ਸਮੱਗਰੀ 'ਤੇ ਜਾਓ

ਪੰਨਾ:Alochana Magazine November 1961.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਗੇ ਮੈਨੂੰ ਆਪਣੀ ਪ੍ਰਗਿਆ, ਚੇਤਨਾ, ਅਭਿਗਿਅਤਾ, ਸੰਵੇਦਨ-ਸ਼ੀਲਤਾ ਅਤੇ ਯੋਗਤਾ ਉਪਰ ਭਰੋਸਾ ਕਰਨਾ ਚਾਹੀਦਾ ਹੈ।

ਜੇ ਸਾਹਿਤਕ ਸਮਾਲੋਚਨਾ ਵਿੱਚ ਅਸੀਂ ਸਾਰਾ ਜ਼ੋਰ ਅਵਬੋਧਨ ਉਪਰ ਹੀ ਲਗਾ ਦੇਈਏ ਤਾਂ ਇਸ ਵਿੱਚ ਇਹ ਖਤਰਾ ਹੈ ਕਿ ਅਸੀਂ ਕਿਸੇ ਅਵਬੋਧਨ ਤੋਂ ਫੇਰ ਵਿਆਖਿਆ ਵੱਲ ਨਾ ਚਲੇ ਜਾਈਏ। ਇਸ ਵਿੱਚ ਇਹ ਖਤਰਾ ਭੀ ਹੈ ਕਿ ਸਮਾਲੋਚਨਾ ਨੂੰ ਕਿਤੇ ਇਸ ਤਰ੍ਹਾਂ ਨਾ ਇਸਤੇਮਾਲ ਕਰਨ ਲਗ ਜਾਈਏ ਜਿਵੇਂ ਉਹ ਕੋਈ ਵਿਗਿਆਨ-ਵਿਧਾਨ ਹੋਵੇ। ਸਮਾਲੋਚਨਾ ਨਾ ਤਾਂ ਵਿਗਿਆਨ ਹੈ ਅਤੇ ਨਾ ਹੀ ਵਿਗਿਆਨ ਬਣ ਸਕਦੀ ਹੈ। ਇਸ ਦੇ ਵਿਪਰੀਤ ਜੇ ਅਸੀਂ ਆਨੰਦ-ਪ੍ਰਾਪਤੀ ਉਪਰ ਜ਼ੋਰ ਦੇਈਏ ਤਾਂ ਅਸੀਂ ਆਂਤਰਿਕ ਅਤੇ ਪ੍ਰਭਾਵ-ਵਾਦੀ ਸਮਾਲੋਚਨਾ ਵੱਲ ਚਲੇ ਜਾਵਾਂਗੇ, ਅਤੇ ਇਸ ਤਰ੍ਹਾਂ ਅਸੀਂ ਆਨੰਦ-ਪ੍ਰਾਪਤੀ ਤੋਂ ਭੀ ਕੁਛ ਬਹੁਤ ਜ਼ਿਆਦਾ ਲਾਭ ਨਹੀਂ ਲੈ ਸਕਾਂਗੇ, ਅਤੇ ਅਸਾਡੀ ਇਹ ਆਨੰਦਪ੍ਰਾਪਤੀ ਸਿਰਫ਼ ਮਨੋਰੰਜਨ ਅਤੇ ਵਕਤ-ਗੁਜ਼ਾਰੀ ਬਣ ਕੇ ਰਹ ਜਾਵੇਗੀ। ੩੩ ਸਾਲ ਪਹਲਾਂ ਸਮਾਲੋਚਨਾ ਨੇ ਪ੍ਰਭਾਵ-ਵਾਦੀ ਸਮਾਲੋਚਨਾ ਦਾ ਰੂਪ ਧਾਰਣ ਕੀਤਾ ਸੀ, ਅਤੇ ਇਸੇ ਤੋਂ ਚਿੜ੍ਹ ਕੇ ਮੈਂ ‘Function of Criticism ਦੇ ਸ਼ੀਰਸ਼ਕ ਹੇਠ ਇਕ ਨਿਬੰਧ ਲਿਖਿਆ ਸੀ। ਹੁਣ ਮੈਨੂੰ ਇਉਂ ਮਹਸੂਸ ਹੁੰਦਾ ਹੈ ਕਿ ਅੱਜ ਅਸਾਂਨੂੰ ਵਿਆਖਿਆਤਮਕ ਸਮਾਲੋਚਨਾ ਵੱਲੋਂ ਸਤਰਕ ਰਹਣ ਦੀ ਲੋੜ ਹੈ। ਪਰ ਇਹ ਗਲ ਕਰਕੇ ਮੈਂ ਆਪ ਉਪਰ ਇਹ ਪ੍ਰਭਾਵ ਨਹੀਂ ਛੱਡਣਾ ਚਾਹੁੰਦਾ ਕਿ ਮੈਂ ਆਪਣ ਜ਼ਮਾਨੇ ਦੀ ਸਮਾਲੋਚਨਾ ਨੂੰ ਰੱਦ ਕਰਨਾ ਚਾਹੁੰਦਾ ਹਾਂ। ਇਹ ਆਤਿਮ ਤੀਹ ਸਾਲ ਬਰਤਾਨੀਆਂ ਅਤੇ ਅਮਰੀਕਾ ਦੁਹਾਂ ਦੇਸ਼ਾਂ ਵਿੱਚ ਸਾਹਿੱਤਕ ਸਮਾਲੋਚਨਾ ਦੇ ਬੜੇ ਸ਼ਾਨਦਾਰ ਸਾਲ ਹਨ। ਸੰਭਵ ਹੈ ਕਿ ਅਨਾਗਤ ਵਿੱਚ ਇਹ ਹੋਰ ਜ਼ਿਆਦਾ ਸ਼ਾਨਦਾਰ ਅਤੇ ਚੰਗੇਰੇ ਪ੍ਰਤੀਤ ਹੋਣ। ਪਰ ਇਸ ਗੱਲ ਨੂੰ ਕੌਣ ਜਾਣਦਾ ਹੈ?

--0--

ਆਲੋਚਨਾ
ਦੇ ਆਪ ਗਾਹਕ ਬਣੋ
ਤੇ
ਹੋਰਨਾਂ ਨੂੰ ਬਣਨ ਲਈ ਪਰੇਰੋ।

੨੨