ਪੰਨਾ:Alochana Magazine July 1957.pdf/35

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜਾਵੇ ਅਤੇ ਨਾਂ ਹੀ ਕਿਸੇ ਖਾਸ ਥੀਉਰੀ ਨਾਲ ਮਹਿਦੂਦ ਹੋ ਜਾਵੇ। ਜ਼ਿੰਦਗੀ ਤੇ ਸਾਹਿਤ ਨੂੰ ਸਭ ਨਾਲੋਂ ਪਿਆਰੀ ਚੀਜ਼ ਅਸਲੀਅਤ ਹੈ ਕੋਈ ਥੀਉਰੀ ਨਹੀਂ। ਸਿਧਾਂਤ ਆਉਣੀ ਜਾਣੀ ਵਸਤੂ ਹੈ, ਅਜ ਨਵੀਂ ਹੈ ਕਲ ਪੁਰਾਣੀ ਹੈ, ਪਰਸੋਂ ਹਮਾਕਤ ਹੈ, ਅਸਲੀਅਤ ਦਾ ਚਿਤਰ ਹੀ ਅਮਰ ਹੈ ਤੇ ਸਾਹਿਤ ਹੈ। ਪੰਜਾਬੀ ਸਾਹਿਤਕਾਰਾਂ ਤੇ ਖਾਸੇ ਕਰ ਤਰੱਕੀ-ਪਸੰਦਾਂ ਅਜੇ ਇਹ ਸਚਾਈ ਨਹੀਂ ਸਮਝੀ ਕਿ ਜੀਉਂਦੀ ਇਨਸਾਨੀ ਸ਼ਖਸੀਅਤ ਤੇ ਸਮਾਜਕ ਅਸਲੀਅਤ ਨੂੰ ਕਲਮ-ਬੰਦ ਕਰਨ ਦਾ ਨਾਂ ਹੀ ਸਾਹਿਤ ਹੈ। ਸਿਧਾਂਤਾਂ ਦੀ ਬਹਿਸ ਦਿਮਾਗਬਾਜ਼ੀ ਹੈ; ਸ਼ਖਸੀਅਤ ਤੋਂ ਅਲਿਹਦਾ ਨਿਖੇੜ ਕੇ ਹਾਲਾਤ ਦਾ ਵਰਣਨ ਆਰਥਕ, ਸਮਾਜਕ ਸਿਆਸੀ ਟਰੈਕਟ ਹੈ। ਸਾਹਿਤ, ਇਨਸਾਨੀ ਸ਼ਖਸੀਅਤ ਤੇ ਸਮਾਜਕ ਰਿਸ਼ਤਿਆਂ ਤੇ ਉਨ੍ਹਾਂ ਦੀ ਹਾਲਾਤ ਤੋਂ ਉਰੇ ਨਹੀਂ। ਅਤੇ ਸ਼ਖਸੀਅਤ ਦੀ ਛਾਂਗੀ ਇਕਵਾਸੀ ਨਹੀਂ ਅਤੇ ਨਾਂ ਹੀ ਹਾਲਾਤ ਇਕਹਿਰੇ।

ਜ਼ਿੰਦਗੀ ਤੇ ਇਨਸਾਨੀ ਸ਼ਖਸੀਅਤ ਪੇਟ ਪੁਜਾ ਤੇ ਸਿਆਸਤ ਹੀ ਨਹੀਂ। ਇਹ ਬੜੀਆਂ ਪੇਚੀਦਾ, ਬੇਅੰਤ ਰੁਖੀਆਂ ਤੇ ਅਥਾਹ ਗਹਿਰਾਈਆਂ ਹਨ ਅਤੇ ਭਾਵੇਂ ਅੰਤ ਵਿਚ ਆਰਥਕ, ਸਿਆਸੀ ਤੇ ਸਮਾਜਕ ਨਜ਼ਾਮ ਇਨਸਾਨੀ ਜ਼ਿੰਦਗੀ ਨੂੰ ਖਾਸ ਇਤਿਹਾਸਕ ਪ੍ਰਸੰਗ ਵਿਚ, ਆਪਣੇ ਸਚੇ ਵਿਚ ਢਾਲ ਲੈਂਦਾ ਹੈ, ਪਰ ਸਮਾਜਕ ਨਜ਼ਾਮ ਟਕਸਾਲ ਨਹੀਂ ਜੋ ਇਨਸਾਨਾਂ ਨੂੰ ਸਿਕਿਆਂ ਵਾਂਗ ਇਕ ਦੂਸਰੇ ਦੀ ਇਨ ਬਿਨ ਕਾਪੀ ਬਣਾ ਕੇ ਧਰੀ ਜਾਵੇ। ਬਾਵਜੂਦ ਇਕ ਜਮਾਤ, ਇਕ ਨਜ਼ਾਮ ਤੇ ਸਮਾਜਕ ਰੌਅ ਦੇ ਦਿਤੇ ਸਾਂਝੇ ਅੰਗਾਂ ਦੇ (ਅਤੇ ਜੇ ਸਾਹਿਤਕਾਰ ਜ਼ਿੰਦਗੀ ਦੀ ਰੂਹ ਨੂੰ ਈਮਾਨਦਾਰੀ ਨਾਲ ਪੇਸ਼ ਕਰ ਰਿਹਾ ਹੈ ਤਾਂ ਹਾਲਾਤ ਦੀ ਤੋਰ ਤੇ ਇਨਸਾਨੀ ਸ਼ਖਸੀਅਤ ਵਿਚ ਨਜ਼ਾਮ ਦਾ ਅੰਗ ਪ੍ਰਤਖ ਹੋਵੇਗਾ, ਸ਼ਖਸੀਅਤ ਦਾ ਜਮਾਤੀ ਅੰਗ ਉਘੜੇਗਾ) ਇਨਸਾਨਾਂ ਵਿਚ ਬੇਇਨਹਾ ਭਿੰਨਤਾ ਤੇ ਨਵੀਨਤਾ ਹੈ। ਸਾਹਿਤ ਇਸ ਸਾਂਝ, ਇਸ ਭਿੰਨਤਾ, ਇਸ ਤੁਰੀ ਆਉਂਦੀ ਸਦੀਵੀ ਪੁਰਾਤਨਤਾ ਅਤੇ ਇਸ ਦੀ ਕੁਖ ਵਿਚ ਹਰ ਪਲ ਪੈਦਾ ਹੋ ਰਹੀ ਨਵੀਂ ਬਹਾਰ ਤੇ ਇਸ ਦੇ ਸਿਰਜੇ ਤੇ ਇਸ ਨੂੰ ਸਿਰਜਨ ਵਾਲੇ ਹਾਲਾਤ ਦੀ ਤਸੀਵਰ ਹੈ।

ਯਥਾਰਥਵਾਦ ਜ਼ਿੰਦਗੀ ਤੇ ਇਨਸਾਨੀ ਸ਼ਖਸੀਅਤ ਨੂੰ ਛਾਂਗ ਕੇ ਨਾ ਹੀ ਆਰਥਕ ਤੇ ਸਿਆਸੀ ਨਿਰੋਲਤਾ ਬਣਾਉਂਦਾ ਹੈ ਅਤੇ ਨਾ ਹੀ ਇਸ ਨੂੰ ਇਸ ਤਰ੍ਹਾਂ ਇਕਹਿਰਿਆਂ ਜਿਨ੍ਹਾਂ ਕਰਕੇ ਵੇਖਦਾ ਤੇ ਪੇਸ਼ ਕਰਦਾ ਹੈ। ਇਹ ਜ਼ਿੰਦਗੀ ਦੀ ਅਮੀਰੀ ਤੋਂ ਭਲੀ ਭਾਂਤ ਜਾਣੂ ਹੀ ਨਹੀਂ ਜਾਂ ਉਸ ਨੂੰ ਔਖਿਆਂ ਸੌਖਿਆਂ ਸਵੀਕਾਰ ਹੀ ਨਹੀਂ ਕਰਦਾ ਸਗੋਂ ਉਸ ਤੋਂ ਕੁਰਬਾਨ ਹੈ ਅਤੇ ਇਸ ਅਮੀਰੀ ਨੂੰ ਈਮਾਨਦਾਰੀ ਨਾਲ ਸਾਹਿਤ ਵਿਚ ਪੇਸ਼ ਕਰਨਾ ਹੀ ਯਥਾਰਥਵਾਦ ਹੈ। ਸਾਹਿਤ ਨੂੰ ਜ਼ਿੰਦਗੀ ਨਾਲ

੩੨]