ਪੰਨਾ:Alochana Magazine October 1957 (Punjabi Conference Issue).pdf/16

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸੁਤੰਤਰ ਮਹਿਕਮਾ ਕਾਇਮ ਹੋਇਆ, ਜਿਸ ਰਾਹੀਂ ਪੰਜਾਬੀ ਦੇ ਉੱਘੇ ਸੇਵਕਾਂ ਨੂੰ ਸੇਵਾ ਕਰਨ ਦਾ ਤੇ ਸਰਕਾਰ ਦੀ ਸਪਰਸਤੀ ਨੂੰ ਸੁਭਾਗੀ ਬਣਾਉਣ ਦਾ ਅਵਸਰ ਮਿਲਿਆ । ਇਹ ਮਹਿਕਮਾ, ਜਿਹੜਾ ਹੁਣ ਪੰਜਾਬ ਦਾ ਭਾਸ਼ਾ-ਵਿਭਾਗ ਬਣ ਚੁਕਾ ਹੈ, ਸਭ ਤੋਂ ਪਹਿਲਾਂ ਸਿੰਘ ਸਭਾ ਪਟਿਆਲਾ ਦੀ ਤਜਵੀਜ਼ ਅਨੁਸਾਰ ਵਿਦਿਆ ਦੇ ਮਹਿਕਮੇ ਦੇ ਇਕ ਅੱਡ ਸੈਕਸ਼ਨ ਦੇ ਰੂਪ ਵਿਚ ਸ਼ੁਰੂ ਹੋਇਆ ਸੀ ਤੇ ਇਸ ਦਾ ਕੰਮ ਪੰਜਾਬੀ ਦੀ ਪੱਧਰ ਨੂੰ ਹਰ ਪੱਖੋਂ ਉਪਰ ਚੁਕਣਾ ਮਿਥਿਆ ਗਇਆ ਸੀ । ਪਿਛਲੇ ਦਸਾਂ ਵਰਿਆਂ ਵਿੱਚ ਇਸ ਮਹਿਕਮੇ ਨੇ ਪੰਜਾਬੀ ਨੂੰ ਭਾਰਤ ਦੀਆਂ ਦੂਸਰੀਆਂ ਉੱਨਤ ਬੋਲੀਆਂ ਦੀ ਪੱਧਰ ਉਤੇ ਲਿਆਉਣ ਲਈ ਜਿਹੜੇ ਕੰਮ ਕੀਤੇ ਹਨ, ਉਨ੍ਹਾਂ ਵਿੱਚੋਂ ਕੁਝ ਉਤੇ ਇਹ ਠੀਕ ਤੌਰ ਤੇ ਫ਼ਖ਼ਰ ਕਰ ਸਕਦਾ ਹੈ । ਪਰਸਿੱਧ ਪੁਸਤਕਾਂ ਦੇ ਪੰਜਾਬੀ ਅਨੁਵਾਦ, ਹਿੰਦੀ ਤੇ ਪੰਜਾਬੀ-ਕੋਸ਼ਾਂ ਦਾ ਪਰਕਾਸ਼ਨ, ਸ਼ਬਦ-ਜੋੜਾਂ ਦੀ ਇਕਸਾਰਤਾ ਤੇ ਦਫ਼ਤਰੀ ਕਾਰ-ਵਿਹਾਰ ਲਈ ਲੋੜੀਂਦੀ ਸ਼ਬਦਾਵਲੀ ਦੀ ਘਾੜਤ ਮਾਮੂਲੀ ਕੰਮ ਨਹੀਂ ਆਖੇ ਜਾ ਸਕਦੇ । ਪੰਜਾਬ ਤੇ ਪੈਪਸੂ ਦੇ ਮਿਲਣ ਤੋਂ ਪਹਿਲਾਂ ਪਟਿਆਲੇ ਦੇ ਸਰਕਾਰੀ ਦਫ਼ਤਰਾਂ ਵਿਚ ਪੰਜਾਬੀ ਦੇ ਹੱਕ ਵਿਚ ਜੋ ਮਾਹੌਲ ਬਣ ਚੁਕਾ ਸੀ, ਉਸ ਦਾ ਇਹ ਹਾਲ ਸੀ ਕਿ ਦੂਸਰੇ ਸੂਬਿਆਂ ਵਿੱਚੋਂ ਆਏ ਹੋਏ ਆਈ. ਸੀ. ਐਸ. ਅਫ਼ਸਰਾਂ ਨੇ ਫ਼ਾਈਲਾਂ ਉੱਤੇ, ਆਪਣੇ ਹੁਕਮ, ਪੰਜਾਬੀ ਵਿਚ ਹੀ ਲਿਖਣੇ ਆਰੰਭ ਕਰ ਦਿਤੇ ਸਨ | ਇਸ ਮਹਿਕਮੇ ਨੇ ਪੰਜਾਬੀ ਭਾਸ਼ਾ ਤੇ ਸਾਹਿੱਤ ਦੀ ਉੱਨਤੀ ਦੇ ਬੜੇ ਕੰਮ ਛੋਹੇ ਹਨ, ਜਿਨ੍ਹਾਂ ਤੋਂ ਸਾਨੂੰ ਕਾਫੀ ਆਸਾਂ ਹਨ।

ਸਾਡੀ ਮਾਤ-ਭਾਸ਼ਾ ਪੰਜਾਬੀ, ਜਿਸ ਨੂੰ ਸਾਰੇ ਪੰਜਾਬੀਆਂ, ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਨੇ ਪਰਫੁਲਤ ਕਰਨ ਵਿਚ ਹਿੱਸਾ ਪਾਇਆ ਹੈ, ਹੁਣ ਭਾਰਤ ਬੋਲੀਆਂ ਦੀ ਬਰਾਦਰੀ ਵਿਚ ਬੜੇ ਮਾਣ ਨਾਲ ਸਿਰ ਉਚਾ ਕਰ ਸਕਦੀ ਹੈ । ਇਸ ਨੂੰ ਸਰਕਾਰੀ ਪੱਧਰ ਤੇ ਕਾਫ਼ੀ ਮਾਣ ਵੀ ਮਿਲ ਚੁੱਕਾ ਹੈ, ਪਰ ਕਿਸੇ ਭਾਸ਼ਾ ਲਈ ਵਧਣ ਫੁਲਣ ਜਾਂ ਵਿਗਸਣ ਵਾਸਤੇ ਕੇਵਲ ਸਰਕਾਰੀ ਸਰਪਰਸਤੀ ਹੀ ਕਾਫੀ ਨਹੀਂ ਹੁੰਦੀ, ਉਸ ਦੀ ਤਾਕਤ ਦਾ ਅਸਲੀ ਸੋਮਾ ਲੋਕ ਆਪ ਹੁੰਦੇ ਹਨ, ਜੋ ਉਹਨਾਂ ਦਿਆਂ ਸੋਗਾਂ ਤੇ ਹਰਖਾਂ ਨੂੰ, ਪੀੜਾਂ ਤੇ ਖੁਸ਼ੀਆਂ ਨੂੰ ਪਰਗਟਾਉਂਦੇ ਹਨ ਤੇ ਖੁਦ-ਗਰਜ਼ੀ ਤੋਂ ਉਪਰ ਉਠ ਕੇ ਆਪਣੇ ਜਿਗਰ ਦੇ ਖੂਨ ਨਾਲ ਮਨੁੱਖਤਾ ਦੇ ਦੀਵੇ ਨੂੰ ਬੁੱਝਣ ਨਹੀਂ ਦਿੰਦੇ । ਅੱਜ ਫੇਰ ਸਾਨੂੰ ਇਸ ਬੋਲੀ ਦੀ ਉਨਤੀ ਲਈ ਤਕਰੀਬਨ ਉਨ੍ਹਾਂ ਹੀ ਲੀਹਾਂ ਉਤੇ ਚਲਣ ਦੀ ਲੋੜ ਹੈ ਜਿਹੜੀਆਂ ਲੋਕ-ਗੁਰੂ ਨਾਨਕ, ਵਾਰਸ ਸ਼ਾਹ ਤੇ ਧਨੀ ਰਾਮ ਚਾਤ੍ਰਿਕ ਨੇ ਪਾਈਆਂ ਸਨ । ਉਨ੍ਹਾਂ ਨੇ ਨਿਸ਼ੰਗ ਹੋ ਕੇ ਮਨੁਖਵਾਦ ਦੇ ਹੱਕ ਵਿਚ ਨਾਅਰੇ ਲਾਏ ਤੇ ਸਾਨੂੰ ਫ਼ਖ਼ਰ ਹੈ ਕਿ ਸਾਡੀ ਬੋਲੀ ਵਿਚ ਲਾਏ ।

[੯