ਪੰਨਾ:Chanan har.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੭)

ਵਿਆਹ ਦੇ ਚਾ ਵਿਚ ਪੇਕੇ ਕਢ ਛਡਿਆ ਸੀ । ਮੈਂ ਉਹੋ ਦਾਸੀ ਹਾਂ ਜਿਸ ਨੂੰ ਪਹਿਲਾਂ ਬੜੀ ਸ਼ਾਨ ਨਾਲ ਵਿਆਹ ਕੇ ਲਿਆਏ ਸਾਓ, ਤੇ ਪਿਛੋਂ ਤਿੰਨ ਮਹੀਨੇ ਪਿਛੋਂ ਪੇਕੇ ਤੋਰ ਛਡਿਆ ਸੀ ! ਤੁਹਾਨੂੰ ਜਦ ਨਵਾਂ ਵਿਆਹ ਕਰਨ ਦਾ ਚਾ ਕੁਦਿਆ ਤਾਂ ਜੋ ਕੁਝ ਹੋਇਆ ਇਹ ਮੈਂ ਏਸ ਲਈ ਸਕੀਮ ਬਨਾਈ ਕਿ ਕਿਤੇ ਤੁਸੀ ਮੈਨੂੰ ਛੁਟੜ ਨ ਛਡ ਦਿਓ । ਜਦ ਤੁਸਾਂ ਸਾਰੀਆਂ ਸ਼ਰਤਾਂ ਮੰਨ ਲਈਆਂ ਤਾਂ ਦਾਸੀ ਆਪਦੇ ਚਰਨਾਂ ਵਿਚ ਹਾਜ਼ਰ ਹੋ ਗਈ । ਉਮੀਦ ਹੈ ਕਿ ਤੁਸੀਂ ਖਿਮਾਂ ਦਾ ਦਾਨ ਬਖਸ਼ੋਗੇ !

ਆਪਦੀ ਟਹਿਲਣ ਦਾਸੀ-ਮੋਹਣੀ

ਸਰਦਾਰ ਹੋਰਾਂ ਜਦ ਇਹ ਚਿਠੀ ਪੜ੍ਹੀ ਤਾਂ ਉਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਹੱਥਾਂ ਦੇ ਤੋਤੇ ਉਡ ਗਏ । ਪਰ ਕੀ ਕਰ ਸਕਦੇ ਸਨ, ਸਭ ਕੁਝ ਵਿਆਹ ਤੇ ਖਰਚ ਹੋ ਚੁੱਕਾ ਸੀ ਤੇ ਜਾਇਦਾਦ ਦੀ ਮਾਲਕ ਮੋਹਣੀ ਬਣ ਚੁਕੀ ਸੀ ।

ਏਸ ਘਟਨਾ ਨੂੰ ਸਮਾ ਬੀਤ ਗਿਆ, ਹੁਣ ਉਹੋ ਸਰਦਾਰ ਜੀ ਤੇ ਉਹੋ ਮੋਹਣੀ । ਜਦ ਕਦੀ ਦੋ ਚਾਰ ਦੋਸਤ ਰਬ-ਸਬੱਬੀ ਸਰਦਾਰ ਹੋਰਾਂ ਨੂੰ ਕਿਸੇ ਹੋਟਲ ਜਾਂ ਕਿਤੇ ਪਾਰਟੀ ਤੇ ਮਿਲ ਪੈਂਦੇ ਨੇ ਤਾਂ ਆਖ ਛਡਦੇ ਨੇ-ਸਰਦਾਰ ਹੋਰਾਂ ਦੇ ਦੂਜੇ ਵਿਆਹ ਦੀ ਫੀਸਟ ਹੈ।

ਪਰ ਉਹ ਬਿਲਕੁਲ ਚੁਪ ਰਹਿੰਦੇ ਨੇ ਤੇ ਕੋਈ ਉਤਰ ਨਹੀਂ ਦੇਂਦੇ ।