ਅੰਗ੍ਰੇਜ਼ੀ ਰਾਜ ਦੇ ਜ਼ੁਲਮ ਐਸੇ ਸਾਫ ਜ਼ਾਹਿਰ ਹਨ ਕਿ ਜ਼ਿਕਰ ਕਰਦਿਆਂ ਹੀ ਭਲੇ ਪੁਰਸ਼ਾਂ ਦਾ ਖ਼ੂਨ ਜੋਸ਼ ਵਿੱਚ ਆ ਜਾਂਦਾ ਹੈ, ਪਰ ਸਾਡੇ ਦੇਸੀ ਭਾੲੀਆਂ ਨੂੰ ਏਸ ਚਾਲ ਬਾਜ਼ ਸ੍ਰਕਾਰ ਦੀਆਂ ਬਦਮੁਆਸ਼ੀਆਂ ਅਤੇ ਦਗ਼ੇ ਬਾਜ਼ੀਆਂ ਮਾਲੂਮ ਭੀ ਨਹੀਂ, ਕਿਉਂਕਿ ਇਹਨਾਂ ਨੂੰ ਸ੍ਰਕਾਰੀ ਰਪੋਟਾਂ ਪੜ੍ਹਨ ਦੀ ਅਤੇ ਰਾਜ ਨੀਤੀ ਦੇ ਮੁਆਂਮਲਿਆਂ ਤੇ ਵਿਚਾਰ ਕਰਨ ਦੀ ਆਦਤ ਨਹੀਂ, ਹਿੰਦੋਸਤਾਨ ਦੇ ਲੋਕ ਇਹ ਸਮਝਦੇ ਹਨ, ਕਿ ਸ੍ਰਕਾਰ ਨੂੰ ਟੈਕਸ ਦੇ ਕੇ ਪਿੱਛੋਂ ਪੁੱਛੋ ਹੀ ਨਾ ਕਿ ਓਸ ਰੁਪੈਏ ਦਾ ਕੀ ਹੋਇਆ, ਕਿਸਤ੍ਰਾਂ ਖ੍ਰਚ ਕੀਤਾ ਗਿਆ! ਹੁਨ ਵਕ਼ਤ ਆ ਗਿਆ ਹੈ, ਕਿ ਤਮਾਂਮ ਲਿਖਨ ਪੜ੍ਹਨ ਵਾਲਿਆਂ ਦੇ ਦਿਲਾਂ ਵਿੱਚ ਮੁਲਕੀ ਮਸਲਿਆਂ ਤੇ ਬੈਹਸ ਕਰਨ ਦਾ ਸ਼ੌਕ਼ ਪੈਦਾ ਕੀਤਾ ਜਾਵੇ! ਸੁਚਿੱਤ ਦੇਸ਼ਾਂ ਵਿੱਚ ਹਰ ਇਕ ਮਰਦ ਔਰਤ ਟੈਕਸਾਂ ਦੀ ਜਾਂਚ ਪੜਤਾਲ ਕਰਦਾ ਹੈ, ਕਿ ਇਤਨੀ ਰਕਮ ਜਮਾਂ ਕੀਤੀ ਗਈ ਅਤੇ ਇਸ ਤ੍ਰਾਂ ਖਰਚ ਹੋਈ, ਗੱਲ ਕੀ ਇਕ ਪੈਸਾ ਭੀ ੲੇਧਰ ਓਧਰ ਨਹੀਂ ਹੋ ਸਕਦਾ! ਹਿੰਦੋੋਸਤਾਨ ਵਿੱਚ ਤਾਂ ਕਈ ਵਡੀ ਰਿਯਾਸਤਾਂ ਸਾਲਾਨਾ ਰਪੋਟ ਤੱਕ ਨਹੀਂ ਛਾਪਦੀਆਂ ਕਈ ਰਾਜੇ ਜਿਤਨਾ ਜੀ ਚਾਹਵੇ ਆਪਨੇ ਐਸ਼ ਅਸ਼੍ਰਤ ਵਾਸਤੇ ਰੁਪੈਯਾ ਖਰਚ ਕਰ ਦੇਂਦੇ ਹਨ, ਏਸ ਹਨੇਰੇ ਨੂੰ ਦੂਰ ਕਰਨ ਵਾਸਤੇ ਸਿਰਫ ਇੱਕ ਬਾਤ ਜਰੂਰੀ ਹੈ, ਉਹਨਾਂ ਨੂਂੰ ਅਖਬਾਰਾਂ ਅਤੇ ਕਿਤਾਬਾਂ ਦੇ ਜ਼ਰੀਏ ਦਸਨਾ ਚਾਹੀਏ, ਕਿ ਅੰਗ੍ਰੇਜ਼ੀ ਰਾਜ ਦਾ ਖਜ਼ਾਨਾ ਕਿਸ ਤ੍ਰਾਂ ਵਰਤਿਆ ਜਾਂਦਾ ਹੈ, ਤਦ ਸਾਰੇ ਚੋਰਾਂ ਦੀ ਸਚਾਈ ਮਾਲੂਮ ਹੋ ਜਾਵੇਗੀ! ਅਤੇ ਲੋਕ ਗ਼ੁੱਸੇ ਵਿੱਚ ਅਾ ਕੇ ਕਹਿਨਗੇ ਕਿ ਸਾਡਾ ਰੁਪੈਯਾ ਹੇੈ, ਇਸ ਨੂੰ ਸਾਡੀ ਮਰਜ਼ੀ ਨਾਲ ਖਰਚ ਕਰਨਾ ਚਾਹੀਏ!