ਪੰਨਾ:Alochana Magazine October 1957 (Punjabi Conference Issue).pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਯਤ ਦਿਨ ਤੇ ਪਟਿਆਲਾ ਵਿੱਚ ਅਜਬ ਗਹਿਮਾ ਗਹਿਮ ਸੀ। ਹਜ਼ਾਰ ਦੇ ਕਰੀਬ ਡੈਲੀਗੇਟ ਤੇ ਦਰਸ਼ਕ ਪੰਜਾਬ ਦੇ ਦੂਰੋਂ ਨੇੜਿਓ ਪੁੱਜ ਚੁਕੇ ਸਨ। ਚਾਰ ਵਜੇ ਤਕ ਪੰਡਾਲ ਖਚਾ ਖੱਚ ਭਰਿਆ ਹੋਇਆ ਸੀ। ਠੀਕ ਸਾਢੇ ਚਾਰ ਵਜੇ ਕਾਨਫਰੰਸ ਦੇ ਪ੍ਰਧਾਨ ਸ.ਸਵਰਨ ਸਿੰਘ, ਮੰਤਰੀ ਹਿੰਦ ਸਰਕਾਰ, ਗਵਰਨਰ ਸ੍ਰੀ.ਸੀ.ਪੀ.ਐਨ ਸਿੰਘ, ਪੰਜਾਬ ਦੇ ਮੁਖ ਮੰਤਰੀ ਸ.ਪਰਤਾਪ ਸਿੰਘ ਕੈਰੋਂ, ਸ੍ਰੀ ਯਾਦਵਿੰਦਰ ਸਿੰਘ ਜੀ ਮਹਿੰਦਰ ਬਹਾਦਰ, ਸਾਬਕ ਮਹਾਰਾਜਾ ਪਟਿਆਲਾ ਤੇ ਹੋਰ ਸੱਜਣ ਪੰਡਾਲ ਵਿੱਚ ਪੁੱਜੇ ਤੇ 'ਜਨ ਗਨ' ਦੇ ਕੌਮੀ ਗੀਤ ਤੋਂ ਉਪਰੰਤ ਕਾਨਫਰੰਸ ਦੀ ਕਾਰਵਾਈ ਆਰੰਭ ਹੋਈ। ਸਭ ਤੋਂ ਪਹਿਲਾਂ ਪੰਜਾਬ ਦੇ ਗਵਰਨਰ ਸ੍ਰੀ ਸੀ. ਪੀ. ਐਨ ਸਿੰਘ ਨੇ ਕਾਨਫਰੰਸ ਦਾ ਉਦਘਾਟਨੀ ਭਾਸ਼ਣ ਅੰਗ੍ਰੇਜ਼ੀ ਵਿੱਚ ਪੜ੍ਹਿਆ,ਜਿਸ ਦਾ ਪੰਜਾਬੀ ਉਲਥਾ ਹੇਠ ਦਿੱਤਾ ਜਾਂਦਾ ਹੈ :-

ਭਾਸ਼ਣ ਸ੍ਰੀ ਸੀ. ਪੀ. ਐਨ ਸਿੰਘ

ਗਵਰਨਰ ਪੰਜਾਬ

ਸਰਦਾਰ ਸਵਰਨ ਸਿੰਘ, ਸ੍ਰੀ ਰਾੜੇ ਵਾਲਾ, ਭਾਈਓ ਤੇ ਭੈਣੋਂ,

ਮੈਂ ਪੰਜਾਬੀ ਸਾਹਿੱਤ ਅਕਾਡਮੀ ਦੇ ਪਰਬੰਧਕਾਂ ਦਾ ਰਿਣੀ ਹਾਂ ਜਿਨ੍ਹਾਂ ਮੈਨੂੰ ਤੀਜੀ ਸਰਬ-ਹਿੰਦ ਪੰਜਾਬੀ ਕਾਨਫਰੰਸ ਨੂੰ ਉਦਘਾਟਨ ਕਰਨ ਦਾ ਨਿਮੰਤਰਣ ਦਿੱਤਾ। ਇਸ ਨਿਮੰਤਰਣ ਨੂੰ ਸਵੀਕਾਰ ਕਰਦੇ ਸਮੇਂ ਮੈਂਨੂੰ ਇਸ ਕਾਰਜ ਨੂੰ ਭਗਤਾ ਸਕਣ ਬਾਰੇ ਆਪਣੀਆਂ ਮਜਬੂਰੀਆਂ ਤੇ ਸੀਮਾਂ ਦਾ ਵੀ ਬੋਧ ਸੀ, ਕਿਉਂ ਜੋ ਮੈਨੂੰ ਪੰਜਾਬੀ ਦਾ ਵਿਦਵਾਨ ਹੋਣਾ ਤਾਂ ਇਕ ਪਾਸੇ, ਇਸ ਦਾ ਵਿਦਿਆਰਥੀ ਹੋਣ ਦਾ ਵੀ ਸੁਭਾਗ ਪਾਪਤ ਨਹੀਂ ਹੈ। ਫਿਰ ਵੀ ਪਿਛਲੇ ਚਾਰ ਸਾਲਾਂ ਵਿੱਚ ਮੈਨੂੰ ਪੰਜਾਬੀਆਂ ਤੇ ਉਹਨਾਂ ਦੀ ਜਿੰਦ ਜਾਨ ਵਾਲੀ ਬੋਲੀ ਨਾਲ ਸੰਪਰਕ ਦਾ ਕਾਫੀ ਅਵਸਰ ਮਿਲਿਆ ਹੈ । ਮੈਂ ਇਸ ਸੰਪਰਕ ਨੂੰ ਬਹੁਤ ਮਹੱਤਾ-ਪੂਰਣ ਮੰਨਦਾ ਹਾਂ ਤੇ ਇਸ ਦੇ ਫਲਰੂਪ ਮੈਂ ਨਾ ਕੇਵਲ ਆਪਣੇ ਗਿਆਨ ਤੇ ਸ਼ਬਦ ਭੰਡਾਰੇ ਵਿੱਚ ਵਾਧਾ ਕਰ ਸਕਿਆਂ ਹਾਂ, ਸਗੋਂ ਆਪਣੀ ਖੁਸ਼ੀ ਤੇ ਸਮੁੱਚੇ ਅਨੁਭਵ ਨੂੰ ਵੀ ਵਿਸਤ੍ਰਿਤ ਕਰਨ ਵਿੱਚ ਸਫਲ ਹੋਇਆ ਹਾਂ। ਮੇਰੀ ਇੱਛਾ ਹੈ ਕਿ ਮੈਨੂੰ ਇਸ ਵਿੱਚ ਕਾਫੀ ਸੌਖ ਤੇ ਯੋਗਤਾ ਪ੍ਰਾਪਤ ਹੁੰਦੀ ਤਾਂ ਜੋ ਮੈਂ ਇਸ ਨੂੰ ਅੱਜ ਆਪਣੇ ਭਾਸ਼ਣ ਦਾ ਮਾਧਿਅਮ ਬਣਾ ਸਕਦਾ। ਸੁ, ਮੈਂ ਕੋਈ ਅਜੇਹਾ ਯਤਨ ਕਰਨ ਤੋਂ ਸੋਚ ਸਮਝ ਕੇ ਸੰਕੋਚ ਕਰ ਰਹਿਆ ਹਾਂ, ਕਿਉਂ ਜੋ ਮੈਂ ਇਕ ਬਿਲਕੁਲ ਨਵੀਂ ਤੇ ਸ਼ਾਇਦ ਅਪਛਾਣ ਭਾਸ਼ਾ ਦਾ ਨਮੂਨਾ ਆਪ ਦੇ

੨]