(੨)
ਪਿਆਰੇ। ਦਾਦੀ ਦੇਖਕੇ ਸ਼ਕਲ ਨੂੰ ਸਹਿਮ ਗਈ ਐਪਰ ਬੋਲਦੀ ਬੰਨ ਕਰਾਰ ਪਿਆਰੇ। ਨੀ ਮਾਤ ਲੱਧੀ ਇਹ ਮੈਂ ਬਾਤ ਲੱਧੀ ਲਵੇ ਬਾਪ ਦਾ ਖੂਨ ਚਿਤਾਰ ਪਿਆਰੇ। ਓਹਦੇ ਮਥੇ ਦੀ ਜੋਤ ਹੈ ਤੇਜ ਵਾਲੀ ਬੜਾ ਸੂਰਮਾ ਹੋਵੇ ਹੁਸ਼ਿਆਰ ਪਿਆਰੇ। ਲੱਧੀ ਨਾਲ ਖੁਸ਼ੀ ਦਾਈ ਖੁਸ਼ੀ ਕੀਤੀ ਦੇਵੇ ਧਨ ਫਿਰ ਜ਼ਿੰਦ ਤੋਂ ਵਾਰ ਪਿਆਰੇ। ਨਾਲੇ ਹੋਰ ਭੀ ਬਹੁਤ ਖਰਾਤ ਕੀਤੀ ਜਿਹਾ ਇਸ ਦਾ ਕਦਰ ਮਕਦਾਰ ਪਿਆਰੇ। ਫਿਰ ਮਾਂ ਦੁਲਾ ਨਾਮ ਰੱਖ ਦੇਂਦੀ ਚਲੇ ਵਲ ਦਲ ਦਲ ਸੰਦਲ ਬਾਰ ਪਿਆਰੇ। ਅਕਬਰ ਬਾਦਸ਼ਾਹ ਦੇ ਉਸੀ ਰੋਜ਼ ਯਾਰੋ ਪੈਦਾ ਹੋਇਆ ਫਰਜੰਦ ਦਿਲਦਾਰ ਪਿਆਰੇ। ਸੇਖੂ ਨਾਮ ਸ਼ਹਿਜ਼ਾਦੇ ਦਾ ਰਖ ਦਿੰਦੇ ਪੰਡਤ ਦੇਖਕੇ ਗਿਰਦ ਵਿਚਾਰ ਪਿਆਰੇ। ਅਕਬਰ ਪੁਛਦਾ ਫੇਰ ਨਜੂਮੀਆਂ ਨੂੰ ਦਸੋ ਹਾਲ ਹੁਣ ਖੂਬ ਨਿਤਾਰ ਪਿਆਰੇ। ਕਿਸ਼ੇ ਨਾਲ ਉਪਾਏ ਬਲਵਾਨ ਹੋਵੇ ਅਤੇ ਖੂਬ ਡਾਢਾ ਬਲਦਾਰ ਪਿਆਰੇ। ਹੋਵੇ ਸੂਰਮਾ ਡਰੇ ਨਾ ਕਿਸੇ ਪਾਸੋਂ ਬਲੀ ਬਾਲ ਜੈਸਾ ਬਲਕਾਰ ਪਿਆਰੇ। ਕਿਸ਼ਨ ਸਿੰਘ ਦਸੋ ਕੋਈ ਚਾਲ ਐਸੀ ਹੋਏ ਤੀਰ ਜਿਉਂ ਤੇਜ਼ ਤਲਵਾਰ ਪਿਆਰੇ।
ਨਜ਼ੂਮੀਏ ਨੇ ਉਪਾਉ ਲਗਾਣਾ
ਪੰਡਤ ਆਖਦੇ ਖੂਬ ਵਿਚਾਰ ਕਰਕੇ ਪਹਿਲੋਂ ਕਰੀਂ ਤੂੰ ਪੁੰਨ ਤੇ ਦਾਨ ਸ਼ਾਹਾ। ਫੇਰ ਢੂੰਡ ਲੌ ਆਪਣੇ ਰਾਜ ਅੰਦਰ ਕੋਈ ਸੂਰਮਾ ਅਤੇ ਬਲਵਾਨ ਸ਼ਾਹਾ। ਨਾਲੇ ਕੌਮ ਦਾ ਹੋਵੇ ਰਾਜਪੂਤ ਜਿਹੜਾ ਲੜਕਾ ਉਸਦਾ ਸੇਖੋ[1] ਦੇ ਹਾਨ ਸ਼ਾਹਾ। ਉਸਦੀ ਇਸਤ੍ਰੀ ਦਾ ਮਿਲੇ ਦੁਧ ਇਸਨੂੰ ਹੋਵੇ ਪਲ ਕੇ ਖੂਬ ਜਵਾਨ ਸ਼ਾਹਾ। ਹੋਵੇ ਸੂਰਮਾ ਕਿਤੇ ਨਾ ਹਾਰ ਆਵੇ ਕਰੀਂ ਦਿਲ ਦੇ ਵਿਚ ਧਿਆਨ ਸ਼ਾਹਾ। ਇਹੋ ਇਲਮ ਸਾਡੇ ਵਿਚ ਆਂਵਦਾ ਈ ਸੋਈ ਦਸਿਆ ਖੋਲ ਬਿਆਨ ਸ਼ਾਹਾ। ਅਗੇ ਖੁਸ਼ੀ ਹਜ਼ੂਰ ਦੀ ਕਰੋ ਸੋਈ ਅਸਾਂ ਕਹਿਆ ਏਹ ਹਾਲ ਹੈ ਆਨ ਸ਼ਾਹਾ। ਅਕਬਰ ਖੁਸ਼ੀ ਦੇ ਨਾਲ ਇਨਾਮ ਦੇਵੇ ਕਰੇ ਧਨ ਤੇ ਮਾਲ ਕੁਰਬਾਨ ਸ਼ਾਹਾ। ਭੁਖਾ ਨੰਗਾ ਕੰਗਾਲ ਨ ਕੋਈ ਰਿਹਾ
- ↑ ਪਹਿਲਾਂ ਇਹ ਨਾਂ 'ਸੇਖੂ' ਲਿਖਿਆ ਆਇਆ ਹੈ। ਬਾਅਦ ਵਿੱਚ ਕਈ ਥਾਵਾਂ ਉੱਤੇ ਇਸਨੂੰ 'ਸੇਖੋਂ' ਵੀ ਲਿਖਿਆ ਹੋਇਆ ਹੈ। ਪਰ ਇਸਦਾ ਕਾਰਨ ਇਹ ਹੋ ਸਕਦਾ ਹੈ ਕਿ ਸ਼ਾਹਮੁਖੀ ਵਿੱਚ ਲਿਖੇ ਵਾਓ (و) ਨੂੰ 'ਓ' ਵੀ ਪੜ੍ਹਿਆ ਜਾ ਸਕਦਾ ਹੈ ਤੇ 'ਊ' ਵੀ।