ਪੰਨਾ:Alochana Magazine March 1958.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਦੇ ਨਾਲ ਹੀ ਉਸਨੂੰ ਹੀਰ ਦੇ ਹੁਸਨ ਦਾ ਪਤਾ ਤੇ ਸ਼ੌਕ ਵੀ ਹੈ। ਇਸ ਹੁਸਨ ਦਾ ਪਤਾ ਰਾਂਝੇ ਨੂੰ ਕਿਵੇਂ ਲੱਗਾ, ਕਿਸ਼ਨ ਸਿੰਘ ਨੇ ਇਸ ਤਰ੍ਹਾਂ ਦੱਸਿਆ ਹੈ--

ਸੁਣੀ ਹੋਈ ਸੀ ਹੀਰ ਦੀ ਆਗੇ ਸਿਫਤ ਸਨਾ,

ਜਾਂ ਸੁੱਤਾ ਵਿਚ ਖਾਬ ਦੇ ਕਿਹਾ ਹੀਰ ਨੇ ਆ,

ਆ ਮਿਲ ਮੈਨੂੰ ਪਿਆਰਿਆ ਝੱਬਦੇ ਮੂੰਹ ਵਿਖਾ।

(ਕਿਸ਼ਨ ਸਿੰਘ ਆਰਿਫ)

ਫ਼ਜ਼ਲ ਸ਼ਾਹ ਨੇ ਭਾਬੀਆਂ ਨੂੰ ਜਦ ਰਾਂਝੇ ਨਾਲ ਲੜਦੇ ਪਾਇਆ ਤਾਂ ਇਸ ਤਕਰਾਰ ਵਿਚ ਉਹਨਾਂ ਕੋਲੋਂ ਹੀਰ ਦਾ ਨਾਂ ਲਇਆ ਗਇਆ ਦਸਿਆ ਹੈ। ਰਾਂਝਾ ਬਿਨਾਂ ਦੇਖੇ ਬੁਝੇ ਹੀਰ ਉਤੇ ਮੋਹਿਤ ਹੋ ਜਾਂਦਾ ਹੈ। ਇਸ ਪਿਛੋਂ ਰਾਂਝੇ ਨੂੰ ਸੁਪਨੇ ਵਿਚ ਹੀਰ ਦੇ ਦਰਸ਼ਨ ਵੀ ਹੁੰਦੇ ਹਨ। ਫ਼ਜ਼ਲ ਸ਼ਾਹ ਅਨੁਸਾਰ ਜਦ ਰਾਂਝਾ ਪਿਓ ਅਤੇ ਮਾਂ ਦੀ ਕਬਰ ਤੇ ਹਈ-ਕਲੋਪ ਕਰਦਾ ਬੇਹੋਸ਼ ਹੋ ਕੇ ਡਿਗ ਪੈਂਦਾ ਹੈ ਤਾਂ ਇਸ ਬੇਹੋਸ਼ੀ ਦੀ ਹਾਲਤ ਵਿਚ ਇਕ ਵਾਰ ਫੇਰ ਹੀਰ ਦਾ ਦੀਦਾਰ ਹੁੰਦਾ ਹੈ ਅਤੇ ਉਹ ਉਸ ਨੂੰ ਝੰਗ ਪਹੁੰਚਣ ਲਈ ਆਖਦੀ ਹੈ। ਕਿਸ਼ਨ ਸਿੰਘ ਨਾਲ ਮਿਲਦੀ ਜੁਲਦੀ ਗੱਲ ਹੈ।

ਇਸ ਤਰ੍ਹਾਂ ਵਾਰਿਸ ਨੇ ਰਾਂਝੇ ਨੂੰ ਚਿੜ੍ਹ ਵਿਚ ਆ ਕੇ ਘਰ ਛਡਦਾ, ਫ਼ਜ਼ਲ ਸ਼ਾਹ ਨੇ ਘਰਦਿਆਂ ਤੋਂ ਦੁਖੀ ਤੇ ਮਾਂ ਪਿਓ ਦੇ ਪਿਆਰ ਦਿਲਾਸੇ ਦੀ ਅਣਹੋਂਦ ਤੋਂ ਸਤ ਕੇ, ਬੇਹੋਸ਼ ਵਿਚ ਹੀਰ ਦੇ ਝੰਗ ਪਹੁੰਚਣ ਲਈ ਕਹਿਣ ਤੇ ਵਤਨ ਛਡਦਾ, ਭਗਵਾਨ ਸਿੰਘ ਆਪਣੀ ਨਿਸਰੀ ਛੜੇਪਣੇ ਦੀ ਸਥਿਤੀ ਤੋਂ ਭਾਂਜ ਖਾ ਕੇ ਅਤੇ ਕਿਸ਼ਨ ਸਿੰਘ ਨੇ ਤਿਆਗ ਤੇ ਵੈਰਾਗ ਬਿਰਤੀ ਵਿਚ ਰਾਂਝ ਨੂੰ ਤਖਤ ਹਜ਼ਾਰਿਓ ਰਵਾਨਾ ਹੁੰਦਾ ਦਰਸਾਇਆ ਹੈ।

ਤਖ਼ਤ ਹਜ਼ਾਰੇ ਤੋਂ ਝੰਗ ਸਿਆਲ

ਵਾਰਿਸ ਸ਼ਾਹ ਵਿਚ ਇਸ ਗੱਲ ਦੀ ਪਹਿਲੀ ਘਟਨਾ ਰਾਂਝੇ ਦਾ ਇਕ ਅਜਿਹੀ ਮਸੀਤ ਵਿਚ ਉਤਾਰਾ ਕਰਨ ਦੀ ਕੀਤੀ ਹੈ ਜਿਸ ਦਾ ਮੌਲਵੀ ਨਿਰਮੋਹੀ ਤੇ ਝਗੜੇ ਦੀ ਪੰਡ ਹੈ। ਮੁੱਲਾਂ ਤੇ ਰਾਂਝੇ ਦਾ ਅਣ-ਮੇਲ ਹੈ। ਇਸ ਤਰ੍ਹਾਂ ਮੁੱਲਾਂ ਅਤੇ ਰਾਂਝੇ ਦੀ ਸੁਭਾ ਉਸਾਰੀ ਦਾ ਸਿੱਟਾ ਰੂਪ ਦੋਹਾਂ ਦਾ ਦੰਗਲ ਮਚਦਾ ਹੈ। ਭਗਵਾਨ ਸਿੰਘ ਮਸੀਤ ਵਿਚ ਟਿਕਾਣਾ ਕਰਨ ਤੋਂ ਪਹਿਲਾਂ ਰਾਂਝੇ ਨੂੰ ਇਕ ਰਾਤ ਰੋਹੀ ਵਿਚ ਰੜੇ ਕਟਾਉਂਦਾ ਹੈ ਜਿਸ ਦਾ ਅਰਥ ਰਾਂਝੇ ਦੀਆਂ ਮੁਸੀਬਤਾਂ ਦੇ ਰੰਗ ਨੂੰ ਹੋਰ ਗੂੂੜਾ ਕਰਨਾ ਹੈ। ਕਸੂਤੇੇ ਮੁੱਲਾਂ ਨਾਲ ਲੜਾਈ ਝਗੜਾ ਹੋ ਜਾਣਾ ਵੀ ਇਸੇ ਕਰੁਣ ਬਿਰਤਾਂਤ ਨੂੰ ਹੋਰ ਕਰੁੁਣ ਕਰਨ ਲਈ ਹੀ ਹੈ।

ਭਗਵਾਨ ਸਿੰਘ ਅਨੁਸਾਰ:

੩੪