ਪੰਨਾ:Alochana Magazine July-August 1959.pdf/3

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸ਼ਮਸ਼ੇਰ ਸਿੰਘ 'ਅਸ਼ੋਕ'-

ਜੋਗ-ਮਤ ਦੀਆਂ ਦੋ ਸੀਹਰਫ਼ੀਆਂ

ਜੋਗੀ ਅਥਵਾ ਨਾਥ, ਜਿਨ੍ਹਾਂ ਨੂੰ ਕੰਨ-ਪਾਟੇ ਵੀ ਕਹਿਆ ਜਾਂਦਾ ਹੈ, ਕਿਸੇ ਸਮੇਂ ਪੰਜਾਬ ਦੇ ਧਾਰਮਿਕ ਵਾਯੂ ਮੰਡਲ ਵਿਚ ਬੜਾ ਅਸਰ-ਰਸੂਖ ਰਖਦੇ , ਸਨ। ਜੋਗੀ ਪੂਰਨ ਨਾਥ ਪੰਜਾਬ ਦੇ ਪ੍ਰਸਿਧ ਨਗਰ ਸਿਆਲਕੋਟ ਅਥਵਾ ਸ਼ਾਕਲ ਦਾ ਰਾਜ ਕੁਮਾਰ ਸੀ, ਜਿਸ ਨੇ ਮਤੇਰ ਮਾਂ ਦੇ ਜ਼ੁਲਮ ਤੋਂ ਤੰਗ ਆ ਕੇ ਸੰਨਿਆਸ ਲਇਆ ਤੇ ਗੋਰਖ ਨਾਥ ਤੋਂ ਜੋਗ-ਮਤ ਧਾਰਨ ਕੀਤਾ ਸੀ। ਕੇਵਲ ਪੂਰਨ ਹੀ ਨਹੀਂ ਜੋ ਰਾਜ ਪਾਟ ਛੱਡ ਕ ਜੋਗੀ ਹੋਇਆ ਹੋਵੇ ਸਗੋਂ ਕਈ ਹੋਰ ਰਾਜੇ ਵੀ ਉਸ ਤੋਂ ਅੱਗੇ-ਪਿਛੇ ਸੰਸਾਰ ਤੋਂ ਤਿਆਗੀ ਹੋ ਕੇ ਜੋਗੀ ਬਣ ਚੁਕੇ ਸਨ ਜਿਨ੍ਹਾਂ ਵਿਚੋਂ ਰਾਜਾ ਭਰਥਰੀ ਤੇ ਗੋਪੀ ਚੰਦ ਦੇ ਨਾਂ ਬਹੁਤੇ ਸਿਧ ਹਨ। ਜੋਗ-ਮਤ ਦੀਆਂ ਇਹ ਦੋ ਸੀਹਰਫ਼ੀਆਂ, ਜੋ ਅੱਗੇ ਦਿੱਤੀਆਂ ਜਾ ਰਹੀਆਂ ਹਨ, ਇਨ੍ਹਾਂ ਹੀ ਦੋਹਾਂ ਰਾਜਿਆਂ ਦੇ ਸੰਬੰਧ ਵਿਚ ਹਨ।

ਇਹ ਰਾਜੇ ਰਾਜ ਛੱਡ ਕੇ ਜੋਗ-ਮਤ ਵਲ ਕਿਉਂ ਝੁਕੇ, ਇਸ ਦਾ ਵੀ ਇਕ ਖਾਸ ਕਾਰਣ ਹੈ। ਪੂਰਨ ਭਾਵੇਂ ਮਤੇਰ ਮਾਂ ਦੇ ਜ਼ੁਲਮ ਤੋਂ ਤੰਗ ਆ ਕੇ ਜੋਗੀ ਬਣਿਆ ਤੇ ਇਸੇ ਤਰ੍ਹਾਂ ਭਰਥਰੀ ਵੀ ਰਾਣੀ ਪਿੰਗਲਾ ਦੇ ਵਿਭਚਾਰੀ ਸੁਭਾਉ ਦੇ ਕਾਰਣ ਗੋਰਖ ਪਾਸ ਜਾ ਕੇ ਕੰਨ ਪੜਵਾਉਣ ਲਈ ਤਿਆਰ ਹੋਇਆ ਸੀ, ਪਰ ਗੋਪੀ ਚੰਦ ਦੇ ਜੋਗੀ ਬਣਨ ਦਾ ਕਾਰਣ ਕੁਝ ਹੋਰ ਸੀ। ਉਸ ਦਾ ਦਿਲ ਚਾਹੁੰਦਾ ਸੀ ਕਿ ਰੱਜ ਕੇ ਰਾਜ ਕਰਾਂ 'ਤੇ ਰਾਣੀਆ ਦੇ ਸੁਖ ਭੋਗਾਂ, ਪਰ ਉਸ ਦੀ ਮਾਂ ਮੈਨਾਵੰਤੀ ਇਹ ਗੱਲ ਨਹੀਂ ਸੀ ਚਾਹੁੰਦੀ। ਉਹ ਜੋਗ-ਮਤ ਦੀ ਸ਼ਰਧਾਲੂ ਹੋਣ ਕਰਕੇ ਸੰਸਾਰਕ ਸੁਖਾਂ ਤੋਂ ਉਪਰਾਮ ਸੀ ਤੇ ਆਪਣੇ ਸੋਹਣੇ ਪੁਤ੍ਰ (ਗੋਪੀ ਚੰਦ) ਨੂੰ ਅਜਰ ਅਮਰ ਕਰਨ ਲੋੜਦੀ ਸੀ, ਜਿਵੇਂ ਕਿ ਇਸ ਸੰਬੰਧ ਵਿਚ ਲਿਖੀਆਂ ਜੋਗ-ਮਤ ਦੀਆਂ ਕਈ ਹਥਲਿਖਤ ਪੁਸਤਕਾਂ ਤੋਂ ਵੀ ਸਿਧ ਹੁੰਦਾ ਹੈ ਤੇ ਇਹ ਸੀਹਰਫੀ ਵੀ ਇਹੋ ਕੁਝ ਦਸਦੀ ਹੈ। ਮੈਂ ਸਮਝਦਾ ਹਾਂ, ਪੂਰਨ ਤੇ ਭਰਥਰੀ ਦੇ ਦਿਲਾਂ ਵਿਚ ਵੀ ਇਹੋ ਦ੍ਰਿੜ ਭਾਵਨਾ ਸੀ ਕਿ ਉਹ, ਜੋਗੀ ਬਣ ਕੇ ਹੀ ਅਜਰ ਅਮਰ ਹੋ ਸਕਦੇ ਹਨ, ਨਹੀਂ ਤਾਂ ਹੋਰ ਸੰਸਾਰਕ ਦੁੱਖਾਂ ਤੋਂ ਇਲਾਵਾ ਜਨਮ-ਮਰਨ ਦੇ ਫੇਰ ਤੋਂ ਮੁਕਤ ਹੋਣ ਦਾ ਕੋਈ ਤਰੀਕਾ ਨਹੀਂ ਹੈ।