ਪੰਨਾ:Alochana Magazine March 1958.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਈ ਵਾਰ ਕਹਾਣੀ ਅਤੇ ਗੋਂਦ ਦੇ ਅਰਥਾਂ ਨੂੰ ਰਲਗੱਡ ਕਰ ਦਿੱਤਾ ਜਾਂਦਾ ਹੈ। ਅਸਲ ਵਿਚ ਕਹਾਣੀ ਗੋਂਦ ਨਹੀਂ ਸਗੋਂ ਕਹਾਣੀ ਵਿੱਚ ਗੋਂਦ ਹੁੰਦੀ ਹੈ। ਗੋਂਦ ਕਹਾਣੀ ਹੁੰਦੀ ਹੈ। ਗੋਂਦ ਕਹਾਣੀ ਰਚਨ ਦੀ ਯੁਕਤੀ ਤੇ ਨਿਆਇ ਦਾ ਨਾਂ ਹੈ। ਘਟਨਾਵਾਂ ਘੜਨ ਜੋੜਨ ਅਤੇ ਮਨੋਰਥ ਨੂੰ ਮੁੱਖ ਰਖ ਕੇ ਆਦਿ ਤੋਂ ਲੈ ਕੇ ਅੰਤ ਤੱਕ ਕਹਾਣੀ ਦੀ ਚਾਲ, ਘਟਨਾਂਬੰਦੀ, ਆਦਿ, ਮੱਧ, ਅੰਤ ਦੀ ਉਸਾਰੀ, ਇਸ ਦੇ ਤੋੜ ਜੋੜ, ਵਿੰਗ ਟੇਡ, ਲੰਮ ਦੌੜ ਨੂੰ ਨਿਸ਼ਚਿਤ ਕਰਨ ਵਾਲੀ ਵਿਉਂਤ ਨੂੰ ਗੋਂਦ ਦਾ ਨਾਂ ਦਿੱਤਾ ਜਾਂਦਾ ਹੈ ਅਤੇ ਜਦ ਸਾਨੂੰ ਗੋਂਦਾਂ ਦਾ ਟਾਕਰਾ ਕਰਨਾ ਹੋਵੇ ਤਾਂ ਵੱਖ ਵੱਖ ਲਖਕਾਂ ਵਲੋਂ ਘਟਨਾਬੰਦੀ ਦੀ ਤਰਤੀਬ ਤੇ ਘਟਨਾਵਾਂ ਦੀ ਪ੍ਰਕ੍ਰਿਤੀ ਵਿੱਚ ਲਇਆਂਦੀਆਂ ਤਬਦੀਲੀਆਂ, ਉਨ੍ਹਾਂ ਦੇ ਕਾਰਣ ਸਾਰਥਕਤਾ ਦਾ ਵਿਵੇਚਨ ਕਰਨਾ ਜ਼ਰੂਰੀ ਹੋ ਜਾਂਦਾ ਹੈ। ਇਸ ਥਾਂ ਕਹਾਣੀ ਮੁੱਖ ਰੂਪ ਵਿੱਚ ਇੱਕੋ ਹੀ ਹੈ, ਅਰਥਾਤ ਹੀਰ ਰਾਂਝੇ ਦੀ ਕਹਾਣੀ, ਇਸ ਲਈ ਵੱਖ ਵੱਖ ਕਿੱਸਾਕਾਰ ਇਸ ਵਿੱਚ ਬਹੁਤ ਘੱਟ ਤਬਦੀਲੀਆਂ ਲਇਆ ਸਕਦੇ ਹਨ, ਫਿਰ ਵੀ ਇਨ੍ਹਾਂ ਵਿਚੋਂ ਤਕਰੀਬਨ ਸਾਰਿਆਂ ਨੇ ਘੱਟ ਜਾਂ ਵੱਧ ਮਾਤ੍ਰਾ ਵਿੱਚ ਇਹ ਤਬਦੀਲੀਆਂ ਲਇਆਂਦੀਆਂ ਜ਼ਰੂਰ ਹਨ ਅਤੇ ਹਰ ਇੱਕ ਨੇ ਕੁਝ ਨਾ ਕੁਝ ਨਿਜੀ ਵਾਧੇ ਘਾਟੇ ਕੀਤੇ ਹਨ। ਇਨ੍ਹਾਂ ਦੀ ਤੁਲਨਾ ਇੱਕ ਦਿਲਚਸਪ ਸਾਹਿਤਕ ਅਧਿਐਨ ਦਾ ਮਜ਼ਮੂਨ ਜ਼ਰੂਰ ਹੋ ਸਕਦੀ ਹੈ।

ਹੀਰ ਦੀ ਕਹਾਣੀ ਤਿੰਨ ਪ੍ਰਕਾਰ ਦੀਆਂ ਘਟਨਾਵਾਂ ਦਾ ਜੋੜ ਮੇਲ ਕਹੀ ਜਾ ਸਕਦੀ ਹੈ।

੧. ਸੰਭਵ ਅਤੇ ਸੁਭਾਵਿਕ ਘਟਨਾਵਾਂ।
੨. ਅਸੰਭਵ ਘਟਨਾਵਾਂ।
੩. ਕਰਾਮਾਤੀ ਘਟਨਾਵਾਂ ਅਤੇ ਪਰਾਸਰੀਰਕ ਸ਼ਕਤੀਆਂ ਦੇ ਕੌਤਕ।

ਉਪਰੋਕਤ ਕਵੀਆਂ ਨੇ ਸੰਭਵ ਘਟਨਾਵਾਂ ਨੂੰ ਬਹੁਤ ਘੱਟ ਬਦਲਿਆ। ਕੁਝ ਹਾਲਤਾਂ ਵਿੱਚ ਇਨ੍ਹਾਂ ਦੀ ਕਾਂਟ ਛਾਂਟ ਜ਼ਰੂਰ ਕੀਤੀ ਹੈ। ਵਿਸਤਾਰ ਵਿੱਚ ਫ਼ਰਕ ਪਾਇਆ ਹੈ। ਕੁਝ ਇਸੇ ਪ੍ਰਕਾਰ ਦੀਆਂ ਨਵੀਆਂ ਘਟਨਾਵਾਂ ਦਾ ਵਾਧਾ ਵੀ ਕੀਤਾ ਹੈ। ਅਸੰਭਵ ਘਟਨਾਵਾਂ ਨੂੰ ਹੀਰ ਦੇ, ਵਾਰਿਸ ਤੋਂ ਪਿਛਲੇ ਕਿੱਸਾਕਾਰ ਕਵੀਆਂ ਨੇ ਕਿਸੇ ਹੱਦ ਤੱਕ ਸੰਭਵ ਰੂਪ ਦੇਣ ਦਾ ਯਤਨ ਵੀ ਕੀਤਾ ਹੈ। ਕਰਾਮਾਤੀ ਅੰਸ਼ ਵੀ ਇੱਕ ਪ੍ਰਕਾਰ ਦਾ ਅਸੰਭਵ ਅੰਸ਼ ਹੀ ਹੈ। ਇਸ ਅੰਸ਼ ਨਾਲ ਇਨ੍ਹਾਂ ਕਿੱਸਾਕਾਰਾਂ ਨੇ ਜੋ ਸਲੂਕ ਕੀਤਾ ਉਹ ਵਿਸ਼ੇਸ਼ ਧਿਆਨ ਮੰਗਦਾ ਹੈ।

ਉੱਕਤ ਪਰਿਵਰਤਨ ਕਿਉਂ ਵਾਪਰੇ? ਇਨ੍ਹਾਂ ਦੀ ਪ੍ਰਕ੍ਰਿਤੀ ਕੀ ਹੈ? ਅਤੇ ਜੋ ਹੈ ਉਹ ਕਿਉਂ ਹੈ? ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਲਈ ਸਾਨੂੰ ਹਰ ਵਖਰੇ ਰਚਨਹਾਰ ਦੀ ਕਿਰਤ ਵਿਚਾਰਨੀ ਪਏਗੀ। ਹਰ ਕਵੀ ਆਪਣੀ ਰਚਨਾ ਵਿਚ ਨਵੇਕਲੀ ਕਲਾ ਦੀ ਪ੍ਰਦਰਸ਼ਨੀ ਕਰਾਉਂਦਾ ਹੈ। ਉਸ ਦਾ ਯਤਨ ਪਹਿਲੀਆਂ

੨੮