ਪੰਨਾ:ਚੰਦ ਤਾਰੇ.pdf/5

ਵਿਕੀਸਰੋਤ ਤੋਂ
(ਪੰਨਾ:CHNAD TARE.pdf/5 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਪਾਏ ਨੇ ਰੱਬਾ ਇਹ ਕੀ ਕੀ ਬਖੇੜੇ

ਕੋਈ ਪ੍ਰੇਮ ਅੰਦਰ ਪਿਆ ਖਲ ਉਚੇੜੇ,
ਕੋਈ ਬੇਲੇ ਝਲਾਂ ’ਚ ਮਝੀਆਂ ਨੂੰ ਛੇੜੇ,
ਕੋਈ ਅਟਾ ਕੁਟ ਪਿਆ ਖੂਹਾ ਗੇੜੇ,
ਕੋਈ ਸੈਂਹਦਾ ਜੰਗਲ 'ਚ ਦਬਾਂ ਦਰੇੜੇ,
ਤੂੰ ਪਾਏ ਨੇ ਰੱਬਾ ਇਹ ਕੀ ਕੀ ਬਖੇੜੇ।
ਕੋਈ ਟਕਰਾਂ ਜਾਂ ਪਹਾੜਾਂ ’ਚ ਮਾਰੇ,
ਚਲਾਏ ਕਿਤੇ ਤੇਰੀ ਹੋਣੀ ਨੇ ਆਰੇ।
ਕੋਈ ਹਾਰ ਜਿਤੇ ਕੋਈ ਜਿਤ ਹਾਰੇ,
ਪਰ ਅਸ਼ਕੇ ਓ ਰਬਾ ਤੇਰੇ ਸਦਕੇ ਵਾਰੇ।
ਇਹ ਤੇਰੇ ਹੀ ਸਾਰੇ ਨੇ ਝੇਲੇ ਝੰਬੇੜੇ,
ਤੂੰ ਪਾਏ ਨੇ ਰੱਬਾ ਇਹ ਕੀ ਕੀ ਬਖੇੜੇ।
ਕੋਈ ਪਟ ਦਾ ਮਾਸ ਤਲ ਤਲ ਖੁਵਾਵੇ,
ਕਿਸੇ ਨੂੰ ਘੜਾ ਖੁਰ ਕੇ ਵਿਚੇ ਡੁਬਾਵੇ।
ਕੋਈ ਪੈਰ ਕੁਤਿਆਂ ਦੇ ਚੁੰਮੇ ਚੁਮਾਵੇ,
ਨਾ ਤੇਰਾ ਕੋਈ ਵੀ ਰਤਾ ਭੇਦ ਪਾਵੇ।
ਕਿਤੇ ਦੂਰ ਵਸਨਾਂ ਏਂ ਕਿਤੇ ਨੇੜੇ ਨੇੜੇ,
ਤੂੰ ਪਾਏ ਨੇ ਰੱਬਾ ਇਹ ਕੀ ਕੀ ਬਖੇੜੇ।
ਕਿਸੇ ਨੂੰ ਹਜ਼ਾਰਿਓਂ ਧੱਕਾ ਦਵਾ ਕੇ,
ਬਣਾਇਆ ਸਿਆਲਾਂ ਦਾ ਚਾਕਰ ਈ ਆ ਕੇ।
ਦਵਾਇਓ ਈ ਕੇਹੜਾ ਫਲ ਮਝੀਂ ਚਰਾ ਕੇ,
ਪੜਾਏ ਈ ਕੰਨ ਅੰਤ ਟਿਲੇ ਤੇ ਜਾ ਕੇ।

-੫-