ਪੰਨਾ:Alochana Magazine July, August and September 1986.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

84

ਆਲੋਚਨਾ/ਜੁਲਾਈ-ਸਤੰਬਰ 1986

ਅਰਜਨ ਦੀਆਂ ਸਾਨ੍ਹ ਪ੍ਰਵਿਰਤੀਆਂ ਨੂੰ ਹੋਰ ਉਤੇਜਿਤ ਕਰਨ ਵਾਲਿਆਂ ਵਿਚ ਪ੍ਰੀਤਮ ਕੈਰੋਂ, ਨੰਦ ਕੁਰ, ਸਿਆਮ ਕੁਰ, ਨੰਬਰਦਾਰ ਪਾਖਰ ਸਿੰਘ ਆਦਿ ਹਨ। ਪ੍ਰੀਤਮ ਕਾ ਟੱਬਰ ਵੀ ਕਬੀਲਾ ਪਾਲਣ ਦੀ ਭਾਵਨਾ ਅਧੀਨ ਸਰੀਕ ਉਜੜਿਆ ਵਿਹੜਾ ਮੋਕਲਾ ਦੀ ਧੁਨ ਦਾ ਪੱਕਾ ਹਰਨਾਮੀ ਨੂੰ ਉਜਾੜਨ ਦਾ ਪੂਰਾ ਟਿੱਲ ਲਾਉਦਾ ਹੈ।

ਹਰਨਾਮੀ ਦੇ ਟੱਬਰ ਨਾਲ ਇਕ ਹੋਰ ਟੱਬਰ ਨਾਜ਼ਰ ਭੇਡਾਂ ਵਾਲੇ ਦੇ ਟੱਬਰ ਦੀ ਸਾਂਝ ਵੀ ਪਸ਼ੂ ਪ੍ਰਵਿਰਤੀ ਅਧੀਨ ਕਬੀਲਾ ਬਣਾਉਣ ਲਈ ਪੈਂਦੀ ਹੈ। ਮੈਂਗਲ ਸਿੰਘ ਦਾ ਮੁੰਡਾ ਨਾਜਰ ਜ਼ਮੀਨ ਥੋੜੀ ਹੋਣ ਕਰਕੇ ਵਿਆਹਿਆ ਨਹੀਂ ਗਿਆ। ਜੰਗੀਰੇ ਨਾਈ ਨਾਲ ਸਾਂਝ ਪਾਕੇ ਭੇਡਾਂ ਬਕਰੀਆਂ ਦਾ ਧੰਦਾ ਸ਼ੁਰੂ ਕਰ ਲਿਆ। ਨਾਜਰ ਦਾ ਪਸ਼ੂਤਵ ਜਾਗਿਆ। ਉਹ ਹਰਨਾਮੀ ਵਲ ਉਲਾਰ ਹੋ ਗਿਆ; ਹਰਨਾਮੀ ਨੂੰ ਪਾਉਣ ਦੀ ਲਾਲਸਾ ਨੇ ਦੋ ਸਾਨਾਂ ਵਿਚ ਭੇੜ ਕਰਵਾ ਦਿੱਤਾ। ਦੋ ਸਾਨ੍ਹਾਂ ਦਾ ਭੇੜ ਕੋਠੇ ਖੜਕ ਸਿੰਘ ਚੁੱਪ ਦੀ ਅਵਸਥਾ ਵਿਚ ਅਲੱਗ-ਥਲੱਗ ਖੜਾ ਦੇਖਦਾ ਰਿਹਾ। ਨਾਜਰ ਨੇ ਭਾਈ ਰੂਪੇ ਕਿਆ ਦੇ ਘੀਚਰ ਬਦਮਾਸ਼ ਨਾਲ ਮਿਲਕੇ ਅਰਜਨ ਮਾਰ ਦਿੱਤਾ। ਅਰਜਨ ਮਰ ਗਿਆ। ਪਿੰਡ ਸੁੰਨ ਸਮਾਧ ਮੈਂਗਲ ਸਿੰਘ ਦੇ ਕਹਿਣ ਅਨੁਸਾਰ 'ਝੋਟਿਆਂ ਢੱਟਿਆਂ ਤੇ ਭੀੜਾਂ ਸੰਘੀੜਾਂ ਪੈਂਦੀਆਂ ਹੀ ਹੁੰਦੀਐ' ਹਰਨਾਮੀ ਤੇ ਨਾਜਰ ਦਾ ਟਬਰ ਮੁਕੱਦਮੇ ਵਿਚ ਫਸਿਆ ਨਾਲ ਜੰਗੀਰਾ ਨਾਈ, ਝੰਡੇ ਅਤੇ ਪ੍ਰੀਤਮ ਦਾ ਟੱਬਰ ਅਰਜਨ ਤੇ ਹਰਨਾਮੀ ਦੀ ਜਮੀਨ ਸਾਂਭਣ ਦੀਆਂ ਸਕੀਮਾਂ ਵਿਚ ਰੁੱਝ ਗਿਆ। ਮੁਕੱਦਮਾ ਚਲਿਆ। ਨਾਭੇ ਪੇਸ਼ੀਆਂ। ਨਾਭੇ ਆਲੇ ਰਾਜੇ ਦੇ ਇਨਸਾਫ ਦੀਆਂ ਗੱਲਾਂ। ਪੇਸ਼ੀ ਲਈ ਘਰੋਂ ਦੋ ਧੜੇ ਚਲਦੇ ਪਰ ਨਾਭੇ ਜਾਂਦਿਆਂ ਗੱਡੀ ਦੇ ਇਕ ਡੱਬੇ ਵਿਚ ਬੈਠ ਕੇ ਆਪਸ ਵਿਚ ਗੱਲਾਂ ਕਰਦੇ! ਪਸ਼ੂਆਂ ਦੇ ਇਕੱਠੇ ਚਲਣ ਬੈਠਣ ਦੀ ਰੂੜੀ ਦਾ ਸਮਾਨ ਮੋਟਿਫ਼।

ਹਰਨਾਮੀ, ਨਾਜਰ ਅਤੇ ਜੰਗੀਰੇ ਨੂੰ ਕੈਦ ਹੋ ਗਈ। ਹਰਨਾਮੀ ਜੇਹਲੋਂ ਆਈ ਤਾਂ ਪਸ਼ੂ ਵਾਂਗ ਘੀਚਰ ਹੁਰਾਂ ਨੇ ਰਾਹ ਵਿਚ ਹੀ ਰੱਸਾ ਫੜਕੇ ਡੂਮਆਲੀ ਫੌਜੀ ਦਸੌਂਧਾ ਸਿੰਘ ਕੋਲ ਵੇਚ ਦਿੱਤੀ। ਕੋਠੇ ਖੜਕ ਸਿੰਘ ਲਈ ਪਿੰਡ ਵਿਚੋਂ ਕੋਈ ਗਾਂ, ਮੈਂਹ ਜਾਂ ਹਰਨਾਮੀ ਵਿਕ ਗਈ ਕੋਈ ਫਰਕ ਨਹੀਂ। ਸਗੋਂ ਏਨਾ ਜ਼ਰੂਰ ਸੀ ਕਿ ਇਹ ਪਿੰਡ ਵਿਕ ਗਈ ਹਰਨਾਮੀ ਨੂੰ ਖੱਟਰ, ਕੌੜ, ਹਰਿਆਰ ਪਸ਼ੂ ਸਮਝਦਾ ਸੀ ਆਮ ਸਧਾਰਨ ਔਰਤ ਵਾਂਗ ਸੀਲ ਗਊ ਮੱਝ ਨਹੀਂ। ਨਾਜਰ ਤੇ ਜੰਗੀਰਾ ਛੁਟ ਕੇ ਆਏ ਤਾਂ ਪਿੰਡ ਵਿਚ ਕੋਈ ਹੈਰਾਨੀ ਜਾਂ ਹਲਚਲ ਨਹੀਂ ਸੀ। ਨਾਜਰ ਹਰਨਾਮੀ ਨੂੰ ਡੂਮਆਲੀ ਤੋਂ ਵਾਪਸ ਲੈ ਆਇਆ। ਪਿੰਡ ਨੇ ਆਪਣੇ ਰਵੇ ਵਿਚੋਂ ਸਮਝਕੇ ਫਿਰ ਖੁਰਲੀ ਤੇ ਬੰਨ੍ਹ ਲਈ। ਕਈ ਊਧਮੂਲ ਨਹੀਂ, ਕੋਈ ਪ੍ਰਤੀਕਰਮ ਨਹੀਂ।

ਉਪਰੋਕਤ ਸਾਰੀ ਕੱਥ ਵਿਚ ਪਿੰਡ ਇਕ ਸੁੰਨ ਜੜ੍ਹ ਵਜੋਂ ਪੇਸ਼ ਹੈ। ਪਰ ਲੇਖਕ ਦੀ ਸਿਰਜਨਾ ਏਸ ਗੱਲ ਵਿਚ ਹੈ ਕਿ ਉਹ ਮਨੁੱਖ ਦੀ ਇਸ ਜੜ੍ਹ ਸਥਿਤੀ ਵਿਚ ਦਖਲ ਦੇਣ ਦੀ ਪ੍ਰਵਿਰਤੀ ਨੂੰ ਫੜੇ। ਅਣਖੀ ਜਦੋਂ ਪਿੰਡ ਦੀ ਇਸ ਪਸ਼ੂ ਮਾਨਸਿਕਤਾ ਵਿਚ ਦਖਲ