ਪੰਨਾ:Dulla Bhatti.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੫

ਸੇਖੋਂ ਨੇ ਪਿੰਡਾਂ ਨੂੰ ਜਾਣਾ ਤੇ ਬਾਰ ਵਿਚ ਦੁਲੇ ਨੂੰ ਮਿਲਣਾ

ਸੇਖੋਂ ਨਾਲ ਸਵਾਰ ਪੰਜਾਹ ਲੈਕੇ ਹੋਏ ਪਿੰਡ ਦੇ ਵਲ ਰਵਾਨ ਪਿਆਰੇ। ਦੇਖੇ ਬਾਰ ਦੇ ਵਿਚ ਜਵਾਨ ਫਿਰਦੇ ਸੇਖੋਂ ਕੀਤਾ ਸੀ ਖੂਬ ਧਿਆਨ ਪਿਆਰੇ। ਭਾਵੇਂ ਦੁਲਾ ਹੀ ਹੋਵੇ ਸ਼ਿਕਾਰ ਕਰਦਾ ਆਯਾ ਦਿਲ ਦੇ ਵਿਚ ਗੁਮਾਨ ਪਿਆਰੇ। ਦਿਲ ਵਿਚ ਦਲੀਲ ਇਹ ਧਾਰਕੇ ਤੇ ਇਸ ਤਰਫ ਨੂੰ ਵਾਗ ਭੁਆਨ ਪਿਆਰੇ ਜਦੋਂ ਪਹੁੰਚ ਨਜਦੀਕ ਦੋ ਚਾਰ ਹੋਏ ਇਕ ਦੂਜੇ ਨੂੰ ਲੈਣ ਪਛਾਣ ਪਿਆਰੇ। ਦੁਲਾ ਆਖਦਾ ਸ਼ੇਰ ਸ਼ਿਕਾਰ ਕਰਕੇ ਨਿਤ ਯਾਰ ਪਿਛੋਂ ਰੋਟੀ ਖਾਣ ਪਿਆਰੇ। ਗਲਾਂ ਕੀਤੀਆਂ ਬਹੁਤ ਪਿਆਰ ਛੇਤੀ ਇਕ ਦੂਜੇ ਤੋਂ ਹਾਲ ਪੁਛਾਣ ਪਿਆਰੇ। ਸੇਖੋਂ ਆਖਦਾ ਦੁਲੇ ਨੂੰ ਦੇਖ ਤੈਨੂੰ ਮੇਰਾ ਮਨ ਹੋਇਆ ਸ਼ਾਦਮਾਨ ਪਿਆਰੇ। ਅੱਜ ਭਾਲ ਨਾ ਸ਼ੇਰ ਦੀ ਕਦੇ ਦੀ ਇਸ ਵਾਸਤੇ ਜਾਨ ਬਜਾਨ ਪਿਆਰੇ। ਦੁਲਾ ਗਲ ਸੀ ਸ਼ੇਖੋਂ ਦੇ ਨਾਲ ਕਰਦਾ ਝੱਟ ਹੋਂਵਦਾ ਸ਼ੇਰ ਫਗਾਨ ਪਿਆਰੇ। ਸ਼ੇਖੋਂ ਆਖਦਾ ਭਾਈ ਓਹ ਸ਼ੇਰ ਆਵੇ ਹੁਣ ਮਾਰ ਤੇ ਇਸਦੀ ਜਾਨ ਪਿਆਰੇ। ਦੁਲਾ ਆਖਦਾ ਪਹਿਲੇ ਸੁਵਾਰ ਤੇਰੇ ਵਾਰ ਸ਼ੇਰ ਤੇ ਕਰਕੇ ਦਿਖਾਣ ਪਿਆਰੇ। ਸੁਣ ਕੇ ਇਹ ਗਲ ਸਭੇ ਹੀ ਕੰਬ ਗਏ ਨਾਲੇ ਹੋਂਵਦੇ ਬਹੁਤ ਹੈਰਾਨ ਪਿਆਰੇ। ਹਥ ਜੋੜ ਕੇ ਅਰਜ ਗੁਜਾਰਦੇ ਨੇ ਦਈਂ ਜਾਨ ਦਾ ਸਾਨੂੰ ਦਾਨ ਪਿਆਰੇ। ਸਾਰੀ ਉਮਰ ਦੀ ਨੌਕਰੀ ਲੋੜ ਭਾਵੇਂ ਐਪਰ ਜਾਨ ਦੀ ਕਰੇਂ ਅਮਾਨ ਪਿਆਰੇ। ਸੁਣਕੇ ਬੇਨਤੀ ਦੁਲਾ ਤਿਆਰ ਹੋਇਆ ਲਵੇ ਤੁਰਤ ਸ਼ਮਸੇਰ ਨੂੰ ਤਾਨ ਪਿਆਰੇ। ਫਿਰ ਆਖਦਾ ਕਿਧਰੇ ਦੌੜ ਜਾਵੇ ਸ਼ੇਰ ਮਲਕੇ ਖੜੇ ਮੈਦਾਨ ਪਿਆਰੇ। ਪਈ ਸ਼ੇਰ ਦੀ ਕੰਨੀ ਅਵਾਜ਼ ਸਿਧੀ ਤੁਰਤ ਆਂਵਦਾ ਵਾਂਗ ਤੂਫਾਨ ਪਿਆਰੇ ਪੰਜੇ ਚੱਕ ਕੇ ਦੁਲੇ ਤੇ ਆਂਵਦਾ ਏ ਦੁਲਾ ਚੀਰਦਾ ਪੇਟ ਖਿਆਨ ਪਿਆਰੇ! ਕਿਸ਼ਨ ਸਿੰਘ ਨੇ ਟੁਕੜੇ ਚਾਰ ਕੀਤੇ ਜਿਵੇਂ ਛੇਲਾ ਕਸਾਈ ਕੁਹਾਨ ਪਿਆਰੇ।