(੩੮)
ਮੇਹਰੂ ਨੇ ਰੋਜ਼ੇ ਨਾਮ ਘੋੜੇ ਤੇ ਸਵਾਰ ਹੋਣਾ ਤੇ ਬਾਰਾਂ ਪੋਸਤੀਆਂ ਨਾਲ ਮੈਦਾਨ
ਵਿਚ ਆਕੇ ਲੜਨਾ
ਮੇਹਰੂ ਵਿਜੈ ਜਦੋਂ ਸਵਾਰ ਹੁੰਦਾ ਦਿਲ ਉਸਦਾ ਸ਼ੇਰ ਮਿਸਾਲ ਹੋਇਆ। ਨਾਲ ਨਸ਼ੇ ਦੀ ਲਹਿਰ ਨੇ ਜ਼ੋਰ ਕੀਤਾ ਨਾਲ ਹੌਸਲੇ ਦੇ ਚੇਹਰਾ ਲਾਲ ਹੋਇਆ। ਪਹਿਨ ਲਏ ਸੀ ਜਦੋਂ ਹਥਿਆਰ ਸਾਰੇ ਸ਼ੌਕ ਜੰਗ ਦਾ ਤਦੋਂ ਕਮਾਲ ਹੋਇਆ। ਮੇਹਰੂ ਬਾਰਾਂ ਹੀ ਪੋਸਤੀ ਸੰਗ ਲੈ ਕੇ ਦਿਲ ਦੁਸ਼ਮਨਾਂ ਦੇ ਹੈਸੀ ਚਾਲ ਹੋਇਆ। ਨੇਪੜੇ ਜਾਇਕੇ ਰੋਜੇ ਨੂੰ ਛੋੜਕੇ ਤੇ ਵਿਚ ਜਾਂਵਦਾ ਗਾਲ ਹੋਇਆ। ਢਾਹਾਂ ਮਾਰਕੇ ਕਈ ਸਰਦਾਰ ਵਢੇ, ਤਦੋਂ ਫੌਜਾਂ ਦਾ ਹਾਲ ਬਦਹਾਲ ਹੋਇਆ। ਆਪ ਕਿਸੇ ਦੇ ਹਥ ਨਾਂ ਆਵਦੇ ਨੇ ਕਾਲ ਆਨ ਕੇ ਜਿਨਾਂ ਦੀ ਢਾਲ ਹੋਇਆ। ਸੋਲਾਂ ਮੇਹਰੂ ਨੇ ਜਦੋਂ ਸਰਦਾਰ ਵਢੇ ਤਦੋਂ ਉਸ ਦਾ ਹਾਲ ਬੇਹਾਲ ਹੋਇਆ। ਸਾਰੇ ਆਪਣੀ ਜਾਨ ਬਚਾਂਵਦੇ ਸੀ ਵਿੰਗਾ ਇਕ ਨਾ ਮੇਹਰ ਦਾ ਵਾਲ ਹੋਇਆ। ਮੁੜਕੇ ਲਧੀ ਨੂੰ ਮੇਹਰਾ ਸਲਾਮ ਕਰਦਾ ਕਿਸ਼ਨ ਸਿੰਘ ਜੀ ਬੜਾ ਖੁਸ਼ਹਾਲ ਹੋਇਆ।
ਦੂਸਰੀ ਲੜਾਈ ਮੇਹਰੂ ਪੋਸਤੀ ਦੀ
ਰੋਜ ਦੁਸਰੇ ਮੇਹਰੂ ਤਿਆਰ ਹੋਕੇ ਤੁਰਤ ਜਾਇਕੇ ਫੌਜ ਵਿੱਚ ਵਜਿਆ ਈ। ਜਾ ਫੌਜ ਵਿਚ ਹਿਲ ਜੁਲ ਪਾ ਦਿਤੀ ਜਦੋਂ ਸ਼ੇਰ ਵਾਂਗੂੰ ਉਥੇ ਗਜਿਆ ਈ। ਨਾਲ ਤੇਗ ਫੜਾਂਵਦਾ ਚਾਰ ਤਰਫੀਂ ਖੂਬ ਨਸ਼ੇ ਦੇ ਨਾਲ ਹੀ ਰਜਿਆ ਈ। ਫਿਰ ਆਖਦਾ ਆਇਕੇ ਲੜੇ ਮਿਰਜਾ ਜੇਕਰ ਉਸਨੂੰ ਆਂਵਦੀ ਲਜਿਆ ਈ। ਐਵੇਂ ਲੋਕਾਂ ਨੂੰ ਜੰਗ ਵਿਚ ਮਾਰਦਾ ਏ ਮਿਰਜੇ ਆਪਣਾ ਆਪ ਤਾਂ ਕਜਿਆਂ ਈ। ਕਈ ਮੇਹਰੂ ਨੇ ਮਾਰ ਜੁਵਾਨ ਦਿਤੇ ਚਾਰ ਪੋਸਤੀ ਭੀ ਤਨ ਸਜਿਆ ਈ। ਜਦੋਂ ਮੇਹਰੂ ਦੇ ਆਦਮੀ ਚਾਰ ਮੋਏ ਲੈਕੇ ਬਾਕੀਆਂ ਨੂੰ ਤਦੋਂ ਭਜਿਆ ਈ। ਕਿਸ਼ਨ ਸਿੰਘ ਜੋ ਮੇਹਰੂ ਦੇ ਵਸ ਲਗਾ ਦੂਜੀ ਵਾਰ ਲਜਾਇ ਉਪਰ ਸਜਿਆ ਈ।