ਪੰਨਾ:Alochana Magazine July 1957.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸ਼ਨ ਸਿੰਘ --

ਪੰਜਾਬੀ ਸਾਹਿੱਤ ਵਿਚ ਭੁਲੇਖੇ ਤੇ ਘਾਟੇ

ਸਮਕਾਲੀ ਪੰਜਾਬ ਵਿਚ ਸਾਹਿੱਤ ਮੁਤਅੱਲਕ ਕੁਝ ਭੁਲੇਖੇ ਹਨ। ਸਾਹਿੱਤ ਦੀ ਸੇਹਤਮੰਦੀ ਵਾਸਤੇ ਉਨ੍ਹਾਂ ਉਤੇ ਵਿਚਾਰ ਲਾਭਵੰਦ ਹੋਵੇਗੀ| ਯਥਾਰਥਵਾਦ ਦੀ ਚਰਚਾ ਪੰਜਾਬੀ ਵਿਚ ਨਵੀਂਂ ਨਵੀਂ ਹੈ ਅਤੇ ਕਈਆਂ ਪਾਠਕਾਂ ਨੂੰ ਖ਼ਿਆਲ ਹੈ ਜਿਵੇਂ ਸਾਹਿੱਤ ਵਿਚ ਇਹ ਇਕ ਨਵੀਂ ਪੈਦਾ ਹੋ ਰਹੀ ਹੈ ਅਤੇ ਯਥਾਰਥਵਾਦ ਇਨਸਾਨੀ ਸ਼ਖ਼ਸੀਅਤ ਦੇ ਇਕ ਪੱਖ, ਖ਼ਾਸ ਕਰ ਆਰਥਕ, ਸਿਆਸੀ ਪਹਿਲੂ ਨਾਲ ਹੀ ਸੰਬੰਧ ਰੱਖਦਾ ਹੈ, ਇਸ ਦਾ ਸਦਾਚਾਰਕ, ਸਮਾਜਕ, ਇਨਸਾਨੀ, ਰੂਹਾਨੀ ਕੀਮਤਾਂ ਤੇ ਇਨਸਾਨੀਅਤ ਦੀ ਅੰਤਲੀ ਪਰਫੁਲਤਾ ਨਾਲ ਕੋਈ ਬਹੁਤਾ ਸੰਬੰਧ ਨਹੀਂ। ਕਈਆਂ ਨੂੰ ਤਾਂ ਇਸ ਤੋਂ ਵਧ ਇਹ ਵੀ ਭੁਲੇਖਾ ਹੈ ਕਿ ਯਥਾਰਥਵਾਦੀਆਂ ਦੇ ਅਨੁਸਾਰ ਇਨਸਾਨ ਹੈ ਹੀ ਆਰਥਕ ਸਿਆਸੀ ਲੋੜਾਂ ਤੇ ਖਾਹਸ਼ਾਂ ਦਾ ਪੁਤਲਾ| ਉਹ ਯਥਾਰਥਵਾਦ ਨੂੰ ਇਨਸਾਨ ਦੇ ਨਿਰਾ ਆਰਥਕ ਜੀਵ ਹੋਣ ਦੇ ਸਿਧਾਂਤ ਨਾਲ ਵਾਬਸਤਾ ਕਰਦੇ ਹਨ। ਉਨ੍ਹਾਂ ਦਾ ਆਪਣਾ ਤਜਰਬਾ ਹੈ ਕਿ ਇਨਸਾਨ ਨਿਰਾ ਹੋਣੀ ਦੇ ਆਸਰੇ ਹੀ ਨਹੀਂ ਜੀਉਂਦਾ। ਭਾਵੇਂ ਉਹ ਇਸ ਗੱਲ ਤੋਂ ਮੁਨਕਰ ਨਹੀਂ ਕਿ ਜ਼ਿੰਦਗੀ ਵਿਚ ਆਰਥਕ ਤੇ ਸਿਆਸੀ ਮਸਲਿਆਂ ਦਾ ਹਲ ਹੋਣਾ ਲਾਜ਼ਮੀ ਹੈ, ਉਹ ਯਥਾਰਥਵਾਦ ਨੂੰ ਜ਼ਿੰਦਗੀ ਦਾ ਅਧੂਰਾ ਤੇ ਇਕਵਾਸੀ ਨਜ਼ਰੀਆ ਸਮਝ ਕੇ ਇਸ ਤੋਂ ਗੁਰੇਜ਼ ਕਰਦੇ ਹਨ। ਉਨ੍ਹਾਂ ਦੇ ਖਿਆਲ ਵਿਚ ਯਥਾਰਥਵਾਦੀ ਸਾਹਿਤ ਸਾਹਿਤ ਦੀ ਇਕ ਕਿਸਮ ਹੈ ਅਤੇ ਕਾਫੀ ਮਹਾਨ ਸਾਹਿਤ ਐਸਾ ਹੈ ਜੋ ਯਥਾਰਥਵਾਦੀ ਨਹੀਂ, ਜਿਸ ਨੂੰ ਉਹ ਰੋਮਾਂਟਿਕ ਜਾਂ ਕਿਸੇ ਹੋਰ ਨਾਂ ਨਾਲ ਯਥਾਰਥਵਾਦੀ ਸਾਹਿਤ ਨਾਲੋਂ ਨਖੇੜਦੇ ਤੇ ਉਸ ਵਿਚ ਆਪਣੀ ਦਿਲਚਸਪੀ ਤੇ ਤਸੱਲੀ ਦਸਦੇ ਹਨ|

ਇਨ੍ਹਾਂ ਭੁਲੇਖਿਆਂ ਦੇ ਜ਼ਿੰਮੇਵਾਰ ਇਕ ਪਾਸਿਓਂ ਤਰੱਕੀ-ਪਸੰਦ ਸਾਹਿਤਕਾਰ ਹਨ, ਜਿਨਾਂ ਨੇ ਆਪਣੀਆਂ ਰਚਨਾਵਾਂ ਵਿਚ ਦਿਮਾਗੀ ਪਧਰ ਤੇ ਆਰਥਕ ਸਿਆਸੀ

[੨੭