ਪੰਨਾ:Alochana Magazine October, November, December 1966.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਨਗਨ ਸੁੰਦਰਤਾ ਦਾ ਚਿਤਰ ਬਣ ਜਾਂਦਾ ਹੈ ਤਾਂ ਉਸ ਵਿਚ ਸਦੀਵੀ ਤੌਰ ਉੱਤੇ ਵਿਅਕਤ ਹੋਈ ਸੁੰਦਰਤਾ ਦਾ ਲੋਕ-ਜੀਵਨ ਉੱਤੇ ਕੀ ਪ੍ਰਭਾਵ ਹੈ ? ਜੇ ਸੇਖੋਂ ਸਾਹਿਬ ਇਸ ਤਰ੍ਹਾਂ ਦੇ ਇਕ ਦੋ ਨੁਕਤੇ ਸਾਫ਼ ਕਰ ਦੇਂਦੇ ਤਾਂ ਅਹੱਲਿਆ ਦੇ ਨਗਨ ਮਾਡਲ ਬਣਨ ਦੀ ਸਮਝ ਪਾਠਕਾਂ ਨੂੰ ਭਲੀ ਪ੍ਰਕਾਰ ਆ ਜਾਂਦੀ ਤੇ ਉਹਨਾਂ ਦੀ ਕੁੰਜਲਾਹਟ ਸਿਰ ਨਾ ਚੁੱਕ ਸਕਦੀ । ਉਹਨਾਂ ਨੇ, ਸਾਰੇ ਨਗਨ ਸਰੀਰ ਵਿਚ, ਆਤਮਾ ਨੂੰ ਪ੍ਰਕਾਸ਼ਣ ਦੀ ਸਮਰੱਥਾ ਚਿਹਰੇ ਨਾਲੋਂ ਵਧੀਕ ਦੱਸੀ ਹੈ । ਅੱਵਲ ਤਾਂ ਉਹਨਾਂ ਦੀ ਇਹ ਮਨੌਤ ਵਿਸ਼ਵਾਸ਼ ਉਪਜਾਉਣ ਵਿਚ ਸਫਲ ਨਹੀਂ, ਪਰ ਜੇ ਮੰਨ ਵੀ ਲਈਏ ਕਿ ਅਹੱਲਿਆ ਦਾ ਨਗਨ ਚਿਤਰ ਉਸ ਦੀ ਆਤਮਾ ਦਾ ਬਹੁਤ ਵਧੀਆ ਸੂਚਕ ਹੈ ਤਾਂ ਸੇਖੋਂ ਸਾਹਿਬ ਨੂੰ ਇਹ ਤਾਂ ਦੱਸਣਾ ਚਾਹੀਦਾ ਸੀ ਕਿ ਅਹੱਲਿਆ ਦੀ ਆਤਮਾ ਵਿਚ ਕਿਹੜੇ ਗੁਣ ਹਨ ਜਿਨਾਂ ਦੀ ਝਲਕ ਉਸ ਦੇ ਨਗਨ ਸਰੀਰ ਦੇ ਚਿਤਰ ਵਿਚੋਂ ਦੇਖ ਕੇ ਉਸ ਦੇ ਦਰਸ਼ਕ ਪ੍ਰਭਾਵਿਤ ਹੋ ਸਕਦੇ ਹਨ ? ਹਰ ਯੁਗ ਦੀ ਕਲਾ ਆਪਣੇ ਸਮੇਂ ਦੇ ਮਨੁੱਖ ਨੂੰ ਚਿਤਰਦੀ ਹੈ -ਨਵੇਂ ਉੱਭਰ ਰਹੇ ਮਨੁੱਖ ਨੂੰ ਜਾਂ ਪੁਰਾਣੇ ਮਰ ਰਹੇ ਮਨੁੱਖ ਨੂੰ । ਅਹੱਲਿਆ ਦੀ ਆਤਮਾ ਆਪਣੇ ਯੁਗ ਦੀਆਂ ਕਿਨ੍ਹਾਂ ਕੀਮਤਾਂ ਦੀ ਲਖਾਇਕ ਹੈ ? ਇਹ ਸਪਸ਼ਟ ਕਰਨ ਦੀ ਨਾਟਕਕਾਰ ਨੂੰ ਕੋਈ ਚਿੰਤਾ ਵਿਆਪੀ ਨਹੀਂ ਲਗਦੀ । ਜਦ ਤਕ ਅਹੱਲਿਆ ਦੇ ਨਗਨ ਮਾਡਲ ਬਣਨ ਦੇ ਮੰਤਵਾਂ ਜਾਂ ਉਸ ਦੇ ਨਗਨ ਚਿੱਤਰ ਦੇ ਪ੍ਰਭਾਵ ਨੂੰ, ਨਾਟਕ ਦੇ ਪਾਠਕ ਜਾਂ ਦਰਸ਼ਕ ਦਿਲ-ਦਿਮਾਗ਼ ਨਾਲ ਜੀਵਨ ਲਈ ਉਸਾਰੂ ਤੇ ਸਿਹਤਮੰਦ ਨਾ ਮੰਨ ਲੈਣ ਤਦ ਤਕ ਨਾਟਕ ਦਾ ਪ੍ਰਭਾਵ ਇਕਾਗਰ ਤੇ ਬਲਵਾਨ ਨਹੀਂ ਪੈ ਸਕਦਾ । ਸੇਖੋਂ ਸਾਹਿਬ ਨਗਨ ਮਾਡਲ ਬਣਨ ਦੇ ਕਰਮ ਨੂੰ ਪਰਵਾਨ ਚੜ੍ਹਾਉਣਾ ਚਾਹੁੰਦੇ ਹਨ ਪਰ ਉਹਨਾਂ ਦੇ ਬਹੁਤੇ ਪਾਠਕ ਪਰੰਪਰਾਗਤ ਸਦਾਚਾਰ ਦੇ ਅਸਰ ਹੇਠ ਇਸ ਨੂੰ ਲੱਜਿਆਹੀਨ ਕਰਮ ਗਿਣਦੇ ਹਨ । ਜੇ ਉਹਨਾਂ ਨੇ ਪਾਠਕਾਂ ਦੀ ਦ੍ਰਿਸ਼ਟੀ ਨੂੰ ਬਦਲਨਾ ਸੀ ਤਾਂ ਨਗਨ ਮਾਡਲ ਬਣਨ ਦੇ ਹੱਕ ਵਿਚ ਬਹੁਤ ਨਿੱਗਰ ਬੌਧਿਕ ਤੇ ਭਾਵਕ ਪ੍ਰਣਾ ਦੇਣੀ ਚਾਹੀਦੀ ਸੀ ਤਾਂ ਜੋ ਪਾਠਕ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਕਿ ਨਗਨ ਮਾਡਲ ਬਣਨ ਨਾਲ ਜੀਵਨ ਨੂੰ ਜੋ ਅਪਾਰ ਲਾਭ ਹੋ ਸਕਦਾ ਹੈ ਉਸ ਦੀ ਖ਼ਾਤਿਰ ਪੁਰਾਣੇ ਸਦਾਚਾਰ ਨੂੰ ਕਿਉਂ ਕੁਰਬਾਨ ਨਾ ਕੀਤਾ ਜਾਏ ? ਨੰਦਾ ਸਾਹਿਬ ਨੇ ਜਦੋਂ ਵਿਧਵਾ ਵਿਆਹ ਦੇ ਵਿਰੁੱਧ ਪੁਰਾਣੇ ਦ੍ਰਿਸ਼ਟੀਕੋਣ ਨੂੰ ਬਦਲਣ ਤੀ ਖ਼ਾਤਿਰ ‘ਸੁਭੱਦਰਾ ਨਾਟਕ ਲਿਖਿਆ ਤਾਂ ਉਹਨਾਂ ਨੇ ਨਾਇਕਾ ਦਾ ਵਾਹ ਐਸੀ ਕੁਲਹਿਣੀ ਸੱਸ ਨਾਲ ਪਾਇਆ ਕਿ ਹਰ ਦਰਸ਼ਕ ਪਲ ਪਲ ਪ੍ਰਾਰਥਨਾ ਕਰਦਾ ਸੀ ਕਿ ਇਹ ਫੁੱਟਦੀ ਕਲੀ ਇਸ ਝੁਲਸਦੀ ਅੱਗ ਕੋਲੋਂ ਕਿਸੇ ਹੀਲੇ ਬਚ ਜਾਏ । ਖੁਦ ਸੇਖੋਂ ਸਾਹਿਬ ਨੇ ਹੜਤਾਲ ਵਿਚ ਹੜਤਾਲੀਆਂ ਦੇ ਪਰਿਵਾਰਾਂ ਉੱਤੇ ਆਈ ਬਿਪਤਾ ਲਈ ਦਰਸ਼ਕਾਂ ਵਿਚ ਹਮਦਰਦੀ ਜਗਾ ਕੇ ਉਨ੍ਹਾਂ ਨੂੰ ਹੜਤਾਲ ਦੇ ਹਾਮੀ ਬਣਾਉਣ ਦੀ ਵਿਧੀ ਵਰਤੀ ਹੈ । ‘ਕਲਾਕਾਰ’ | 9