸ਼ਟ ਤੇ ਆਵੱਸ਼ਕ ਸਮਝਦਾ ਹੈ ਤੇ ਇਹਨਾਂ ਨੂੰ "ਲਗ-ਭਗ ਸਮਾਨ-ਅਰਥੇ" ਮੰਨਦਾ ਹੈ । ਅਸਲ ਵਿਚ ਹਰ ਉਹ ਸੰਕੇਤਕ ਵਿਧੀ ਜੋ ਅਰਥਾਂ ਦਾ ਵਾਹਨ ਹੈ, ਚਿੰਨ੍ਹ ਹੈ । ਤੇ ਇਸ ਲੇਖੇ ਕਵੀ ਤੇ ਵਿਗਿਆਨੀ ਦੋਵੇਂ ਇਕੇ ਤਰ੍ਹਾਂ ਦੀਆਂ ਵਿਧੀਆਂ ਦੀ ਵਰਤੋਂ ਕਰਦੇ ਹਨ ।

ਕਵਿਤਾ ਤੇ ਵਿਗਿਆਨ ਦੀਆਂ ਸਮਾਨਤਾਵਾਂ ਦੀ ਇਸ ਲੰਮੀ ਸੂਚੀ ਵਿਚ ਇਕ ਹੋਰ ਸਮਾਨਤਾ ਉਚੇਚੇ ਜ਼ਿਕਰ ਦੀ ਹਕਦਾਰ ਜਾਪਦੀ ਹੈ : ਇਹ ਹੈ ਦੋਹਾਂ ਦੀ ਚਿਰਜੀਵਤਾ ਦਾ ਉਹਨਾ ਦੀ ਪਰਮਾਣਿਕਤਾ (validity) ਉਪਰ ਨਿਰਭਰ ! ਵਿਗਿਆਨ ਦੀ ਪਰਮਾਣਿਕਤਾ ਇਸ ਗਲ ਵਿਚ ਹੈ ਕਿ ਉਸ ਦੇ ਬ੍ਰਹਮੰਡ ਵਿਚ ਪ੍ਰਵਾਨੇ ਹਰ ਤੱਥ (fact) ਨੂੰ ਕੋਈ ਭੀ ਯੋਗ-ਅਭਿਆਸੀ ਪਰਤਿਆ ਕੇ ਵੇਖ ਸਕਦਾ ਹੈ । ਭਾਵੇਂ ਕੋਈ ਭੀ ਇਹਨਾਂ ਤੱਥਾਂ ਨੂੰ ਪਰਤਿਆਵੇ, ਸਦਾ ਇਕੋ ਹੀ ਸਿੱਟਾ ਨਿਕਲਣਾ ਚਾਹੀਦਾ ਹੈ । ਕਵਿਤਾ ਦੀ ਪਰਮਾਣਿਕਤਾ ਇਸ ਗਲ ਵਿਚ ਹੈ ਕਿ ਉਸ ਦੇ ਬ੍ਰਹਮੰਡ ਵਿਚ ਪ੍ਰਵਾਨੇ ਭਾਵਾਂ ਨੂੰ ਹਰ ਸੁਹਜ਼-ਅਭਿਆਸੀ ਰਸਿਕ-ਸੂਝਵਾਨ ਮਾਣਦਿਆਂ ਇਕੋ ਜਹੀ ਵਿਸਮਾਦੀ ਅਵਸਥਾ ਵਿਚ ਅੱਪੜ ਜਾਂਦਾ ਹੈ । ਹਰ ਕਵੀ ਤੇ ਹਰ ਵਿਗਿਆਨੀ ਇਸ ਪ੍ਰਮਾਣਿਕਤਾ ਦੀ ਕਦਰ ਕਰਦਾ ਹੈ, ਤੇ ਆਪਣੀ ਕਿਰਤ ਨੂੰ ਇਸ ਦੀ ਕਸਉਟੀ ਉਪਰ ਪੂਰਿਆਂ ਉਤਾਰਨ ਦਾ ਜਤਨ ਕਰਦਾ ਹੈ ।

ਉਪਰੋਕਤ ਵਿਚਾਰਾਂ ਤੋਂ ਇਸ ਗਲ ਵਿਚ ਕੋਈ ਸੰਦੇਹ ਨਹੀਂ ਰਹਿ ਜਾਣਾ ਚਾਹੀਦਾ ਕਿ ਉੱਚੀ ਕਵਿਤਾ ਤੇ ਅਸਲ ਵਿਗਿਆਨ ਦੋਵੇਂ ਇਕ ਮਾਨਸਿਕ-ਰੁਤ ਵਿਚ ਪੁੰਗਰਦੇ ਹਨ । ਬਾਰਫ਼ੀਲਡ ਦੇ ਸ਼ਬਦਾਂ ਵਿਚ "ਵਾਸਤਵ ਵਿਚ ਗਿਆਨ ਦੀਆਂ ਸ਼ਾਖਾਵਾਂ ਹੋਣ ਦੇ

-੯-