ਪੰਨਾ:Alochana Magazine March 1958.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਇਰਾਂ ਦੇ ਇਸ ਇਤਿਹਾਸਕ ਪਿਛੋਕੜ ਕਾਰਣ ਦਮੋਦਰ ਦੀ ਕਹਾਣੀ ਸੁਖਾਂਤ ਹੈ--ਜਿਸ ਦੇ ਅੰਤ ਵਿਚ ਹੀਰ ਤੇ ਰਾਂਝਾ ਲਾੜੀ ਤੇ ਲਾੜੇ ਦੇ ਰੂਪ ਵਿਚ ਪੇਸ਼ ਹੁੰਦੇ ਹਨ ਜਿਨ੍ਹਾਂ ਦੇ ਸਿਰ ਤੇ ਪੰਜ-ਪੀਰ ਹੱਥ ਫੇਰਦੇ ਤੇ ਸਿਰ ਚੁਮਦੇ ਹਨ,ਪਰ ਵਾਰਿਸ ਸ਼ਾਹ ਦੀ ਕਹਾਣੀ ਦੁਖਾਂਤ ਹੈ, ਜਿਜ ਦੇ ਅੰਤ ਵਿਚ ਹੀਰ ਤੇ ਰਾਂਝੇ ਦੀਆਂ ਲੋਥਾਂ ਦਿਸਦੀਆਂ ਹਨ ਅਤੇ ਸ਼ਾਇਰ ਦਾ ਆਖਰੀ ਸ਼ੇਅਰ ਜੀਵਨ ਨੂੰ ਸੁਫ਼ਨੇ ਦੀ ਸਰਾਂ ਦਰਸਾਉਂਦਾ ਹੈ।

'ਵਾਰਿਸ ਸ਼ਾਹ ਇਹ ਖਵਾਬ ਸਰਾਏ ਦੀ ਤੇ,
ਕਈ ਵਾਜੜੇ ਗਏ ਵਜਾ ਮੀਆਂ।

ਕਹਾਣੀ ਦਾ ਮੁੱਢ

ਦਮੋਦਰ ਮੁਢਲੀ ਤੁਕ ਵਿਚ ਸਾਹਿਬ ਦਾ ਨਾਂ ਧਿਆ ਕੇ ਝੰਗ-ਵਾਸੀ ਹੀਰ ਦੇ ਪਿਓ ਚੂਚਕ ਅਤੇ ਉਸ ਦੇ ਚਾਰ ਭਰਾਵਾਂ ਦੀ ਸਿਫਤ ਨਾਲ ਕਿੱਸੇ ਦਾ ਅਰੰਭ ਕਰਦਾ ਹੈ। ਚੂਚਕ ਨੂੰ ਭੁਈਂ ਨਈਂ ਦਾ ਸਾਈਂ ਦੱਸ ਕੇ 'ਅਕਬਰ ਨਾਲ ਕਰੇਂਦਾ ਦਾਵ੍ਹੇ' ਕਹਿ ਕੇ ਵਡਿਆਇਆ ਗਇਆ ਹੈ ਅਤੇ ਹੀਰ ਦੇ ਚੌਹਾਂ ਭਰਾਵਾਂ ਖਾਨ, ਪਠਾਣ, ਸੁਲਤਾਨ ਤੇ ਬਹਾਦਰ ਦੇ ਨਾਮ ਲਿਖ ਕੇ ਉਨ੍ਹਾਂ ਦੀ ਸ਼ਾਨ 'ਕਿਸੇ ਬਣੇਂਦੇ ਨਾਹੀਂ' ਦੀ ਉਪਮਾ ਦੁਆਰਾ ਚਮਕਾਈ ਗਈ ਹੈ। ਇਸ ਤੋਂ ਅਗੇ ਹੀਰ ਦੇ ਪਹਿਲੇ ੧੨ ਸਾਲਾਂ ਦਾ ਜੀਵਨ-ਖਾਕਾ ਹੇਠ ਲਿਖੇ ਅਨੁਸਾਰ ਖਿਚਿਆ ਹੈ:

ਘਰ ਚੂਚਕ ਦੇ ਬੇਟੀ ਜੰਮੀ, ਹੋਈਆਂ ਜੱਗ ਵਧਾਈਆਂ।
ਨ੍ਹਾਤੀ ਧੋਤੀ ਪੱਟ ਵਲ੍ਹੇਟੀ, ਕੁਛੜ ਕੀਤੀ ਦਾਈਆਂ।
ਦੋ ਵਰ੍ਹਿਆਂ ਦੀ ਛੋਹਿਰ ਹੋਈ,ਢੁਕ ਰਹੀਆਂ ਕੁੜਮਾਈਆਂ।
ਚਉਂ ਵਰ੍ਹਿਆਂ ਦੀ ਛੋਹਿਰ ਹੋਈ,ਗੱਲਾਂ ਕਰੇ ਸਚਿਆਈਆਂ।
ਛੇ ਵਰ੍ਹਿਆਂ ਦੀ ਛੋਹਿਰ ਹੋਈ, ਲਗੀ ਕਰਨ ਭਲਿਆਈਆਂ।
ਅੱਠਾਂ ਵਰ੍ਹਿਆਂ ਦੀ ਛੋਹਿਰ ਹੋਈ,ਤਾਂ ਦਰ ਦਰ ਕੂਕਾਂ ਪਾਈਆਂ।
ਦਸਾਂ ਵਰ੍ਹਿਆਂ ਦੀ ਛੋਹਿਰ ਹੋਈ,ਚਾਰੇ ਨਵੀਂ ਨਿਵਾਈਆਂ।
ਬਾਰਾਂ ਵਰ੍ਹਿਆਂ ਦੀ ਛੋਹਿਰ ਹੋਈ,ਤਾਂ ਰਾਂਝੇ ਅਖੀ ਲਾਈਆਂ।

ਉਕਤ ੧੨ ਸਾਲਾਂ ਦੇ ਜੀਵਨ ਦੀਆਂ ਦੋ ਵਡੀਆਂ ਘਟਨਾਵਾਂ 'ਕੁੜਮਾਈ' ਤੇ 'ਲੜਾਈ' ਕਵੀ ਦਮੋਦਰ ਨੇ ਬੜੇ ਵਿਸਤਾਰ ਨਾਲ ਇਕ ਸੌ ਇਕ ਛੰਦਾਂ ਰਾਹੀਂ ਬਿਆਨੀਆਂ ਹਨ। ਮੇਰਾ ਅਨੁਮਾਨ ਹੈ ਕਿ ਦਮੋਦਰ ਨੂੰ ਇਹ ਉਚੇਚ, ਮਜਬੂਰੀ ਕਾਰਣ ਕਰਨਾ ਪਇਆ। ਉਸ ਨੂੰ ਇਕ ਪਾਸੇ ਹੀਰ ਦੀ ਤਸਵੀਰ ਨੂੰ ਰੰਗੀਨ ਬਣਾਉਣ ਲਈ ਰੰਗ ਭਰਨ ਦੀ ਲੋੜ ਸੀ ਪਰ ਦੂਜੇ ਪਾਸੇ ਉਹ ਆਪਣੇ ਉੱਤੇ ਅਹਿਸਾਨ ਕਰਨ ਵਾਲੇ