ਪੰਨਾ:First Love and Punin and Babúrin.djvu/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

92

ਪਹਿਲਾ ਪਿਆਰ

ਉਹ ਜੀਵਨ ਦੇ "ਰਹੱਸ" ਦਾ ਲਾਭ ਪ੍ਰਾਪਤ ਕਰਨ ਲਈ ਲੰਮਾ ਸਮਾਂ ਜ਼ਿੰਦਾ ਨਹੀਂ ਰਹਿ ਸਕਣਗੇ: ਬਤਾਲੀ ਸਾਲ ਦੀ ਉਮਰ ਵਿੱਚ ਉਸਦੀ ਮੌਤ ਹੋ ਗਈ ਸੀ।

ਮੈਂ ਆਪਣੇ ਬਾਪ ਨੂੰ ਜ਼ੈਸੇਕਿਨਾਂ ਦੇ ਘਰ ਫੇਰੀ ਦਾ ਵਿਸਥਾਰਪੂਰਵਕ ਵੇਰਵਾ ਦਿੱਤਾ। ਉਸ ਨੇ ਅੱਧੇ ਕੁ ਧਿਆਨ ਨਾਲ, ਅੱਧੀ ਕੁ ਲਾਪਰਵਾਹੀ ਨਾਲ ਮੇਰੀ ਗੱਲ ਸੁਣੀ। ਉਹ ਬੈਂਚ ਤੇ ਬੈਠਾ ਸੀ ਅਤੇ ਆਪਣੇ ਛਾਂਟੇ ਦੀ ਨੋਕ ਦੇ ਨਾਲ ਰੇਤ ਤੇ ਕੁਝ ਵਾਹ ਰਿਹਾ ਸੀ। ਕਦੇ ਕਦੇ ਉਹ ਮੁਸਕਰਾ ਛੱਡਦਾ, ਪ੍ਰਸ਼ੰਨ ਤੱਕਣੀ ਨਾਲ ਮੇਰੇ ਵੱਲ ਵੇਖ ਲੈਂਦਾ, ਅਤੇ ਮੈਨੂੰ ਨਿੱਕੇ ਨਿੱਕੇ ਸਵਾਲਾਂ ਅਤੇ ਟਿੱਪਣੀਆਂ ਦੇ ਨਾਲ ਪਰੇਸ਼ਾਨ ਕਰਦਾ ਰਹਿੰਦਾ। ਪਹਿਲਾਂ ਪਹਿਲਾਂ ਮੇਰਾ ਇਰਾਦਾ ਸੀ ਕਿ ਜ਼ਿਨੈਦਾ ਦਾ ਨਾਂ ਵੀ ਨਹੀਂ ਲਵਾਂਗਾ। ਪਰ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਅਤੇ ਮੈਂ ਉਸ ਦੀ ਸ਼ਲਾਘਾ ਕਰਨੀ ਸ਼ੁਰੂ ਕਰ ਦਿੱਤੀ, ਮੇਰਾ ਪਿਤਾ ਬੜਾ ਪ੍ਰਸ਼ੰਨ ਹੋ ਰਿਹਾ ਸੀ। ਬਾਅਦ ਵਿਚ ਉਸ ਨੇ ਥੋੜ੍ਹਾ ਜਿਹਾ ਸੋਚਿਆ, ਫਿਰ ਉਸ ਨੇ ਅੰਗੜਾਈ ਲਈ ਅਤੇ ਉਠ ਖੜਾ ਹੋਇਆ।

ਮੈਨੂੰ ਯਾਦ ਹੈ ਕਿ ਜਿਵੇਂ ਹੀ ਅਸੀਂ ਦਰਵਾਜ਼ੇ ਤੋਂ ਬਾਹਰ ਆਏ ਹੀ ਸੀ ਕਿ ਉਸਨੇ ਘੋੜੇ ਤੇ ਕਾਠੀ ਪਾਉਣ ਦਾ ਹੁਕਮ ਦਿੱਤਾ। ਉਹ ਵਧੀਆ ਘੋੜ-ਸਵਾਰ ਸੀ, ਅਤੇ ਸਿਰੇ ਦੇ ਜੰਗਲੀ ਘੋੜਿਆਂ ਨੂੰ ਮਿਸਟਰ ਰੇਰੀ[1] ਨਾਲੋਂ ਬਿਹਤਰ ਸਿਧਾ ਸਕਦਾ ਸੀ।

"ਪਾਪਾ, ਕੀ ਮੈਂ ਤੁਹਾਡੇ ਨਾਲ ਜਾ ਸਕਦਾ ਹਾਂ?" ਮੈਂ ਪੁੱਛਿਆ।

"ਨਹੀਂ," ਉਸ ਨੇ ਆਪਣੇ ਆਮ ਲਾਪਰਵਾਹੀ ਅਤੇ ਸੱਜਣਤਾਈ ਦੇ ਰਲੇਮਿਲੇ ਹਾਵਭਾਵ ਦੇ ਨਾਲ ਜਵਾਬ ਦਿੱਤਾ। "ਜੇ ਤੂੰ ਚਾਹੁੰਦਾ ਹੈਂ ਤਾਂ ਇਕੱਲਾ ਜਾ ਸਕਦਾ ਹੈਂ; ਪਰ ਕੋਚਵਾਨ ਨੂੰ ਦੱਸ ਦੇ ਕਿ ਮੈਂ ਘੋੜ-ਸਵਾਰੀ ਕਰਨ ਨਹੀਂ ਜਾ ਰਿਹਾ।"

ਉਹ ਮੁੜਿਆ ਅਤੇ ਤੇਜ਼ੀ ਨਾਲ ਚਲਾ ਗਿਆ। ਮੈਂ ਆਪਣੀਆਂ ਅੱਖਾਂ ਨਾਲ ਉਸ ਦਾ ਪਿੱਛਾ ਕੀਤਾ ਜਦ ਤੱਕ ਕਿ ਫਾਟਕ ਦੇ ਓਹਲੇ ਨਾ ਹੋ ਗਿਆ। ਫਿਰ ਮੈਂ ਉਸ ਦੀ ਟੋਪੀ ਕੰਧ ਦੇ ਨਾਲ ਨਾਲ ਜਾਂਦੀ ਵੇਖੀ। ਉਹ ਜ਼ੈਸੇਕਿਨਾਂ ਦੇ ਚਲਾ ਗਿਆ।

ਉਹ ਉੱਥੇ ਇਕ ਘੰਟੇ ਤੋਂ ਵੱਧ ਨਹੀਂ ਰਿਹਾ ਹੋਣਾ; ਪਰ ਉਥੋਂ ਉਹ ਸ਼ਹਿਰ ਚਲਾ ਗਿਆ ਅਤੇ ਸ਼ਾਮ ਹੋਏ ਘਰ ਪਰਤਿਆ।

ਡਿਨਰ ਤੋਂ ਬਾਅਦ ਮੈਂ ਖੁਦ ਜ਼ੈਸੇਕਿਨਾਂ ਦੇ ਚਲਾ ਗਿਆ।

  1. https://en.wikipedia.org/wiki/John_Solomon_Rarey