ਪੰਨਾ:Chanan har.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੯)

ਮੈਂ ਗੱਲ ਟੁਕਕੇ ਰੋਟੀ ‘‘ਨਹੀਂ ਦਸਦੀ’’ ਇਹ ਆਖਕੇ ਮੈਂ ਉਹਦਾ ਹੱਥ ਫੜਕੇ ਆਪਣੇ ਕਮਰੇ ਵਿਚ ਲੈ ਆਈ ਤੇ ਉਸਨੂੰ ਬੈਰਿਸਟਰ ਸਾਹਿਬ ਦੀ ਦਿੱਤੀ ਹੋਈ ਸੋਨੇ ਦੀ ਘੜੀ ਵਖਾਈ ।

ਤਰਕਾਲਾਂ ਨੂੰ ਸਾਰੀਆਂ ਦੁਸਰੀਆਂ ਚੀਜ਼ਾਂ, ਸਣੇ ਮੁੰਦਰੀ ਦੇ ਆਈਆਂ, ਮੁੰਦਰੀ ਦਾ ਜੋੜ ਪਤਾ ਨਹੀਂ ਕਿਸ ਲਾਇਆ ਸੀ ਕਿ ਮੇਰੇ ਸਿਵਾ ਤੇ ਕਮਲਾ ਤੋਂ ਬਿਨਾਂ ਹੋਰ ਕਿਸੇ ਨੂੰ ਕੋਈ ਪਤਾ ਨਾ ਲੱਗਾ। ਬੈਰਿਸਟਰ ਸਾਹਿਬ ਨੇ ਗੱਲਾਂ ਵਿਚ ਹੀ ਪਿਤਾ ਜੀ ਨੂੰ ਸਾਲ ਦੀ ਥਾਂ ੬ ਮਹੀਨੇ ਲਈ ਰਾਜ਼ੀ ਕਰ ਲਿਆ, ਬੈਰਿਸਟਰ ਸਾਹਿਬ ਦੋ ਮਹੀਨੇ ਪਿਛੋਂ ਫੇਰ ਆਏ, ਮੇਰਾ ਦਿਲ ਕਹਿ ਰਿਹਾ ਸੀ ਕਿ ਉਹ ਮੈਨੂੰ ਜ਼ਰੂਰ ਮਿਲਨ ਦੇ ਚਾਹਵਾਨ ਹਨ, ਸ਼ੈਦ ਏਸੇ ਕਰਕੇ ਆਏ ਸਨ, ਮੈਂ ਵੇਖਣ ਤੱਕ ਨਾ ਗਈ, ਕੁਝ ਸੁਗਾਤਾਂ ਦੇਕੇ ਚਲੇ ਗਏ।

ਛੇ ਮਹੀਨਿਆਂ ਚੋਂ ਚਾਰ ਮਹੀਨੇ ਬੀਤ ਗਏ ਹਨ ਦੋ ਮਹੀਨੇ ਬਾਕੀ ਨੇ, ਕੁਝ ਵੀ ਹੋਇਆ ਚੰਗਾ ਹੋਇਆ ਜਾਂ ਬੁਰਾ - ਪਰ ਏਸ ਮੁੰਦਰੀ ਦਾ ਟੰਟਾ ਸਾਰੀ ਉਮਰ ਨਹੀਂ ਭੁਲੇਗਾ ।