ਪੰਨਾ:Alochana Magazine October 1957 (Punjabi Conference Issue).pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਦਿੱਤਾ ਹੈ, ਪਰ ਇਹ ਸਾਡੀਆਂ ਲੋੜਾਂ ਪੂਰੀਆਂ ਕਰਨ ਲਈ ਕਾਫੀ ਨਹੀਂ ਹੈ । ਰੈਫ਼ਰੈਂਸ ਲਾਇਬਰੇਰੀ ਅਸਥਾਪਨ ਕਰਨ, ਅਕਾਡਮੀ ਲਈ ਆਪਣੀ ਇਮਾਰਤ ਬਣਵਾਣ ਤੇ ਚੰਗੇ ਸਾਹਿੱਤ ਨੂੰ ਪੈਦਾ ਕਰਨ ਲਈ ਲੱਖਾਂ ਰੁਪਿਆਂ ਦੀ ਲੋੜ ਹੈ, ਜਿਸ ਦੀ ਪੂਰਤੀ ਲਈ ਅਸੀਂ ਰਾਜ-ਸਰਕਾਰ, ਕੇਂਦਰੀ ਸਰਕਾਰ, ਦੂਜੀਆਂ ਸੰਸਥਾਵਾਂ ਤੇ ਪਰਉਪਕਾਰੀ ਸਜਨਾਂ ਤੇ ਆਸ ਰਖੀ ਬੈਠੇ ਹਾਂ|"

ਵਾਰਸਕ ਰੀਪੋਰਟ ਦੇ ਪੜੇ ਜਾਣ ਤੋਂ ਪਿਛੋਂ ਪੰਜਾਬੀ ਸਾਹਿੱਤ ਅਕਾਡਮੀ ਦੇ ਪਰਧਾਨ ਪ੍ਰੋ: ਭਾਈ ਜੋਧ ਸਿੰਘ ਜੀ ਨੇ ਹੇਠ ਲਿਖਿਆ ਭਾਸ਼ਣ ਪੜਿਆ :-

ਭਾਸ਼ਣ

(ਭਾਈ ਸਾਹਿਬ ਭਾਈ ਜੋਧ ਸਿੰਘ ਜੀ)

ਪਰਧਾਨ ਜੀ, ਬੀਬੀਓ ਤੇ ਸੱਜਣੋ,

ਖਿਆਲ ਸੀ ਕਿ ਹਿੰਦ ਸਰਕਾਰ ਦਾ ਲੱਭਿਆ ਪੰਜਾਬ ਦੀ ਬੋਲੀ ਤੇ ਲਿਪੀ ਦੀ ਸਮੱਸਿਆ ਦਾ ਹਲ, ਅਰਥਾਤ ਰੀਜਨਲ ਫਾਰਮੂਲਾ (Regional Formula) ਪੰਜਾਬ ਵਿੱਚ ਸੁਖ ਅਤੇ ਸ਼ਾਂਤੀ ਵਰਤਾ ਦੇਵੇਗਾ । ਇਸੇ ਖਿਆਲ ਨਾਲ ਪੰਜਾਬ ਦੀ ਇਕ ਭਾਰੀ ਗਿਣਤੀ ਨੇ ਇਸ ਹਲ ਨੂੰ ਪਰਵਾਨ ਕਰ ਲਇਆ ਸੀ, ਪਰੰਤੂ ਜਨ ਸੰਘ ਨੇ ਪਰਗਟ ਤੌਰ ਪੁਰ ਇਸ ਫਾਰਮੂਲੇ ਦੀ ਵਿਰੋਧਤਾ ਨੂੰ ਚੋਣਾਂ ਵੇਲੇ ਆਪਣੇ ਪ੍ਰੋਗਰਾਮ ਦਾ ਅੰਗ ਬਣਾਇਆ । ਉਨ੍ਹਾਂ ਨੂੰ ਸਾਰੇ ਪੰਜਾਬ ਵਿੱਚ ੧੫੨ ਵਿੱਚੋਂ ਕੁਲ ਨੌ ਸੀਟਾਂ ਮਿਲੀਆਂ | ਉਨ੍ਹਾਂ ਵਿੱਚੋਂ ਵੀ ਤਿੰਨ ਮੈਂਬਰ ਉਸ ਪਾਰਟੀ ਨੂੰ ਛੱਡ ਗਏ ਹਨ । ਇਸ ਤਰ੍ਹਾਂ ਉਨ੍ਹਾਂ ਦੀ ਪੰਜਾਬੀ ਖਿੱਤੇ ਵਿੱਚ ਕਾਮਯਾਬੀ ਤਿੰਨ ਸ਼ਹਿਰਾਂ ਦੀਆਂ ਚਾਰ ਸੀਟਾਂ ਤੀਕ ਹੀ ਸੀਮਤ ਰਹੀ ਹੈ । ਪਰੰਤੂ ਹੁਣ ਇਕ ਧਾਰਮਿਕ ਸੰਸਥਾ ਇਸ ਦੀ ਵਿਰੋਧਤਾ ਤੇ ਉੱਠ ਖਲੋਤੀ ਹੈ । ਭੁੱਖ-ਹੜਤਾਲ ਅਤੇ ਧਰਨਾ ਮਾਰਨ ਦੇ ਡਰਾਵੇ ਦਿੱਤੇ ਜਾ ਰਹੇ ਹਨ । ਇਸ ਵਿਰੋਧਤਾ ਦਾ ਕੀ ਇਲਾਜ ਕਰਨਾ ਹੈ ? ਇਹ ਤਾਂ ਸਰਕਾਰ ਹਿੰਦ ਜਾਣੇ, ਪਰੰਤੂ ਕੁਝ ਇਕ ਭੁਲੇਖੇ ਜੋ ਅਖਬਾਰਾਂ ਰਾਹੀਂ ਪਾਏ ਜਾ ਰਹੇ ਹਨ, ਉਨ੍ਹਾਂ ਦੀ ਤਰਦੀਦ ਇਸ ਪਲੈਟਫਾਰਮ ਤੋਂ ਜ਼ਰੂਰੀ ਹੈ ।

ਪਹਿਲਾ ਭੁਲੇਖਾ ਇਹ ਪਾਇਆ ਜਾ ਰਹਿਆ ਹੈ ਕਿ ਗੁਰਮੁਖੀ ਲਿਪੀ ਗਰ ਅੰਗਦ ਦੇਵ ਜੀ ਨੇ ਬਣਾਈ । ਮੈਂ ਇਸ ਭੁਲੇਖੇ ਦੀ ਤਰਦੀਦ ਕਈ ਵੇਰ ਅਖਬਾਰਾਂ ਵਿਚ ਕਰ ਚੁਕਿਆ ਹਾਂ । ਪੰਜਾਬ ਯੂਨੀਵਰਸਿਟੀ ਨੇ ਇਸ ਵਿਸ਼ੇ ਤੇ ਸਰਦਾਰ ਜੀ.ਬੀ. ਸਿੰਘ ਦੀ ਇਕ ਖੋਜ-ਭਰਪੂਰ ਪੁਸਤਕ “ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ"

[੯੧