ਪੰਨਾ:Alochana Magazine March 1958.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਖ਼ਤ ਹਜ਼ਾਰੇ ਤੋਂ ਵਿਦਾਇਗੀ

ਰਾਂਝੇ ਨੇ ਤਖ਼ਤ ਹਜ਼ਾਰਾ ਕਿਉਂ ਛਡਿਆ? ਇਸ ਬਾਰੇ ਇਨ੍ਹਾਂ ਕਵੀਆਂ ਦੀਆਂ ਰਚਨਾਵਾਂ ਵਿਚੋਂ ਬੜੇ ਸੂਖਮ ਜਿਹੇ ਅੰਤਰ ਹਨ। ਵਾਰਿਸ ਨੇ ਦਸਿਆ ਕਿ ਭਰਾਵਾਂ ਦੇ ਵੈਰ, ਭਰਜਾਈਆਂ ਦੀ ਲੜਾਈ ਤੇ ਉਨ੍ਹਾਂ ਵਲੋਂ ਰਾਂਝੇ ਨੂੰ ਮਾਰੀ ਗਈ ਹੀਰ ਦੇ ਵਿਆਹ ਲਇਆਉਣ ਬਾਰੇ ਬੋਲੀ ਦੇ ਕਾਰਣ ਰਾਂਝਾ ਉਦਾਸ ਹੋ ਕੇ ਘਰੋਂ ਨਿਕਲ ਤੁਰਿਆ ਸੀ। ਉਹ ਆਪਣੀਆਂ ਭਾਬੀਆਂ ਉਤੇ ਹੀਰ ਨੂੰ ਜਿੱਤ ਲੈਣ ਵਾਲੀ ਸ਼ਕਤੀ ਦਾ ਸਬੂਤ ਪੇਸ਼ ਕਰਨ ਤੇ ਉਧਾਰ ਖਾਈ ਬੈਠਾ ਸੀ।

ਭਗਵਾਨ ਸਿੰਘ ਨੇ ਰਾਂਝੇ ਨੂੰ ਕੇਵਲ ਹੀਰ ਪ੍ਰਾਪਤੀ ਦੀ ਲਾਲਸਾ ਵਿਚ ਹੀ ਘਰ ਬਾਰ ਛਡਦੇ ਨਹੀਂ ਦਿਖਾਇਆ। ਇਉਂ ਭਾਸਦਾ ਹੈ ਜਿਵੇਂ ਰਾਂਝੇ ਦੀ ਹਲਤ ਜੱਟ ਟੱਬਰ ਵਿਚ ਅਣਵਿਆਹੇ ਛੋਟੇ ਭਰਾ ਦੀ ਹੋਵੇ ਜਿਸ ਕੋਲੋਂ ਉਸਦੇ ਵਡੇ ਭਰਾ ਪਰਵਾਰ ਲਈ ਚੰਗਾ ਕਾਮਾਂ ਬਣਨ ਤੋਂ ਛੁਟ ਹੋਰ ਕੋਈ ਮੰਗ ਨਹੀਂ ਮੰਗਦੇ। ਰਾਂਝਾ ਸੁਹਲ ਸੁਭਾ ਤੇ ਸੁਹਲ ਸਰੀਰ ਹੋਣ ਕਰਕੇ ਅਜਿਹਾ ਕਾਮਾ ਨਹੀਂ ਬਣ ਸਕਦਾ ਅਤੇ ਇਸ ਤਰ੍ਹਾਂ ਸਭਨਾਂ ਦੇ ਤ੍ਰਿਸਕਾਰ ਦਾ ਕੇਂਦਰ ਬਣ ਜਾਂਦਾ ਹੈ, ਜਿਸ ਨੂੰ ਨਾ ਸਹਾਰਦਾ ਹੋਇਆ ਉਹ ਘਰੋਂ ਨਿਕਲ ਤੁਰਨ ਤੇ ਮਜਬੂਰ ਹੋ ਜਾਂਦਾ ਹੈ। ਪਹਿਲੋਂ ਮੌਜੂ ਦੀ ਮੌਤ ਵੇਲੇ ਗਮ-ਕੁੱਠੇ ਰਾਂਝੇ ਨੂੰ ਉਸ ਦੇ ਭਰਾ ਦਿਲਾਸਾ ਦਿੰਦੇ ਦਿਖਾਏ ਹਨ।

ਡਾਹ ਕੇ ਪਲੰਗ, ਰੰਗ ਮਾਣ ਨਾਲ ਭਾਬੀਆਂ ਦੇ,
ਖਾ ਪੀ ਪਹਿਨ ਜਿਹੜਾ ਤੇਰੇ ਮਨ ਭਾਉਂਦਾ।

(ਭਗਵਾਨ ਸਿੰਘ)

ਪਰ ਫੇਰ

ਭਾਬੀਆਂ ਪੁਕਾਰਨ ਰੰਝੇਟੇ ਨੂੰ ਕਰੋਧ ਨਾਲ,
ਖਾਂਵਨਾ ਹਰਾਮ ਤੂੰ ਤਾਂ ਚੋਟੜਾ ਹੈਂ ਕੰਮ ਦਾ।

(ਭਗਵਾਨ ਸਿੰਘ)

ਵਾਹੀਕਾਰ ਜੱਟ ਸਮਾਜ ਵਿਚ ਵੜੇ ਭਰਾ ਨਾਲ ਜੋ ਸਲੂਕ ਆਮ ਤੌਰ ਤੇ ਰਵਾ ਰਖਿਆ ਜਾਂਦਾ ਹੈ ਤੇ ਜਿਸ ਦਾ ਅਨੁਭਵ ਭਗਵਾਨ ਸਿੰਘ ਨੂੰ ਹੋਣਾ ਕੁਦਰਤੀ ਹੈ ਉਸ ਦਾ ਰਾਂਝਾ ਅਤੇ ਉਸ ਦੀ ਹੋਈ ਦੁਰਗਤ ਮੂੰਹ ਬੋਲਦੀ ਤਸਵੀਰ ਹੈ। ਜੇ ਕਰ ਉਹ ਚੰਗਾ ਕਾਮਾ ਹੈ ਤਾਂ ਘਰ ਵਿਚ ਆਦਰ ਭਾਓ ਸਭ ਕੁਝ ਹੈੈ ਨਹੀਂ ਖੁਆਰੀ ਤੋਂ ਛੁਟ ਕੁਝ ਨਹੀਂ, ਕਿਉਂਕਿ-

ਬਿਨਾ ਕੰਮ ਕਾਰ ਨਾ ਬਿਠਾਵੇ ਕਿਸੇ ਤਾਈਂ,
ਬਿਨਾ ਕੰਮ ਕਾਰ ਚੋਰ ਮਾਰਨ ਪੁਕਾਰਦੇ।

(ਭਗਵਾਨ ਸਿੰਘ)

੩੨