ਪੰਨਾ:Alochana Magazine March 1958.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਤਰ੍ਹਾਂ ਵਾਰਿਸ ਨੇ ਆਪਣੀ ਕਹਾਣੀ ਦਾ ਆਰੰਭ ਰਾਂਝੇ ਵਾਲੇ ਪਾਸਿਓਂ ਕੀਤਾ। ਭਗਵਾਨ ਸਿੰਘ ਤੇ ਕਿਸ਼ਨ ਸਿੰਘ ਆਰਿਫ਼ ਨੇ ਵੀ ਵਾਰਿਸ ਦਾ ਤਰੀਕਾ ਅਪਣਾਇਆ ਹੈ। ਦੋਨੋਂ ਤਖਤ ਹਜ਼ਾਰੇ ਦੇ ਚੌਧਰੀ, ਉਸ ਦੀ ਉਲਾਦ ਤੇ ਉਸ ਦੇ ਮਰਨ ਤੋਂ ਕਿੱਸਾ ਸ਼ੁਰੂ ਕਰਦੇ ਹਨ। ਇਸ ਦੇ ਉਲਟ ਫ਼ਜ਼ਲ ਸ਼ਾਹ ਨੇ ਝੰਗ ਨੂੰ ਕਿਸੇ ਦਾ ਪ੍ਰਾਰੰਭਕ ਘਟਨਾ ਸਥਲ ਬਣਾਇਆ ਹੈ। ਝੰਗ ਜੋ ਹੀਰ ਦਾ ਪਿੰਡ ਹੈ ਚੂਚਕ ਜੋ ਝੰਗ ਦਾ ਚੌਧਰੀ ਤੇ ਹੀਰ ਦਾ ਪਤਾ ਹੈ। ਹੀਰ ਦੇ ਜਨਮ ਤੋਂ ਲੈ ਕੇ ਬਾਰਾਂ ਸਾਲ ਦੀ ਯੁਵਾ ਅਵਸਥਾ ਤੱਕ ਦਾ ਹੀਰ ਦਾ ਹਾਲ, ਇਹ ਕਿੱਸੇ ਦੇ ਪਹਿਲੇ ਬਿਆਨ ਭਾਗ ਵਿਚ ਆਇਆ ਹੈ। ਕੀ ਇਸ ਦਾ ਅਰਥ ਇਹ ਲਈਏ ਕਿ ਫ਼ਜ਼ਲ ਸ਼ਾਹ ਹੀਰ ਨੂੰ ਕਥਾਨਕ ਦਾ ਪ੍ਰਮੁੱਖ ਪਾਤਰ ਸਮਝਦਾ ਹੈ ਅਤੇ ਰਾਂਝੇ ਨੂੰ ਉਸ ਨਾਲੋਂ ਦੂਜੇ ਦਰਜੇ ਤੇ? ਉਸ ਦੀ ਸਾਰੀ ਰਚਨਾ ਨੂੰ ਪੜ੍ਹਨ ਉਪਰੰਤ ਅਜਿਹਾ ਨਿਸ਼ਚਾ ਨਹੀਂ ਬਣਦਾ ਅਤੇ ਉਸ ਦਾ ਕਿੱਸੇ ਦਾ ਇਹ ਨਵੇਕਲਾ ਮੁੱਢਕਰਨ, ਵਿਸ਼ੇਸ਼ ਕਰਕੇ ਉਸ ਦੀ ਆਪਣੀ ਨਵੇਕਲੀ ਬਿਆਨੀਆਂ ਜਾਚ ਵਲ ਹੀ ਸੰਕੇਤ ਕਰਦਾ ਜਾਪਦਾ ਹੈ।

ਫ਼ਜ਼ਲ ਸ਼ਾਹ ਕਵੀ ਦਮੋਦਰ ਦੀ ਜਾਚ ਅਨੁਸਾਰ ਹੀਰ ਨੂੰ ਬਾਰਾਂ ਸਾਲ ਦੀ ਕਰਕੇ ਫਿਰ ਤਖਤ ਹਜ਼ਾਰੇ ਤੇ ਉਥੇ ਦੇ ਵਸਨੀਕਾਂ ਦੀ ਗੱਲ ਤੋਰਦਾ ਹੈ। ਉਸ ਅਨੁਸਾਰ ਮੌੌਜੂ ਚੌਧਰੀ ਸੱਤਰ ਸਾਲ ਦਾ ਸੀ ਜਦ ਰਾਂਝੇ ਦਾ ਜਨਮ ਹੋਇਆ।

ਸੱਤਰ ਬਰਸ ਦਾ ਨੂਰ ਮੂੰਹ ਤੇ ਦਾਣੇ ਦਾਣੇ ਅਨਾਰ ਸੀ ਮਾਸ ਮੀਆਂ।
ਬੰਦੇ ਸੱਤ ਜਵਾਨ ਮਿਸਾਲ ਰੁਸਤਮ ਦੁਸ਼ਮਣ ਜਾਣ ਕੇ ਮਰੇ ਹਰਾਸ ਮੀਆਂ।

(ਫ਼ਜ਼ਲ ਸ਼ਾਹ)

, ਫ਼ਜ਼ਲ ਸ਼ਾਹ ਮੌਜੂ ਦੀਆਂ ਦੋ ਧੀਆਂ ਦਾ ਜ਼ਿਕਰ ਨਹੀਂ ਕਰਦਾ ਪਰ ਇਹ ਭੇਦ ਬਹੁਤ ਮਾਮੂਲੀ ਤੇ ਨਿਰਾਰਥ ਹੈ। ਜਿਥੇ ਵਾਰਿਸ ਵਾਂਗ ਭਗਵਾਨ ਸਿੰਘ ਤੇ ਕਿਸ਼ਨ ਸਿੰਘ ਰਾਂਝੇ ਨੂੰ ਮੱਸ-ਭਿਨਾ ਜਵਾਨ ਵਜੋਂ ਹੀ ਪੇਸ਼ ਕਰਦੇ ਹਨ। ਫਜ਼ਲ ਸ਼ਾਹ ਉਸਦੀ ਜਨਮ ਤੋਂ ਚੌਦਾਂ ਸਾਲ ਦੀ ਵਰੇਸ ਤੱਕ ਦੀ ਤਸਵੀਰ ਖਿੱਚਦਾ ਹੈ। ਰਾਂਝੇ ਦੀ ਪਾਤਰ ਉਸਾਰੀ ਵਿਚ ਨਵੀਂ ਗੱਲ ਇਹ ਦਿਖਾਈ ਹੈ ਕਿ ਉਸ ਨੂੰ ਹਰ ਪ੍ਰਕਾਰ ਦੀ ਵਿਦਿਆ ਨਾਲ ਭੂਸ਼ਿਤ ਕੀਤਾ ਜਾਂਦਾ ਦਰਸਾਇਆ ਗਇਆ ਹੈ। ਰਾਂਝੇ ਨੂੰ ਇਸ ਤਰ੍ਹਾਂ ਪੜ੍ਹਿਆ ਲਿਖਿਆ ਤੇ ਵਿਦਵਾਨ ਪ੍ਰਗਟ ਕਰਕੇ ਫ਼ਜ਼ਲ ਸ਼ਾਹ ਨੇ ਅਗੇ ਚੱਲ ਕੇ ਰਾਂਝੇ ਦੇ ਹਥੋਂ ਹੀਰ ਨੂੰ ਫ਼ਾਰਸੀ ਵਿਚ ਖਤ ਲਿਖਵਾਉਣ ਦੀ ਸੰਭਾਵਨ ਦੀ ਬੁਨਿਆਦ ਕਾਇਮ ਕਰ ਦਿਤੀ ਹੈ। ਦੂਜੇ ਕਵੀਆਂ ਨੇ ਰਾਂਝੇ ਨੂੰ ਨਿਪਟ, ਅਨਪੜ੍ਹ ਤੇ ਗੰਵਾਰ ਹੀ ਰਖਿਆ ਹੈ। ਇਸ ਦੇ ਬਾਵਜੂਦ ਜੋਗੀ ਦੇ ਰੂਪ ਵਿਚ ਉਹ ਰਾਂਝੇ ਨੂੰ ਮਹਾਂਗਿਆਨੀ ਤੇ ਚਤਰ, ਧੁਰੰਧਰ ਵਿਦਵਾਨ ਵਜੋਂ ਪੇਸ਼ ਕਰ ਜਾਂਦੇ ਹਨ।