ਪੰਨਾ:Alochana Magazine March 1958.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਤਾਂ ਮਸਤ ਮੌਲਾ ਸੀ ਤੇ ਦੂਜੇ ਉਸ ਨੇ ਢੇਰ ਚਿਰ ਪਿਛੋਂ ਕਿੱਸਾ ਲਿਖਿਆ, ਇਸ ਲਈ ਉਸ ਤੋਂ ਠੀਕ ਸੰਨ ਸੰਮਤ ਦੀ ਆਸ ਕਰਨਾ ਫਜ਼ੂਲ ਹੈ। ਦਮੋਦਰ ਹਟਵਾਣੀਆ ਸੀ ਤੇ ਦੂਜੇ ਪਹਿਲਾ ਕਿੱਸਾ-ਲੇਖਕ ਸੀ, ਇਸ ਲਈ ਉਸ ਤੋਂ ਉਮੈਦ ਹੋ ਸਕਦੀ ਸੀ, ਪਰ ਉਸ ਦੇ ਦਿਤੇ ਹਵਾਲੇ ਦਾ ਵੀ ਮੂੰਹ ਮੱਥਾ ਕੋਈ ਨਹੀਂ ਬਣਦਾ। ਉਹ ਇਕ ਪਾਸੇ ਸੰਮਤ ੧੫੨੯ ਲਿਖਦਾ ਹੈ ਅਤੇ ਨਾਲ ਹੀ ਰਾਜ ਅਕਬਰ ਦਾ ਦਸਦਾ ਹੈ, ਜੋ ਲਗ-ਭਗ ਇਕ ਸੱਦੀ ਪਿਛੋਂ ਹੋਇਆ। ਇਸ ਤੋਂ ਜ਼ਾਹਰ ਹੈ ਕਿ ਹੀਰ ਤੇ ਰਾਂਝੇ ਦੀ ਕਹਾਣੀ ਦਾ ਸਮਾਂ ਰਾਮਾਇਣ ਤੇ ਮਹਾਂਭਾਰਤ ਵਾਂਗ ਕਿਆਸ ਦੀ ਭੁਆਟਣੀ ਵਿਚ ਭੌਂਦਾ ਫਿਰਦਾ ਹੈ ਅਤੇ ਹੁਣ ਇਸ ਨੇ ਸਾਡੇ ਦੇਸ਼ ਦੀ ਪਰੰਪਰਾ ਮੁਤਾਬਿਕ ਰਮਤੇ ਸਾਧੂ ਵਾਂਗ ਕਦੇ ਵੀ ਟਿਕਾਣਾ ਨਹੀਂ ਫੜਨਾ।

ਜਿਥੋਂ ਤਕ ਕਹਾਣੀ ਦਾ ਸੰਬੰਧ ਹੈ ਇਸ ਦੇ ਬੁਨਿਆਦੀ ਤੱਤ ਸਭ ਕਵੀਆਂ ਨੇ ਦਮੋਦਰ ਤੋਂ ਉਧਾਰੇ ਲਏ ਹਨ, ਪਰ ਮੁਖ ਕਹਾਣੀ ਦੇ ਨਾਲ ਲਗਵੀਆਂ ਉਪਕਹਾਣੀਆਂ ਤੇ ਉਨ੍ਹਾਂ ਦੇ ਵੇਰਵੇ ਹਰੇਕ ਕਵੀ ਨੇ ਆਪੋ ਆਪਣੀ ਕਲਪਨਾ ਮੁਤਾਬਿਕ ਬਿਆਨੇ ਹਨ। ਇਸ ਤਰ੍ਹਾਂ ਅਣਗਿਣਤ ਪੰਜਾਬੀ ਕਵੀਆਂ ਨੇ ਹੀਰ ਦੇ ਬੇਸ਼ੁਮਾਰ ਚਿਤਰ ਬਣਾ ਦਿਤੇ ਹਨ। ਜਿਸ ਤਰ੍ਹਾਂ ਕੁਲ ਇਨਸਾਨਾਂ ਦੇ ਮੁੰਹ, ਮਥੇ, ਨੱਕ, ਕੰਨ, ਅੱਖਾਂ ਆਦਿ ਵਿਚ ਸਮਾਨਤਾ ਹੁੰਦਿਆਂ ਹੋਇਆਂ ਵੀ ਉਨਾਂ ਦੇ ਮੁਹਾਂਦਰੇ ਵਖੋ ਵਖਰੇ ਹੁੰਦੇ ਹਨ, ਇਸੇ ਤਰਾਂ ਹੀਰ ਦੀ ਕਹਾਣੀ ਦੇ ਬੁਨਿਆਦੀ ਤੱਤ ਇਕ ਸਮਾਨ ਹੁੰਦਿਆਂ ਹੋਇਆਂ ਵੀ ਦਮੋਦਰ ਦੀ ਹੀਰ ਦੀ ਨੁਹਾਰ ਹੋਰਵੇਂ ਹੈ ਅਤੇ ਵਾਰਿਸ ਸ਼ਾਹ ਦੀ ਹੋਰਵੇਂ।

ਦਮੋਦਰ ਸਿਆਲਾਂ ਦਾ ਰਿਣੀ ਸੀ। ਉਨ੍ਹਾਂ ਨੇ ਦਿਲਾਸਾ ਦੇ ਕੇ ਇਸ ਦੀ ਦਿਲਗੀਰੀ ਦੂਰ ਕੀਤੀ ਸੀ ਅਤੇ ਝੰਗ ਵਿਚ ਹੱਟੀ ਪੁਆ ਕੇ ਇਸ ਨੂੰ ਖੁਸ਼ੀ ਦਿਤੀ ਸੀ। ਇਨ੍ਹਾਂ ਦਾ ਨਾਮਣਾ ਚੌਹਾਂ ਕੂਟਾਂ ਵਿਚ ਉਜਾਗਰ ਕਰਨਾ ਚਾਹੁੰਦਾ ਸੀ। ਮੈਨੂੰ ਦਮੋਦਰ ਵਿਚੋਂ ਸਿਆਲਾਂ ਦੇ ਭੱਟ ਹੋਣ ਦੀ ਬੋ ਆਉਂਦੀ ਹੈ। ਇਸੇ ਲਈ ਇਸ ਦੀ ਹੀਰ ਇਕ ਆਦਰਸ਼ਕ ਨੱਢੀ ਹੈ, ਜਿਸ ਨੇ ਧਰਤੀ ਅਤੇ ਅਕਾਸ਼ ਦੋਹੀਂ ਥਾਈ ਜਸ ਖਟਿਆ।

ਵਾਰਿਸ ਸ਼ਾਹ ਵਿਚ ਇਨਕਲਾਬੀ ਰੰਗ ਹੈ। ਉਹ ਸਯੱਦ ਸੀ, ਆਲਿਮ ਫ਼ਾਜ਼ਿਲ ਸੀ, ਬਣਦਾ ਤਣਦਾ ਗਭਰੂ ਸੀ, ਪਰ ਸਮਾਜ ਨੇ ਉਸ ਨੂੰ ਸੰਸਾਰਕ ਸੁਆਦ ਮਾਣਨ ਦਾ ਮੌਕਾ ਨਹੀਂ ਦਿਤਾ। ਇਸ ਲਈ ਉਸ ਦੀਆਂ ਅਤ੍ਰਿਪਤ ਵਾਸ਼ਨਾਵਾਂ ਰਾਂਝੇ ਦੇ ਰੂਪ ਵਿਚ ਮੂਰਤੀਮਾਨ ਹੋਈਆਂ ਪ੍ਰਤੀਤ ਹੁੰਦੀਆਂ ਹਨ। ਰਾਂਝਾ ਆਦਰਸ਼ਵਾਦੀ ਗਭਰੂ ਦੇ ਰੂਪ ਵਿਚ ਪੇਸ਼ ਹੋਇਆ ਹੈ ਜੋ ਸਾਰੀ ਉਮਰ ਜੀਵਨ ਨਾਲ ਸਿਰ-ਧੜ ਦੀ ਬਾਜ਼ੀ ਲਾ ਕੇ ਘੁਲਦਾ ਰਹਿਆ ਅਤੇ ਸਮਾਜ ਦੀਆਂ ਬੋਦੀਆਂ ਦੀਵਾਰਾਂ ਨੂੰ ਧਕੇ ਮਾਰ ਕੇ ਡੇਗਣ ਦਾ ਜਤਨ ਕਰਦਾ ਰਹਿਆ, ਪਰ ਜਦੋਂ ਜਿੱਤ ਪਾਪਤ ਹੋਈ, ਓਦੋਂ ਦੁਨੀਆਂ ਤੋਂ ਕੂਚ ਦਾ ਨਗਾਰਾ ਵੱਜ ਗਇਆ। {rh|੨||}}