ਪੰਨਾ:Alochana Magazine July 1957.pdf/27

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਇਹ ਵੀ ਮੁਮਕਨ ਹੈ ਕਿ ਜੇਲ ਪਿੱਛੋਂ ਇਸ ਪ੍ਰੇਮ-ਸਾਕੇ ਕਾਰਣ ਹਾਸ਼ਮ ਨੂੰ ਆਪਣਾ ਪਿੰਡ ਜਗਦਉ ਛੱਡਣਾ ਪਿਆ ਹੋਵੇ ਤੇ ਉਹ ਕੁਛ ਅਰਸੇ ਲਈ ਬਰਪਾਲ (ਜ਼, ਸਿਆਲਕੋਟ) ਜਾ ਟਿਕੇ ਹੋਣ। ਇੱਥੇ ਇਨ੍ਹਾਂ ਦਾ ਕੋਈ ਸੰਬੰਧੀ ਹੋਵੇਗਾ ਜਾਂ ਕਈ ਮਿਲਾਪੀ। ਇਕ ਦੋਹੜੇ ਵਿੱਚ ਇਨ੍ਹਾਂ ਆਪਣਾ ਦੇਸ਼ ਛੱਡ ਕੇ ਇਸ਼ਕ ਪਿੱਛੇ ਏਵਤਨ ਹੋਣ ਦਾ ਜ਼ਿਕਰ ਕੀਤਾ ਹੈ--

    ਟੁੱਟਾ ਮਾਣ ਪਏ ਪਰ-ਮੁਲਕੀ, ਰੱਬ ਸੁੱਟੇ ਦੂਰ ਦੁਰਾਡੇ।
    ਕਿਸਮਤ ਖਿਆਲ ਪਈ ਬਣ ਦੁਸ਼ਮਣ, ਹੁਣ ਕੀ ਵੱਸ ਯਾਰ ਅਸਾਡੇ।
    ਦਿਲਬਰ ਯਾਰ ਵਿਸਾਰੀ ਨਾਹੀਂ, ਅਸੀਂ ਕਿਤ ਹਾਲ ਤੁਸਾਡੇ।
    ਆਜਿਜ਼ ਲੋਕ ਨਿਮਾਣੇ ਹਾਸ਼ਮ, ਨਹੀਂ ਸ਼ਿਰਕਤ ਨਾਲ ਖੁਦਾ ਦੇ ।੧੪੯।

ਕੁਸ਼ਤਾ ਜੀ ਨੇ ਉਸ ਪ੍ਰੇਮਕਾ ਬਾਹਮਣੀ ਮਾਈ ਦੀ ਖਤਰਾਈ ਵਿੱਚ ਖ਼ਾਨਗਾਹ ਤੇ ਉਸ ਵੱਲੋਂ ਬਣਵਾਈਆਂ ਮਸੀਤਾਂ, ਖੂਹ ਆਦਿ ਦਾ ਵੀ ਵਰਣਨ ਕੀਤਾ ਹੈ।

ਸੋ ਇਹ ਸਾਰੀਆਂ ਗੱਲਾਂ ਇਸ ਨਤੀਜੇ ਤੇ ਪਹੁੰਚਾਂਦੀਆਂ ਹਨ ਕਿ ਹਾਸ਼ਮ ਨੂੰ ਇਸ਼ਕ ਦਾ ਡੂੰਘਾ ਅਨੁਭਵ ਸੀ ਤੇ ਇਸੇ ਅਨੁਭਵ ਦੇ ਚਸ਼ਮੇ ਵਿੱਚੋਂ ਕਾਵਿ-ਧਾਰਾ ਪ੍ਰਵਾਹਤ ਹੋਈ।

ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧ

ਹੁਣ ਮਹਾਰਾਜਾ ਰਣਜੀਤ ਸਿੰਘ ਤੇ ਹਾਸ਼ਮ ਦੇ ਸੰਬੰਧਾਂ ਨੂੰ ਵੀ ਮੁੜ ਵਿਚਾਰਨ ਦੀ ਲੋੜ ਹੈ, ਰਵਾਇਤ ਦੇ ਆਧਾਰ ਤੇ ਇਨ੍ਹਾਂ ਨੂੰ ਕਾਫ਼ੀ ਗ਼ਲਤ ਸਮਝ ਆ ਗਇਆ ਹੈ। ਕਿਸੇ ਨੇ ਕਿਹਾ ਹੈ ਕਿ ਹਾਸ਼ਮ ਰਾਜ-ਕਵੀ ਸੀ, ਕਿਸੇ ਨੇ ਕਿਹਾ ਉਹ ਦਰਬਾਰੀ ਕਵੀ ਸੀ ਪਰ ਇਸ ਗੱਲ ਦੀ ਪੁਸ਼ਟੀ ਲਈ ਅਜੇ ਤਕ ਕੋਈ ਵੀ ਇਤਿਹਾਸਕ ਪਰਮਾਣ ਪਰਾਪਤ ਨਹੀਂ ਹੋ ਸਕਿਆ। ਸ਼ੇਰਿ ਪੰਜਾਬ ਸੰਬੰਧੀ ਲਿਖੇ ਗਏ ਕਿਸੇ ਵੀ ਤਤਕਰੇ, ਬਿਉਰੇ ਜਾਂ ਬਿਆਨ ਵਿੱਚ ਹੋਰ ਤਾਂ ਹੋਰ ਹਾਸ਼ਮ ਦਾ ਨਾਂ ਤਕ ਵੀ ਨਹੀਂ ਮਿਲਿਆ! |

ਅਸੀਂ ਜਾਣਦੇ ਹਾਂ ਕਿ ੧੮੦੯-੧੦ ਤੋਂ ਜਦੋਂ ਸ਼ੇਰਿ-ਪੰਜਾਬ ਦੇ ਦਰਬਾਰ ਸਜਣ ਲੱਗੇ, ਉਦੋਂ ਹਾਸ਼ਮ ੭੦ ਤੋਂ ਟੱਪ ਚੁੱਕਾ ਸੀ ਤੇ ਫਿਰ ਉਹ ਫਕੀਰ ਬਿਰਤੀ ਦਾ ਮਹਾਂ ਪੁਰਸ਼ ਸੀ, ਇਸ ਲਈ ਅਜੇਹੀ ਅਵਸਥਾ ਸਮੇਂ ਉਸ ਨੂੰ ਰਾਜ ਦਰਬਾਰਾਂ ਵਿੱਚ ਕੀ ਦਿਲਚਸਪੀ ਹੋ ਸਕਦੀ ਸੀ? ਸੋ ਰਾਜ-ਕਵੀ ਜਾਂ ਦਰਬਾਰੀ-ਕਵੀ ਹੋਣ ਵਾਲੀ ਗੱਲ ਤਾਂ ਨਿਰਮੂਲ ਹੀ ਜਾਪਦੀ ਹੈ।

੨੪]