ਪੰਨਾ:Alochana Magazine March 1958.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਲ ਸਿੰਘ ਐਮ. ਏ., ਗਿਆਨੀ ਪਟਿਆਲਾ-

ਹੀਰ ਦੀ ਕਹਾਣੀ*

ਹੀਰ ਪੰਜਾਬ ਦੀਆਂ ਮੁਟਿਆਰਾਂ ਦੀ ਪ੍ਰਤੀਨਿਧ ਅਮਰ ਹਸਤੀ ਹੈ। ਪਿਛਲੀਆਂ ਪੰਜ ਕੁ ਸਦੀਆਂ ਤੋਂ ਹੀਰ ਦਾ ਨਾਂ ਇਥੋਂ ਦੇ ਵਤਾਵਰਣ ਵਿਚ ਗੂੰਜ ਰਹਿਆ ਹੈ। ਤ੍ਰਿੰਞਣਾਂ ਵਿਚ ਕਤਦੀਆਂ, ਖੇਤਾਂ ਵਿਚ ਮ੍ਹੇਲਦੀਆਂ, ਪੀਂਘਾਂ ਝੂਟਦੀਆਂ ਤੇ ਗਿੱਧੇ ਦੇ ਪਿੜ ਵਿਚ ਨੱਚਦੀਆਂ ਛੈਲਾਂ ਦੀ ਮੁਰਹਿਲਣ ਨੂੰ ਸੁਤੇ ਸਿੱਧ ਹੀ 'ਹੀਰ' ਆਖ ਦਿਤਾ ਜਾਂਦਾ ਹੈ।

ਭਾਵੇਂ ਸੋਹਣੀ, ਸੱਸੀ, ਸਾਹਿਬਾਂ ਆਦਿ ਕਈ ਮੁਟਿਆਰਾਂ ਦੀਆਂ ਕਹਾਣੀਆਂ ਸਾਡੇ ਕਿੱਸਾ-ਸਾਹਿਤ ਵਿਚ ਬੋਲਦੀਆਂ ਹਨ, ਪਰ ਕਵੀ ਦਮੋਦਰ ਦੇ ਕਹਾਣੀ-ਰਸ ਨੇ ਅਤੇ ਵਾਰਿਸ ਸ਼ਾਹ ਦੇ ਨਾਟਕੀ ਬਿਆਨ ਨੇ ਹੀਰ ਦੀ ਕਹਾਣੀ ਨੂੰ ਹਜ਼ਾਰਾਂ ਵਿਚੋਂ ਨਿਵੇਕਲੀ ਬਣਾ ਦਿਤਾ ਹੈ । ਇਨ੍ਹਾਂ ਦੀ ਕਲਮ ਕਰਾਮਾਤ ਕਾਰਣ ਬਾਕੀ ਕੁੜੀਆਂ ਤਾਰੇ ਬਣ ਕੇ ਰਹਿ ਗਈਆਂ ਅਤੇ ਹੀਰ ਸਲੇਟੀ ਚੰਦ ਵਾਂਗ ਪੰਜਾਬੀ ਕਾਵਿ ਦਾ ਆਕਾਸ ਮੱਲ ਬੈਠੀ ਹੈ।

ਦਮੋਦਰ ਪਹਿਲਾ ਕਵੀ ਹੈ ਜਿਸ ਨੇ ਅਕਬਰ ਦੇ ਸਮੇਂ ਹੀਰ ਦੀ ਲਿਖਤੀ ਕਹਾਣੀ ਦਾ ਮੁੱਢ ਬੱਧਾ। ਇਸ ਤੋਂ ਪਿਛੋਂ ਜਹਾਂਗੀਰ ਦੇ ਦਰਬਾਰੀ ਕਵੀ ਗੰਗ ਤੇ ਫੇਰ ਔਰੰਗਜ਼ੇਬ ਦੇ ਸਮੇਂ ਅਹਿਮਦ ਗੁੱਜਰ ਨੇ ਹੀਰ ਲਿਖੀ। ਗੁਰੂ ਗੋਬਿੰਦ ਸਿੰਘ, ਗੁਰਦਾਸ ਗੁਣੀ ਤੇ ਮੁਕਬਲ ਆਦਿ ਸ਼ਾਇਰਾਂ ਤੋਂ ਪਿਛੋਂ ੧੭੬੫ ਈਸਵੀ ਵਿਚ ਵਾਰਿਸ ਸ਼ਾਹ ਨੇ ਹੀਰ ਨਾਂ ਦਾ ਮਹਾ-ਕਾਵਿ ਰਚਿਆ। ਇਸ ਤਰ੍ਹਾਂ ਦਮੋਦਰ ਪਹਿਲਾ ਤੇ ਵਾਰਿਸ ਲਗ-ਭਗ ਸੱਤਵਾਂ ਕਵੀ ਹੈ, ਜਿਨ੍ਹਾਂ ਦੇ ਕਿੱਸਿਆਂ ਨੂੰ ਆਧਾਰ ਬਣਾ ਕੇ ਮੈਂ ਹੀਰ ਦੀ ਕਹਾਣੀ ਲਿਖਣ ਲਗਾ ਹਾਂ।

ਹੀਰ ਤੇ ਰਾਂਝਾ ਕਦੋਂ ਜੰਮੇ, ਕਿਹੜੇ ਸਾਲਾਂ ਵਿਚ ਪੰਜਾਬ ਦੀ ਧਰਤੀ ਤੇ ਖੇਡੇ ਅਤੇ ਕਿਸ ਵਰ੍ਹੇ ਇਨ੍ਹਾਂ ਦੇ ਕਲਬੂਤ ਗੋਰ ਵਿਚ ਸਮਾਏ ਆਦਿ ਸਵਾਲਾਂ ਦਾ ਭਰੋਸੇ ਯੋਗ ਜਵਾਬ ਪੰਜਾਬ ਦੇ ਇਤਿਹਾਸ ਵਿਚ ਨਹੀਂ ਮਿਲਦਾ। ਵਾਰਿਸ ਸ਼ਾਹ


  • ਦਮੋਦਰ ਤੇ ਵਾਰਿਸ ਸ਼ਾਹ ਦੀ ਜ਼ਬਾਨੀ।