ਪੰਨਾ:Alochana Magazine July 1957.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੇਸ਼ ਹੈ। ਕਾਵਿ ਵਧੀਆ ਕਹਿ ਕੇ ਕਵੀ ਨੂੰ ਘਟੀਆ ਨਹੀਂ ਕਹਿਆਂ ਜਾ ਸਕਦਾ। ਵਧੀਆ ਕਾਵਿ ਅਮਰ ਹੁੰਦਾ ਹੈ, ਵਕਤ ਉਸ ਨੂੰ ਮਾਤ ਨਹੀਂ ਪਾ ਸਕਦਾ। ਵਾਰਸ ਸ਼ਾਹ ਆਪਣੇ ਜ਼ਮਾਨੇ ਦੇ ਇਨਕਲਾਬ ਨੂੰ ਅਚੇਤ ਹੀ ਅਪਣਾ, ਉਸ ਨੂੰ ਵਫਾਦਾਰੀ ਨਾਲ ਪੇਸ਼ ਕਰ, ਉਸ ਦੇ ਇਨਸਾਨੀਅਤ ਦੇ ਮਨੋਰਥਾਂ ਨੂੰ ਉਘੇੜ ਕੇ ਪਾਠਕ ਨੂੰ ਉਨ੍ਹਾਂ ਵਲ ਪ੍ਰੇਰਤ ਕਰਨ ਕਰਕੇ ਹਰਮਨ ਪਿਆਰਾ ਹੈ, ਮਹਾਨ ਹੈ ਅਤੇ ਜਦੋਂ ਹੁਣ ਦੀ ਪੀਹੜੀ ਦੇ ਸਾਹਿਤਕਾਰਾਂ ਤੇ ਆਲੋਚਕਾਂ ਦੀਆਂ ਮੜ੍ਹੀਆਂ ਦੀ ਮਿਟੀ ਵੀ ਨਹੀਂ ਰਹੇਗੀ, ਵਾਰਸ ਸ਼ਾਹ ਉਦੋਂ ਵੀ ਮਹਾਨ ਹੋਵੇਗਾ। ਉਹ ਅਮਰ ਹੈ । ਵਾਰਸ ਸ਼ਾਹ ਦੀ ਮਹਾਨਤਾ ਨੂੰ ਨਾ ਪਛਾਨਣਾ ਅਤੇ ਗੁਰੂ ਸਾਹਿਬਾਨ ਦੀ ਸਾਹਿਤਕਾਰੀ ਨੂੰ ਦੂਰੋਂ ਹੀ ਨਮਸਕਾਰ ਕਰ ਛਡਣਾ, ਹੁਣ ਦੀ ਸਾਹਿਤਕਾਰੀ ਦੀ ਅਧੋਗਤੀ ਦੀ ਨਿਸ਼ਾਨੀ ਹੈ। ਜਿਵੇਂ ਜਿਵੇਂ ਪੰਜਾਬੀ ਸਾਹਿਤ ਪ੍ਰਫੁਲਤ ਹੋਵੇਗਾ, ਵਾਰਸ ਸ਼ਾਹ ਦਾ ਸਤਿਕਾਰ ਵਧੇਗਾ ਅਤੇ ਗੁਰੂ ਸਾਹਿਬਾਨ ਹੀ ਸਾਹਿਤਕਾਰੀ ਵਿਚ ਦਿਲਚਸਪੀ ਗਹਿਰੀ ਹੁੰਦੀ ਜਾਵੇਗੀ। ਜ਼ਿੰਦਗੀ ਨੂੰ 'ਮਾਣਸ ਦੀ ਜਾਤ ਸਭ ਏਕ ਹੀ ਪਹਿਚਾਨਬੋ' ਦੇ ਪੈਂਤੜੇ ਤੋਂ ਵੇਖਣ ਦੀ ਅਹਿਮੀਅਤ ਦਾ ਅਹਿਸਾਸ ਵਸਦਾ ਜਾਏਗਾ। ਜਲੰਧਰ ਲਿਖਾਰੀ ਕਾਨਫਰੰਸ ਤੇ ਵਾਰਸ ਸ਼ਾਹ ਦੀ ਨਿਖੇਧੀ ਕਰਦਿਆਂ ਸੇਖੋਂ ਨੇ ਇਹ ਵੀ ਕਹਿਆ ਸੀ ਕਿ ਵਾਰਸ ਪ੍ਰਚਲਤ ਰਬ ਦੀ ਮੋਹਰ ਲੱਗੇ ਵਿਆਹ ਨੂੰ ਹੀ ਪ੍ਰਵਾਨ ਕਰ ਲੈਂਦਾ ਹੈ। ਵਿਆਹ ਦੀ ਕੋਈ ਨਵੀਂ ਮਰਯਾਦਾ ਕਾਇਮ ਨਹੀਂ ਕਰਦਾ। ਰੱਬ ਤੋ ਹਟ ਇਨਸਾਨਾਂ ਦੀ ਆਪਣੀ ਮਰਜ਼ੀ ਨਾਲ ਵਿਆਹ ਦੀ ਟੋਸ ਨਹੀਂ ਪਾਉਂਦਾ। ਅਤੇ ਪ੍ਰਚਲਤ ਕਿੱਸਾ ਰੂਪ ਵਿਚ ਹੀ ਆਪਣੀ ਰਚਨਾ ਰਚਦਾ ਹੈ, ਕਿਸੇ ਨਵੇਂ ਸਾਹਿਤਕ ਰੂਪ ਨੂੰ ਜਨਮ ਨਹੀਂ ਦੇਂਦਾ।

ਸੇਖੋਂ ਦੇ ਵਾਰਸ ਸ਼ਾਹ ਤੇ ਇਹ ਦੂਸ਼ਨ ਨਿਰਮੂਲ ਹਨ। ਜੇ ਵਾਰਸ ਸ਼ਾਹ ਵਿਆਹ ਦੀ ਪੁਰਾਣੀ ਪ੍ਰਥਾ ਨੂੰ ਕਟਕੇ ਨਵੀਂ ਲੀਹ ਨਹੀਂ ਪਾਉੱਦਾ ਤੇ ਹੋਰ ਕਰਦਾ ਕੀ ਹੈ? ਵਿਆਹ ਦਾ ਮੂਲ ਮੁਦਾ ਵਰ ਦੀ ਚੋਣ ਹੈ, ਫੇਰਿਆਂ ਦੀ ਰਸਮ ਨਹੀਂ। ਹੀਰ ਦੀ ਕਹਾਣੀ ਹੈ ਕੀ? ਵਰ ਮਾਪਿਆਂ ਚੁਣਨਾ ਹੈ ਕਿ ਹੀਰ ਨੇ ਆਪ? ਤੁਰੀ ਆਉਂਦੀ ਤੋਰ ਮਾਪਿਆਂ ਦੇ ਚੁਣਨ ਦੀ ਹੈ। ਵਾਰਸ ਸ਼ਾਹ ਉਸ ਦੀ ਪੁਸ਼ਟੀ ਕਰਦਾ ਹੈ ਕਿ ਹੀਰ ਦੀ ਅਪਣੀ ਚੋਣ ਦਾ ਹਮਾਇਤੀ ਹੈ? ਇਸ਼ਕ ਦਾ ਮਸਲਾ ਹੈ ਕੀ ਜੇ ਦਿਲ ਦੀ ਆਪਣੀ ਚੋਣ ਨਹੀਂ ਤੇ ਬਾਕੀ ਰਹਿ ਗਈ ਰਸਮ। ਉਸ ਸਮਾਜਕ ਦੌਰ ਵਿਚ ਰਬ ਦੀ ਮੋਹਰ ਲਗਣੀ ਕੁਦਰਤੀ ਸੀ। ਸਾਮੰਤੀ ਪ੍ਰਥਾ ਦੇ ਖਿਲਾਫ ਇਨਕਲਾਬੀ ਕਿਸਾਨ ਰਬ ਦੇ ਝੰਡੇ ਹੇਠ ਹੀ ਲੜ ਰਹਿਆ ਸੀ। ਜ਼ਿੰਦਗੀ ਅਜੇ ਹੈ ਹੀ ਉਸ ਪੜਾ ਉਤ ਸੀ। ਹੀਰ ਤੇ ਕਾਜ਼ੀ ਦੇ ਝਗੜੇ ਦੇ ਸੀਨ ਤੋਂ ਜ਼ਾਹਰ ਹੈ ਕਿ ਰਬ ਦੀ ਮੋਹਰ ਦੇਹਾਂ ਦੇ ਹਥ ਵਿਚ ਹੈ। ਰਬ ਦਾ ਨਾਂ ਲੈ ਕੇ ਹੀਰ ਕਾਜ਼ੀ ਦੇ ਕਰਤਵ ਨੂੰ ਹਰਾਮ ਆਖਦੀ ਹੈ ਅਤੇ

[੭੧