ਪੰਨਾ:Alochana Magazine March 1958.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੁੱਤਰ ਆਦਮ ਨੂੰ ਸ਼ੈਤਾਨ ਹੱਥੋਂ ਹਾਰ ਦੁਆ ਕੇ ਬਹਿਸ਼ਤੋਂ ਕਢਵਾ ਦਿੱਤਾ ਸੀ। ਇਸ ਲਈ ਵਾਰਿਸ ਸ਼ਾਹ ਕੈਦੋ ਪਾਸੋਂ ਰਾਂਝੇ ਨੂੰ ਕਿਵੇਂ ਜਿਤਾ ਸਕਦਾ ਸੀ? ਜੇ ਕਰ ਵਾਰਿਸ ਸ਼ਾਹ ਨੂੰ ਆਪਣੇ ਸਮੇਂ ਦੇ ਇਨਕਲਾਬੀ ਜੱਟਾਂ ਦੀ ਪਾਹੁ ਲੱਗ ਜਾਂਦੀ ਤਾਂ ਯਕੀਨਨ ਰਾਂਝੇ ਦੇ ਸਿਰ ਜਿੱਤ ਦਾ ਦੁਮਾਲਾ ਹੋਣਾ ਸੀ ਅਤੇ ਕੈਦੇ ਸ਼ੈਤਾਨ ਦਾ ਘੋਗਾ ਚਿੱਤ ਹੋਇਆ ਹੁੰਦਾ।

ਦਮੋਦਰ ਤੇ ਵਰਿਸ ਪੰਜਾਬੀ ਸਾਹਿਤ ਦੇ ਅਮਰ ਕਵੀ ਹਨ। ਦੋਹਾਂ ਨੇ ਵੀਹ ਵਿਸਵੇ ਇਕੋ ਇਕ ਹੀਰ ਦੀ ਕਹਾਣੀ ਲਿਖੀ ਹੈ। ਇਕ ਕਿੱਸੇ ਨਾਲ ਅਮਰ ਸਾਹਿਤਕਾਰਾਂ ਵਿਚ ਗਿਣੇ ਜਾਣਾ ਵਿਰਲਿਆਂ ਦੇ ਹਿੱਸੇ ਆਇਆ ਹੈ ਅਤੇ ਇਹ ਦੋਵੇਂ ਉਨ੍ਹਾਂ ਵਿਰਲਿਆਂ ਦੀ ਸ਼੍ਰੇਣੀ ਵਿਚੋਂ ਹਨ। ਦਮੋਦਰ ਪੰਜਾਬੀ ਕਹਾਣੀ ਦੀ ਕਲਾਮਈ ਗੋਂਦ ਦਾ ਮੋਢੀ ਹੈ ਅਤੇ ਵਾਰਿਸ ਨਾਟਕੀ ਕਵਿਤਾ ਦਾ। ਇਸ ਤੋਂ ਬਿਨਾਂ ਮੇਰਾ ਅਨੁਮਾਨ ਹੈ ਕਿ ਵਾਰਿਸ ਦੇ ਪਾਏ ਦੀ ਚਟਪਟੀ ਵਾਰਤਾਲਾਪ ਲਿਖਣ ਵਾਲਾ ਅਜੇ ਤਕ ਪੈਦਾ ਨਹੀਂ ਹੋਇਆ। ਦਮੋਦਰ ਰਚਿਤ ਹੀਰ-ਕਾਵਿ ਦੀ ਸਫ਼ਲ ਕਹਾਣੀ ਨੇ ਹੀਰ ਨੂੰ ਪੰਜਾਬਣਾਂ ਦੀ ਪਵਿੱਤਰਤਾ, ਦ੍ਰਿੜ੍ਹਤਾ ਤੇ ਸੂਰਮਗਤੀ ਦੇ ਪਖੋਂ ਆਦਰਸ਼ਕ ਮੁਟਿਆਰ ਬਣਾ ਦਿੱਤਾ ਹੈ। ਵਾਰਿਸ ਸ਼ਾਹ ਦੇ ਕਾਮਯਾਬ ਚਰਿਤਰ ਚਿਤਰਣ ਨੇ ਰਾਂਝੇ ਨੂੰ ਪੰਜਾਬੀ ਗਭਰੂਆਂ ਦਾ ਆਦਰਸ਼ ਬਣਾ ਦਿੱਤਾ ਹੈ ਜੋ ਹਰ ਮੁਹਿੰਮ ਨੂੰ ਹਿੱਕ ਥਾਪੜ ਕੇ ਸਿਰੇ ਚਾੜ੍ਹਨ ਲਈ ਸਦਾ ਤਿਆਰ-ਬਰ- ਤਿਆਰ ਰਹਿੰਦੇ ਹਨ। ਇਨ੍ਹਾਂ ਦੋਹਾਂ ਕਵੀਆਂ ਦੀ ਇਹ ਮਹਾਨ ਦੇਣ ਪੰਜਾਬ ਦੇ ਸਭਿਆਚਾਰ ਨੂੰ ਚਾਰ ਚੰਦ ਲਾਉਂਦੀ ਹੈ ਅਤੇ ਇਉਂ ਸਮੁਚੇ ਪੰਜਾਬ ਵਾਸੀ ਇਨ੍ਹਾਂ ਦੋਹਾਂ ਕਵੀਆਂ ਦੇ ਸਦਾ ਹੀ ਅਹਿਸਾਨਮੰਦ ਰਹਿਣਗੇ।

-0-

ਆਲੋਚਨਾ ਲਈ

ਆਪਣੇ ਬਹੁ-ਮੁੱਲੇ ਲੇਖ

ਭੇਜ ਕੇ

ਮਾਤ-ਭਾਸ਼ਾ ਪੰਜਾਬੀ

ਦੀ।

ਸੇਵਾ ਕਰੋ।