ਪੰਨਾ:Alochana Magazine January 1957.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਵਿਤਾ ਪਾਸੋਂ ਰਸ ਪਰਾਪਤ ਨਾ ਕਰ ਸਕਣ ਦਾ ਕਾਰਣ ਕਿਧਰੇ ਇਹ ਤਾਂ ਨਹੀਂ ਸੀ, ਕਿ ਇਹਨਾਂ ਦੇ ਕਰਤਾ ਦਾ ਦਾਰਸ਼ਨਿਕ ਮਤ ਮੇਰੇ ਨਾਲੋਂ ਬਹੁਤ ਵਖਰਾ ਸੀ ; ਅਸੀਂ ਇਸ ਖੇਤਰ ਵਿਚ ਇਕ ਦੂਜੇ ਦੇ ਸੌ ਫੀ ਸਦੀ ਵਿਰੋਧ-ਭਾਵੀ ਪਰਤੀਤ ਹੁੰਦੇ ਸਾਂ। ਪਰ ਵਧੇਰੇ ਸੋਚਣ ਨਾਲ ਮੈਂ ਇਸ ਸਿੱਟੇ ਉੱਤੇ ਉਪੜ ਸਕਿਆ ਹਾਂ, ਕਿ ਨੇਕੀ ਦੀ ਕਵਿਤਾ ਵਿਚ ਸਚ ਹੀ ਇਕ ਮੂਲ-ਰੂਪੀ ਘਾਟ ਹੈ, ਜੋ ਸ਼ਾਇਦ ਨੇਕੀ ਨੂੰ ਕਵੀ ਨਾ ਬਣਨ ਦੇਵੇ । ਉਹ ਘਾਟ ਇਹ ਹੈ ਕਿ ਨੇਕੀ ਦੀ ਕਵਿਤਾ ਦਾ ਸੋਮਾ ਉਸ ਦੇ ਭਾਵਾਂ ਦਾ ਜੋਸ਼, ਕੁਲਾਹਲ ਜਾਂ ਉਤੇਜਨਾ ਨਹੀਂ। ਕਵਿਤਾ ਦਾ ਮੂਲ ਮਨੋਭਾਵ ਹੈ, ਵਿਚਾਰ ਨਹੀਂ। ਕੋਈ ਵਿਅਕਤੀ ਕਵਿਤਾ ਲਿਖਣ ਦਾ ਅਧਿਕਾਰੀ ਤਦ ਹੀ ਹੁੰਦਾ ਹੈ, ਜਦੋਂ ਉਸ ਦੇ ਜੀਵਨ ਦੇ ਵੇਗ ਵਿਚ ਕਿਸੇ ਘਟਨਾ, ਦਿਸ਼ਟਮਾਨ ਜਾਂ ਮਾਨਸਿਕ, ਨੇ ਕੋਈ ਅਜਿਹੀ ਠੱਲ ਪਾ ਦਿਤੀ ਹੋਵੇ ਜਿਸ ਨੂੰ ਉਹ ਆਪਣੀ ਵਿਚਾਰਸ਼ਕਤੀ ਨਾਲ ਆਪਣੇ ਰਾਹ ਵਿਚੋਂ ਹਟਾ ਨਾ ਸਕਦਾ ਹੋਵੇ । ਇਹ ਵੱਖਰੀ ਗੱਲ ਹੈ ਕਿ ਇਸ ਰੁਕੇ ਹੜ ਨੂੰ ਮੁੜ ਉਹ ਵਿਚਾਰ ਦੇ ਕੰਢਿਆਂ ਵਿਚ ਵਗਾ ਸਕਦਾ ਹੈ, ਪਰ ਇਹ ਸਭ ਕੰਢੇ ਭੰਨ ਕੇ ਜੀਵਨ ਨੂੰ ਇਕ ਹੜ-ਮਾਰ ਭੋਇੰ ਵਾਕਰ ਇਕ ਵਾਰੀ ਤਾਂ ਬਰਬਾਦ ਕਰ ਕੇ ਰਖ ਦੇਦਾ ਹੈ, ਭਾਵੇਂ ਪਿਛੋਂ ਅਗਲੀ ਫ਼ਸਲ ਵਿਚ ਜਾ ਕੇ ਘਾਟਾ ਪੂਰਾ ਹੀ ਹੋ ਜਾਵੇ । | ਮੈਂ ਇਸ ਗੱਲ ਨੂੰ ਇਉਂ ਵੀ ਆਖਾਂਗਾ ਕਿ ਉਹ ਲਿਖਾਰੀ ਸਚੇ ਅਰਥਾਂ ਵਿਚ ਕਵੀ ਨਹੀਂ ਅਖਵਾ ਸਕਦਾ, ਜਿਸ ਲਈ ਕਵਿਤਾ ਦੀ ਰਚਨਾ ਇਕ ਜੀਵਨਆਦਰਸ਼ ਨਹੀਂ ਬਣ ਜਾਂਦੀ । ਹੋਰ ਸਾਹਿੱਤ, ਕਹਾਣੀ, ਨਾਟਕ, ਨਾਵਲ, ਆਦਿ, ਅਸੀਂ ਸਾਰੇ ਸਾਧਾਰਣ ਸੰਯੇਤ-ਬੁਧਿ ਲੋਕ ਰਚ ਸਕਦੇ ਹਾਂ, ਪਰ ਕਵਿਤਾ ਇਕ ਅਜਿਹੇ ਵਿਅਕਤੀ ਦੇ ਰਚਣ ਜੋਗ ਵਸਤ ਨਹੀਂ। ਕਵੀ ਉਹੀ ਹੋ ਸਕਦਾ ਹੈ ਜਿਸ ਦੀ ਬਣਤ ਵਿਚ, ਜੀਵਨ ਵਿਚ, ਅਨੁਭਵ ਵਿਚ ਕੋਈ ਅਸਾਧਾਰਣਤਾ ਆ ਗਈ ਹੋਵੇ, ਜਿਸ ਅਸਾਧਾਰਣਤਾ ਨੂੰ ਉਹ ਕਵਿਤਾ ਤੋਂ ਬਿਨਾਂ ਹੋਰ ਕਿਸੇ ਤਰਾਂ ਆਪਣੇ ਅੰਦਰੋਂ ਕਢ ਨਾ ਸਕਦਾ ਹੋਵੇ । ਮਿਲਟਨ ਦੇ ਕਥਨ ਅਨੁਸਾਰ ਕਵਿਤਾ ਇਕ ਅਜਿਹਾ ਗੁਣ ਹੈ ਜਿਸ ਨੂੰ ਲਕਾਣ ਨਾਲ ਲੁਕਾਣ ਵਾਲੇ ਦਾ ਸਰੀਰ ਜਾਂ ਬੁਧੀ ਨਸ਼ਟ ਹੋ ਜਾਣ ਦਾ ਡਰ ਹੁੰਦਾ ਹੈ । ਹੋ ਸਕਦਾ ਹੈ, ਨੇਕੀ ਦੇ ਜੀਵਨ-ਵੇਗ ਵਿਚ ਵੀ ਕੋਈ ਭਾਰੀ ਰੋਕ ਹੋਵੇ, ਜਾਂ ਪੈ ਰਹੀ ਹੋਵੇ, ਜਿਸ ਨੂੰ ਉਹ ਅਗੇ ਚਲ ਕੇ ਠੀਕ ਭਾਂਤ ਦੇ ਛੰਦ ਰਾਹੀਂ ਨਜਿਠਣ ਲਗ ਜਾਵੇ । ਓਦੋਂ ਉਹ ਕਵੀ ਬਣ ਜਾਵੇਗਾ ; ਪਰ ਹਾਲੀ ਇਹਨਾਂ ਕਵਿਤਾਵਾਂ ਵਿਚ ਮੈਨੂੰ ਅਜਿਹੀ ਸੰਭਾਵਨਾ ਘੱਟ ਦਿਸਦੀ ਹੈ । [੬੩