ਪੰਨਾ:Alochana Magazine May 1960.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯਥਾਰਥਵਾਦੀ ਕਿਰਤੀ ਪਾਤਰ:- ਗੁਰੂ, ਨਾਹਰ ਸਿੰਘ, ਸੰਤੋਖ ਸਿੰਘ, ਮਿਲਖਾ ਸਿੰਘ, ਬਾਲੀ ਰਾਮ, ਮਹਿਤਾਬ ਸਿੰਘ, ਪੰਡਤਾਣੀ ਤੇ ਸ਼ਰਮਾ, ਅਰੋਗ ਜੀਵਨ-ਮਈ ਤੇ ਯਥਾਰਥਵਾਦੀ ਪਾਤਰ ਹਨ। ਗੁਰੂ ਪੰਜਾਬੀ ਮਾਂ ਦੀ ਸ਼ੁਧ ਤਸਵੀਰ ਹੈ। ਭਾਵੇਂ ਚੰਨਣ ਉਸ ਦਾ ਆਪਣਾ ਬੱਚਾ ਨਹੀਂ ਪਰ ਉਹ ਫੇਰ ਵੀ ਅੱਤ ਦਾ ਪਿਆਰ ਕਰਦੀ ਹੈ ਤੇ ਉਸ ਉਤੋਂ ਜਾਨ ਦੇਦੀ ਹੈ ਤੇ ਉਸ ਤੋਂ ਸਦਕੇ ਜਾਂਦੀ ਹੈ। ਵੇਖ ਵੇਖ ਕੇ ਖੀਵੀ ਹੁੰਦੀ ਹੈ। ਨਾਹਰ ਸਿੰਘ ਵੀ ਇਕ ਅਰੋਗ ਪੇਂਡੂ ਪਾਤਰ ਹੈ, ਜਿਹੜਾ ਆਪਣੇ ਕੀਤੇ ਹੋਏ ਪ੍ਰਣ ਨੂੰ ਆਪਣਾ ਉਦੇਸ਼ ਸਮਝਦਾ ਹੈ।

ਸੰਤੋਖ ਸਿੰਘ ਸ਼ੁਧ ਪੇਂਡੂ ਕਿਰਤੀ ਸਿਖ ਹੈ। ਜਿਹੜਾ ਇਕ ਵਾਰੀ ਭੈਣ ਕਹਿ ਕੇ ਸਾਰੀ ਉਮਰ ਉਸ ਰਿਸ਼ਤੇ ਨੂੰ ਸੁਰਜੀਤ ਰਖਣਾ ਆਪਣਾ ਧਰਮ ਸਮਝਦਾ ਹੈ। ਸੰਤੋਖ ਸਿੰਘ ਵਿਚੋਂ ਪੰਜਬੀਅਤ ਡੁੱਲ੍ਹ ਡੁੱਲ੍ਹ ਪੈਂਦੀ ਹੈ। ਬਲੀ ਰਾਮ, ਮਹਿਤਾਬ ਸਿੰਘ ਅਸਲੀ ਕਿਰਤੀ ਪਾਤਰ ਹਨ। ਸਾਰੇ ਵਿਰੋਧ ਤਿਆਗ ਕੇ ਬਾਲੀ ਰਾਮ ਨਵੀਂ ਸਾਂਝ ਉਸਾਰਦਾ ਹੈ। ਮਹਿਤਾਬ ਸਿੰਘ ਕਿਰਤੀਆਂ ਦੀ ਸਚੀ ਤੇ ਸੁਚੀ ਕਿਰਤ ਦਾ ਪ੍ਰਤੀਕ ਹੈ। ਇਸੇ ਸ਼੍ਰੇਣੀ ਦਾ ਮਿਲਖਾ ਸਿੰਘ ਪਰ ਇਸ ਨੂੰ ਪੂਰਨ ਭਾਂਤ ਉਸਾਰਿਆ ਨਹੀਂ ਗਇਆ।

ਪੰਡਤਾਣੀ ਇਕ ਯਥਾਰਥਵਾਦੀ ਪਤਨੀ ਹੈ ਜੋ ਸਭ ਕੁਝ ਸਮਝਦੀ ਹੈ ਜਿਸ ਦਾ ਦਿਲ ਸਾਫ ਹੈ ਪਰ ਉਸ ਦਾ ਪਤੀ ਮਲੋਮਲੀ ਆਪਣੀ ਲਪੇਟ ਵਿਚ ਲੈ ਲੈਂਦਾ ਹੈ ਪਰ ਜਦ ਉਸ ਨੂੰ ਚੰਗਿਆਂ ਦਾ ਮੇਲ ਪ੍ਰਾਪਤ ਹੁੰਦਾ ਹੈ ਉਹ ਝਟ ਸਿਧੇ ਰਾਹ ਤੇ ਆ ਜਾਂਦੀ ਹੈ। ਇਹ ਵੀ ਪੂਰਨ ਭਾਂਤ ਨਹੀਂ ਉਸਰ ਸਕੀ।

ਸ਼ਰਮਾ ਬੜਾ ਯਥਾਰਥਵਾਦੀ ਪਾਤਰ ਹੈ ਭਾਵੇਂ ਕਈ ਥਾਈਂ ਇਸ ਦੀ ਉਸਾਰੀ ਆਦਰਸ਼ਕ ਢੰਗ ਨਾਲ ਕੀਤੀ ਹੋਈ ਹੈ। ਇਹ ਅਗਾਂਹ ਵਧੂ ਤੇ ਜਾਗਰਤ ਪਾਤਰ ਹੈ। ਇਹ ਆਪਣੇ ਭਰਾ ਨੂੰ ਜਿਨ੍ਹਾਂ ਦੀ ਜ਼ਮੀਨ ਛੁਟ ਗਈ ਹੈ, ਮੁੜ ਇਕੱਠਾ ਕਰ ਕੇ ਜ਼ਮੀਨ ਦੁਆਉਣ ਦਾ ਅੰਦੋਲਨ ਅਰੰਭ ਕਰਦਾ ਹੈ। ਇਹ ਜ਼ਾਤ ਪਾਤ ਤੋਂ ਉਚਾ ਹੈ ਤੇ ਆਪਣੇ ਭਰਾਵਾਂ ਦੀ ਖਾਤਰ, ਦੇਸ਼ ਦੀ ਖਾਤਰ ਜਾਨ ਤੇ ਖੇਡਣ ਦੀ ਸਮਰਥਾ ਰਖਦਾ ਹੈ। ਇਸ ਵਿਚ ਮਾਨਵ ਪਿਆਰ ਤੇ ਪਤੀ ਪਿਆਰ ਸੁਰ ਹੋਏ ਹੋਏ ਹਨ। ਉਹ ਐਨਾ ਭਾਵਕ ਆਦਰਸ਼ਕ ਨਹੀਂ ਕਿ ਤਤਈਆ ਦੇ ਪਿਆਰ ਨੂੰ ਠੁਕਰਾ ਕੇ ਚਲਾ ਜਾਵੇ। ਉਸ ਵਿਚ ਦਸ ਕੇ ਜਾਣ ਦੀ ਹਿੰਮਤ ਨਹੀਂ। ਉਸ ਵਿਚ ਮਹਾਤਮਾ ਗਾਂਧੀ ਨੂੰ ਇਨਕਾਰ ਕਰਨ ਦਾ ਵਲ ਨਹੀਂ। ਉਹ ਘਰੋਗੀ ਪਿਆਰ ਤੇ ਦੇਸ਼ ਪਿਆਰ ਦਾ ਅੰਤਰ ਸਮਝਦਾ ਹੈ। ਇਹ ਯਥਾਰਥਵਾਦੀ ਹੁੰਦਾ ਹੋਇਆ ਵੀ ਆਦਰਸ਼ਕ ਹੈ ਤੇ ਆਦਰਸ਼ਕ ਹੁੰਦਾ ਹੋਇਆ ਵੀ ਯਥਾਰਥਵਾਦੀ ਹੈ। ਇਸ ਦੀ ਉਸਾਰੀ ਠੀਕ ਨਹੀਂ ਹੈ, ਇਹਦੇ ਪਰਿਵਰਤਨ ਕਾਹਲੇ ਤੇ ਘਾਪਿਆਂ ਵਾਲੇ ਹਨ।

੨੭