ਪੰਨਾ:Alochana Magazine July 1957.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਿਰ ਮ. ਰਣਜੀਤ ਸਿੰਘ ਦੇ ਹਾਸ਼ਮ ਨਾਲ ਕਿੰਨੇ-ਕੁ ਤੇ ਕਿਸ ਭਾਂਤ ਦੇ ਸੰਬੰਧ ਸਨ, ਇਸ ਗੱਲ ਨੂੰ ਕਿਸੇ ਇਤਿਹਾਸਕ ਰੋਸ਼ਨੀ ਵਿੱਚ ਹੀ ਸਹੀ ਸਮਝਿਆ ਜਾ ਸਕਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਹਾਸ਼ਮ ਦੀ ਫਕੀਰ ਅਜੀਜ਼ਦੀਨ ਤੇ ਜਰਨੈਲ ਬੁਧ ਸਿੰਘ ਨਾਲ ਵੀ ਚੰਗੀ ਮਿੱਤਾ ਸੀ। ਹੋ ਸਕਦਾ ਹੈ, ਇਨ੍ਹਾਂ ਰਾਹੀਂ ਹੀ ਮਹਾਰਾਜੇ ਨਾਲ ਹਾਸ਼ਮ ਦੇ ਸੰਬੰਧ ਜੁੜੇ ਹੋਣ*।

ਰੀਕਾਰਡ ਆਫਿਸ ਸ਼ਿਮਲਾ ਵਿਚ ਫਾਰਸੀ ਅੱਖਰਾਂ ਵਿੱਚ ਲਿਖਿਆ ਹਾਸ਼ਮ ਦਾ ਕਿੱਸਾ 'ਸ਼ੀਰੀ ਫਰਹਾਦ' (ਨੰ. ੪੪੪੫/੪੮੬) ਸੁਰੱਖਿਅਤ ਹੈ, ਇਸ ਉਤੇ ਮ. ਰਣਜੀਤ ਸਿੰਘ ਦੀ ਦਰਬਾਰੀ-ਮੋਹਰ ਲਗੀ ਹੋਈ ਹੈ ਤੇ ਨਾਲ ੧੮੬੯ ਬਿ. ਸੰਮਤ ਲਿਖਿਆ ਹੋਇਆ ਹੈ, ਜੋ ਕਿ ੧੮੧੨ ਈ. ਬਣਦਾ ਹੈ। ਇਸ ਤੋਂ ਇਹ ਅਨੁਮਾਨ ਤਾਂ ਸਹਿਜੇ ਹੀ ਹੋ ਜਾਂਦਾ ਹੈ ਕਿ ਮਹਾਰਾਜੇ ਦੇ ਦਰਬਾਰ ਵਿੱਚ ਹਾਸ਼ਮ ਦੀ ਕਦਰ ਸੀ। ਹੋ ਸਕਦਾ ਹੈ ਕਿ ਇਹ ਖਰੜਾ ਹਾਸ਼ਮ ਵੱਲੋਂ ਹੀ ਭੇਟ ਕੀਤਾ ਗਇਆ ਹੋਵੇ।

ਕੀ ਜਾਣੀਏ ਕਿ ਖ਼ਾਨਦਾਨੀ ਰਵਾਇਤ ਅਨੁਸਾਰ ਸੱਯਦ ਹਾਸ਼ਮ ਸ਼ਾਹ ਦੇ ਮ. ਰਣਜੀਤ ਸਿੰਘ ਨਾਲ ਗੂੜੇ ਸੰਬੰਧ ਹੋਣ ਪਰ ਅਜੇ ਤਕ ਇਤਿਹਾਸ ਤੋਂ ਇਸ ਦੀ ਪੁਸ਼ਟੀ ਨਹੀਂ ਹੋਈ। ਜਾਗੀਰ ਆਦਿਕ ਬਾਰੇ ਸਰਕਾਰੀ ਕਾਗ਼ਜ਼ਾਂ ਵਿੱਚ ਹਾਸ਼ਮ ਦਾ ਨਾਂ ਨਾ ਮਿਲਣ ਦਾ ਕਾਰਣ ਇਹ ਵੀ ਹੋ ਸਕਦਾ ਹੈ ਕਿ ਮ. ਰਣਜੀਤ ਸਿੰਘ ਨੇ ਆਪਣੇ ਸੁਭਾ ਅਨੁਸਾਰ ਹਾਸ਼ਮ ਸ਼ਾਹ ਦਾ ਫ਼ਕੀਰੀ ਦਾ ਜਸ ਸੁਣ ਕੇ ਜਗਦੇਉ ਦੀ ਮਸਜਦ ਦੇ ਨਾਂ ਜਾਂ ਉਨਾਂ ਦੇ ਭਾਈ ਰਹਿਮਤੁਲਾ ਸ਼ਾਹ ਦੇ ਨਾਂ ਜਾਂ ਫਿਰ ਉਨ੍ਹਾਂ ਦੇ ਪੁੱਤਰ ਮੁਹੰਮਦ ਸ਼ਾਹ(੧੭੯੧-੧੮੬੦ ਈ.) ਦੇ ਨਾਂ ਇਹ ਜਾਗੀਰ ਆਦਿ ਲਾਈ ਹੋਵੇ। ਜਾਗੀਰ ਬਾਰੇ ਖ਼ਾਨਦਾਨੀ ਵਾਰਸਾਂ ਦੀ ਗਵਾਹੀ ਵੀ ਆਖਰ ਕੋਈ ਅਰਥ ਰੱਖਦੀ ਹੈ ਜੋ ਆਖਦੇ ਹਨ ਕਿ ਅਸੀਂ ਇਸ ਜਾਗੀਰ ਤੋਂ ਲਾਭ ਉਠਾਂਦੇ ਰਹੇ ਹਾਂ, ਫਿਰ ਸਾਨੂੰ ਇਸ ਤੋਂ ਸਿਰ ਫੇਰਨ ਵਿੱਚ ਕੀ ਲਾਭ ਹੈ?

ਹਾਸ਼ਮ ਫਕੀਰੀ ਕਰਕੇ, ਸ਼ਾਇਰੀ ਕਰਕੇ ਤੇ ਹਕੀਮੀ ਕਰਕੇ ਆਪਣੇ ਸਮੇਂ ਦੀ ਪਰਸਿੱਧ ਹਸਤੀ ਸੀ, ਜੋ ਮਹਾਰਾਜੇ ਤੋਂ ਬਾਦ, ਵੀ ਤਿੰਨ ਚਾਰ ਵਰੇ ਜੀਉਂਦਾ


ਜਰਨੈਲ ਬੁਧ ਸਿੰਘ, ਸੰਧਾਵਾਲੀਆਂ ਵਿਚੋਂ ਸੀ, ਜਿਸ ਦਾ ਦੇਹਾਂਤ ੧੮੨੭, ੧੨ ਦਸੰਬਰ ਨੂੰ ਹੋਇਆ। ਫਕੀਰ ਅਜ਼ੀਜ਼ੁਦੀਨ (੧੭੮੦-੧੮੪੪ ਈ.) ਮਹਾਰਾਜਾ ਦੇ ਵਿਦੇਸ਼ੀ ਵਜ਼ੀਰ ਤੇ ਸ਼ਾਹੀ ਹਕੀਮ ਸੀ।

(ਖਾਲਸਾ ਰਾਜ ਦੇ ਉਸਰਈਏ, ਭਾਗ ੧)

[੨੫