ਪੰਨਾ:Alochana Magazine March 1958.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ਸ਼ਾਹ ਜ਼ਿਕਰ ਤਕ ਨਹੀਂ ਕੀਤਾ। ਇਸ ਤੋਂ ਬਿਨਾਂ ਪਾਤਰਾਂ ਵਿਚ ਵੀ ਚੋਖਾ ਫਰਕ ਹੈ। ਵਾਰਿਸ ਦੀ ਬਿਆਨੀ ਝਾਕੀ ਵਿਚ ਰਾਂਝਾ, ਹੀਰ, ਸਹਿਤੀ, ਰਵੇਲ ਬਾਂਦੀ, ਬਾਲ ਨਾਥ, ਮੁਰਾਦ ਬਲੋਚ, ਅਜੂ, ਸੈਦਾ ਤੇ ਅਦਲੀ ਰਾਜਾ ਤੇ ਕੈਦੋਂ ਬੋਲੇ ਹਨ। ਦਮੋਦਰ ਦੇ ਸਧ ਬਗਾਈ ਦੀ ਥਾਂ ਬਾਲ ਨਾਥ, ਅਲੀ ਦੀ ਥਾਂ ਅਜੂ, ਸਾਹਿਬਾਂ ਦੀ ਥਾਂ ਸੈਦਾ, ਰਾਮੂ ਬਾਹਮਣ ਦੀ ਥਾਂ ਮੁਰਾਦ ਬਲੋਚ, ਕੋਟ ਕਬੂਲੇ ਦੇ ਕਾਜ਼ੀ ਦੀ ਥਾਂ ਅਦਲੀ ਰਾਜਾ ਬੋਲਿਆ ਹੈ।

ਵਾਰਿਸ ਸ਼ਾਹ ਨੇ ਕਹਾਣੀ ਨੂੰ ਨੱਕ ਦੀ ਸੇਧ ਵਿਚ ਤੋਰਿਆ ਹੈ। ਰਾਂਝੇ ਦੇ ਰੰਗਪੁਰ ਤੋਂ ਵਾਪਸ ਆਉਣ ਤੇ ਉਸ ਨੂੰ ਦੋ ਪਾਸਿਆਂ ਤੋਂ ਉੱਤੇਜਨਾ ਮਿਲਦੀ ਹੈ। ਇਕ ਪਾਸੇ ਉਸ ਦੀਆਂ ਭਾਬੀਆਂ ਮਿਹਣੇ ਵਜੋਂ ਚਿੱਠੀ ਲਿਖ ਕੇ ਹੀਰ ਖੁਸਣ ਦੀ ਰੜਕ ਨੂੰ ਜਗਾਉਂਦੀਆਂ ਹਨ ਅਤੇ ਦੂਜੇ ਬੰਨੇ ਵਿਆਕੁਲ ਹੋਈ ਹੀਰ ਇਕ ਵਹੁਟੀ ਰਾਹੀਂ ਸੁਨੇਹਾ ਭੇਜਦੀ ਹੈ। ਇਹ ਦੁਵੱਲੀ ਚੋਭ ਰਾਂਝੇ ਨੂੰ ਟਿੱਲੇ ਦੇ ਰਾਹ ਤੋਰ ਦਿੰਦੀ ਹੈ। ਰਾਂਝਾ ਅਣਖ ਪਾਲਣ ਲਈ ਮਲਾਈਆਂ ਨਾਲ ਪਾਲੇ ਪਟੇ ਘਰੜ ਮੁਨਾਉਣ ਲਈ, ਸੋਨੇ ਵਰਗਾ ਪਿੰਡਾ ਸੁਆਹ ਵਿਚ ਲਿਬੇੜਨ ਲਈ ਅਤੇ ਸੋਨੇ ਦੇ ਬੁੰਦੇ ਲਾਹ ਕੇ ਕੰਨ ਪੜਵਾ ਕੇ ਮੰਦਰਾਂ ਪਾਉਣ ਲਈ ਤਿਆਰ ਹੋ ਜਾਂਦਾ ਹੈ। ਜੱਟ ਅਣਖ ਤੋਂ ਜ਼ਿੰਦਗੀ ਦੇ ਸਭ ਸੁਆਦ ਕੁਰਬਾਨ ਕਰ ਦੇਂਦਾ ਹੈ ਅਤੇ ਜੋਗ ਦੀ ਭੱਠੀ ਵਿਚ ਯੂਸਫ਼ੀ ਨੁਹਾਰ ਨੂੰ ਗਾਲ ਦੇਂਦਾ ਹੈ। ਜੋਗ ਦੀ ਪ੍ਰਾਪਤੀ ਪਿੱਛੋਂ ਜਦੋਂ ਬਾਲ ਨਾਥ ਅੰਤਮ ਨਸੀਹਤਾਂ ਦੇਂਦਾ ਹੈ ਤਾਂ ਸਾਫ਼-ਗੋ ਰਾਂਝਾ ਨਾਥ ਨੂੰ ਵਾਇਦਾ ਦੇਣ ਤੋਂ ਮੁਕਰ ਜਾਂਦਾ ਹੈ। ਰਾਂਝਾ ਵਾਇਦਿਆਂ ਤੇ ਕੌਲਾਂ ਦਾ ਸੂਰਮਾ ਹੈ, ਇਸ ਲਈ ਉਹ ਬਾਲ ਨਾਥ ਨੂੰ ਜ਼ਬਾਨ ਦੇਣੋਂ ਇਨਕਾਰੀ ਹੋ ਜਾਂਦਾ ਹੈ। ਇਥੇ ਰਾਂਝੇ ਦੇ ਚਲਨ ਦੀ ਸਪਸ਼ਟਤਾ ਤੇ ਉਗਰਤਾ ਝਾਕੀਆਂ ਮਾਰਦੀ ਨਜ਼ਰ ਪੈਂਦੀ ਹੈ:

ਨਾਬਾ ਜਿਉਂਦਿਆਂ ਮਰਨ ਹੈ ਖਰਾ ਔਖਾ,
ਸਾਥੋਂ ਇਹ ਨਾ ਵਾਇਦੇ ਹੋਵਣ ਜੀ।

ਅਸੀਂ ਜੱਟ ਹਾਂ ਨਾਹੜੀਆਂ ਕਰਨ ਵਾਲੇ,
ਅਸਾਂ ਕਚਕੜੇ ਨਹੀਂ ਪਰੋਵਣੇੇ ਜੀ।

ਰੰਨਾਂ ਨਾਲ ਜੋ ਵਰਜਦੇ ਚੇਲਿਆਂ ਨੂੰ,
ਇਹ ਗੁਰੂ ਨਾ ਬੰਨ੍ਹ ਕੇ ਚੋਵਣੇੇ ਜੀ।

ਰੰਨਾਂ ਦੇਣ ਗਾਲੀਂ ਅਸੀਂ ਚੁਪ ਰਹੀਏ,
ਐਡੇ ਸਬਰ ਦੇ ਪੈਰ ਕਿਸ ਧੋਵਣੋੋ ਜੀ।

ਹਸਣ ਖੇਡਣਾ ਤੁਸਾਂ ਦਾ ਮਨ੍ਹਾਂ ਕੀਤਾ,
ਅਸਾਂ ਧੂਏਂ ਦੇ ਗੋਹੇ ਨਹੀਂ ਢੋਵਣੇ ਜੀ।

ਜੋਗ ਮਿਲਦੇ ਸਾਰ ਰਾਂਝਾ ਸਿੱਧਾ ਹੀਰ ਦੇ ਦੇਸ ਤੇ ਚੜ੍ਹਾਈ ਕਰਦਾ ਹੈ।

੨੧