ਪੰਨਾ:Alochana Magazine March 1958.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਰਦਨ ਕੂੰਜ ਦੀ ਉੱਗਲੀਆਂ ਰਵਾਂ ਫਲੀਆਂ,
ਹੱਥ ਕੂਲੜੇ ਬਰਗ ਚਨਾਰ ਵਿਚੋਂ।

ਸ਼ਾਹ ਪਰੀ ਦੀ ਭੈਣ ਪੰਜ ਫੂਲ ਰਾਣੀ,
ਗੁੱਝੀ ਰਹੇ ਨ ਹੀਰ ਹਜ਼ਾਰ ਵਿਚੋਂ।

ਵਾਰਿਸ ਸ਼ਾਹ ਜਾਂ ਨੈਣਾਂ ਦਾ ਦਾਉ ਲੱਗੇ,
ਕੋਈ ਬਚੇ ਨ ਜੂਏ ਦੀ ਹਾਰ ਵਿਚੋਂ।"

ਕਹਾਣੀ ਦੀ ਗੁੰਝਲ

ਕਹਾਣੀ ਦੀ ਗੁੰਝਲ ਨਾਇਕ ਤੇ ਨਾਇਕਾ ਦੀਆਂ ਅੱਖਾਂ ਮਿਲਦੇ ਸਰ ਪੈ ਜਾਂਦੀ ਹੈ। ਦੋਵੇਂ ਇਕੋ ਨਜ਼ਰ ਨਾਲ ਅਜ਼ਲੀ ਸਾਂਝ ਨੂੰ ਪਛਾਣ ਲੈਂਦੇ ਹਨ ਅਤੇ ਧਰਮ, ਲੋਕਾਚਾਰ ਅਤੇ ਮਾਂ-ਪਿਓ ਦੇ ਨੱਕ-ਨਮੂਜ਼ ਤੋਂ ਬੇਨਿਆਜ਼ ਹੋ ਜਾਂਦੇ ਹਨ। ਦਮੋਦਰ ਨੇ ਇਸ ਨਾਟਕੀ ਗੁੰਝਲ ਦੀ ਯਥਾਰਥਕਤਾ ਨੂੰ ਕੁੱਝ ਘਟਾਇਆ ਹੈ। ਉਸਨੇ ਮੁਲਾਕਾਤ ਤੋਂ ਪਹਿਲਾਂ ਰਾਂਝੇ ਨੂੰ ਹੀਰ ਬਖਸ਼ ਦਿਤੀ ਅਤੇ ਦੂਜੇ ਬੰਨੇ ਕਰਾਮਾਤ ਦੁਆਰਾ ਹੀਰ ਨੂੰ ਸੁਪਨੇ ਵਿਚ ਆਖ ਸੁਣਾਇਆ ਕਿ ਅਸਾਂ ਧੀਦੇ ਤੇਰੇ ਪੱਲੇ ਪਾ ਦਿਤਾ ਹੈ:-

"ਆਖ ਦਮੋਦਰ ਹੀਰ ਵਲੀਹਾਂ,
ਰਾਂਝੇ ਦੇ ਪੱਲੇ ਪਾਈ।"

"ਸੁਣੀ ਕੁੜੀਏ ਇਹ ਗੱਲ ਅਸਾਡੀ,
ਅਸਾਂ ਤੈਂਡੇ ਪੱਲੇ ਧੀਦੋ ਪਾਯਾ।"

ਇਸ ਦੇ ਉਲਟ ਵਾਰਿਸ ਦੀ ਕਹਾਣੀ ਵਿਚ ਨਾਟਕੀ ਅੰਸ਼ ਬਹੁਤ ਗੂੜ੍ਹਾ ਹੈ। ਰਾਂਝਾ ਹੀਰ ਦੇ ਪਲੰਘ ਤੇ ਲੰਮੀਆਂ ਤਾਣ ਕੇ ਘੂਕ ਸੁੱਤਾ ਪਇਆ ਹੈ। ਉਸ ਦੀ ਬੇਪਰਵਾਹੀ ਦੀ ਨੀਂਦ ਹੀਰ ਦੇ ਕ੍ਰੋਧ ਦੇ ਪਾਰੇ ਨੂੰ ਸਿਰੇ ਤਕ ਚਾੜ੍ਹ ਦਿੰਦੀ ਹੈ ਅਤੇ ਉਹ ਕਹਿਰ ਦੀ ਤਸਵੀਰ ਬਣ ਜਾਂਦੀ ਹੈ। ਰਾਂਝੇ ਦਾ ਇਕ ਸ਼ਬਦ ਤੇ ਉਸ ਦੇ ਮੂੰਹ ਦਾ ਇਕ ਝਲਕਾਰਾ ਹੀਰ ਦੇ ਕ੍ਰੋਧ ਤੇ ਕਹਿਰ ਨੂੰ ਮਿਹਰ ਵਿਚ ਬਦਲ ਜਾਂਦਾ ਹੈ। ਇਹ ਤਬਦੀਲੀ ਝਟਪਟੀ ਹੋਣ ਕਰਕੇ ਅਸਚਰਜਤਾ ਦੇਂਦੀ ਹੈ:-

“ਕੂਕੇ ਮਾਰ ਹੀ ਮਾਰ ਕੇ ਪਕੜ ਛਮਕਾਂ,
ਪਰੀ ਆਦਮੀ ਤੋਂ ਕਹਿਰਵਾਨ ਹੋਈ।

ਰਾਂਝੇ ਉੱਠ ਕੇ ਆਖਿਆ ਵਾਹ ਸੱਜਣ,
ਹੀਰ ਹੱਸ ਕੇ ਤੇ ਮਿਹਰਬਾਨ ਹੋਈ।

ਸੂਰਤ ਯੂਬਫ਼ ਦੀ ਵੇਖ ਤੈਮੂਸ ਬੇਟੀ,
ਸਨੇ ਮਾਲਕ ਬਹੁਤ ਹੈਰਾਨ ਹੋਈ।