ਪੰਨਾ:First Love and Punin and Babúrin.djvu/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

95

ਮਖੌਲਬਾਜ਼ੀ, ਸੋਚਣਸ਼ੀਲਤਾ ਅਤੇ ਬੇਮੁਹਾਰ ਵਲਵਲੇ ਨਮੂਦਾਰ ਹੁੰਦੇ। ਧੁੱਪ ਤੇ ਹਵਾ ਵਾਲੇ ਦਿਨ ਬੱਦਲਾਂ ਦੇ ਪਰਛਾਵਿਆਂ ਦੇ ਵਾਂਗ ਅਤਿਅੰਤ ਵੱਖ-ਵੱਖ ਕਿਸਮ ਦੀਆਂ ਭਾਵਨਾਵਾਂ ਦੇ ਹਲਕੇ ਅਤੇ ਤੇਜ਼ ਹਾਵਭਾਵ ਉਸਦੀਆਂ ਅੱਖਾਂ ਅਤੇ ਬੁੱਲ੍ਹੀਆਂ ਤੇ ਤੈਰਦੇ ਸਨ।

ਆਪਣਾ ਹਰੇਕ ਪ੍ਰਸ਼ੰਸਕ ਜ਼ਿਨੈਦਾ ਲਈ ਜ਼ਰੂਰੀ ਸੀ। ਬੇਲੋਵਜ਼ਰੋਵ, ਜਿਸ ਨੂੰ ਉਹ ਕਦੇ ਕਦੇ "ਮੇਰਾ ਜੰਗਲੀ ਜਾਨਵਰ" ਕਿਹਾ ਕਰਦੀ ਸੀ, ਕਦੇ-ਕਦਾਈਂ ਮਹਿਜ਼ "ਮੇਰਾ" ਖੁਸ਼ੀ ਨਾਲ ਉਸ ਦੇ ਲਈ ਅੱਗ ਵਿਚ ਛਾਲ ਮਾਰ ਸਕਦਾ ਸੀ। ਆਪਣੀ ਬੌਧਿਕ ਸਮਰੱਥਾ ਅਤੇ ਹੋਰ ਗੁਣਾਂ ਤੇ ਭਰੋਸਾ ਨਾ ਕਰਦੇ ਹੋਏ, ਉਹ ਹਮੇਸ਼ਾ ਉਸ ਨਾਲ ਵਿਆਹ ਦਾ ਪ੍ਰਸਤਾਵ ਉਸ ਨੂੰ ਇਹ ਸਮਝਾਉਣ ਲਈ ਕਰਦਾ ਰਹਿੰਦਾ ਸੀ ਕਿ ਉਸ ਦੇ ਰਕੀਬ ਤਾਂ ਮਹਿਜ਼ ਆਪਣਾ ਮਨ ਪਰਚਾਵਾ ਕਰਦੇ ਸਨ। ਮੈਦਾਨੋਵ ਉਸਦੇ ਮਨ ਦੀਆਂ ਕਾਵਿਕ ਤਰਬਾਂ ਨੂੰ ਛੇੜਦਾ ਸੀ। ਉਹ ਜ਼ਿਆਦਾਤਰ ਲੇਖਕਾਂ ਵਾਂਗ, ਥੋੜਾ ਠੰਢਾ ਆਦਮੀ ਸੀ, ਅਤੇ ਲਗਾਤਾਰ ਉਸਨੂੰ ਜਾਂ ਸ਼ਾਇਦ ਆਪਣੇ ਆਪ ਨੂੰ ਭਰੋਸਾ ਦਿਵਾਉਂਦਾ ਰਹਿੰਦਾ ਸੀ ਕਿ ਉਹ ਉਸਦੀ ਪੂਜਾ ਕਰਦਾ ਸੀ। ਉਸਦੀਆਂ ਅੰਤਹੀਣ ਕਵਿਤਾਵਾਂ ਉਸਨੂੰ ਸੰਬੋਧਨ ਕਰ ਕੇ ਲਿਖੀਆਂ ਹੁੰਦੀਆਂ, ਜਿਹੜੀਆਂ ਉਹ ਇੱਕ ਵਿਸ਼ੇਸ਼ ਕਿਸਮ ਦੇ ਅੱਧੇ ਢੌਂਗੀ ਅਤੇ ਅੱਧੇ ਦਿਲੀ ਜੋਸ਼ ਨਾਲ ਉਸ ਨੂੰ ਪੜ੍ਹ ਕੇ ਸੁਣਾਉਂਦਾ। ਹਾਲਾਂਕਿ ਉਸਨੂੰ ਉਸ ਨਾਲ ਹਮਦਰਦੀ ਸੀ, ਪਰ ਉਹ ਮਨੋ-ਮਨ ਉਸ ਤੇ ਹੱਸਦੀ ਸੀ। ਉਸ ਨੂੰ ਉਸ ਤੇ ਜ਼ਿਆਦਾ ਵਿਸ਼ਵਾਸ ਨਹੀਂ ਸੀ, ਅਤੇ ਉਸ ਦੀਆਂ ਤੁਕਬੰਦੀਆਂ ਸੁਣਨ ਦੇ ਬਾਅਦ, ਉਸਦੇ ਕਹਿਣ ਅਨੁਸਾਰ ਹਵਾ ਨੂੰ ਸਾਫ ਕਰਨ ਲਈ ਉਸ ਕੋਲੋਂ ਉੱਚੀ ਆਵਾਜ਼ ਵਿੱਚ ਪੁਸ਼ਕਿਨ ਪੜ੍ਹਵਾਉਂਦੀ ਸੀ। ਲੂਸ਼ਿਨ, ਵਿਅੰਗਾਤਮਕ, ਬਾਹਰੋਂ ਸਨਕੀ ਡਾਕਟਰ, ਜ਼ਿਨੈਦਾ ਨੂੰ ਬਿਹਤਰ ਜਾਣਦਾ ਸੀ, ਅਤੇ ਉਸਨੂੰ ਦੂਜਿਆਂ ਨਾਲੋਂ ਵਧੇਰੇ ਪਿਆਰ ਕਰਦਾ ਸੀ, ਹਾਲਾਂਕਿ ਪਿੱਠ ਪਿੱਛੇ ਅਤੇ ਉਸਦੇ ਸਾਹਮਣੇ ਵੀ ਉਸਨੂੰ ਦੋਸ਼ੀ ਕਰਾਰ ਦਿਆ ਕਰਦਾ ਸੀ। ਉਹ ਉਸ ਦਾ ਸਤਿਕਾਰ ਕਰਦੀ ਸੀ, ਪਰ ਉਸ ਨੂੰ ਵੀ ਬਖਸ਼ਦੀ ਨਹੀਂ ਸੀ। ਅਤੇ ਆਪਣੇ ਹੀ ਖੁਣਸੀ ਢੰਗ ਨਾਲ ਉਸਨੂੰ ਮਹਿਸੂਸ ਕਰਾ ਦਿੰਦੀ ਸੀ ਕਿ ਉਹ ਵੀ ਉਸਦੇ ਹੱਥਾਂ ਵਿੱਚ ਸੀ।

"ਮੈਂ ਇੱਕ ਦਿਲਫਰੇਬ ਹਾਂ, ਮੈਂ ਬੇਰਹਿਮ ਹਾਂ, ਮੇਰਾ ਸੁਭਾਅ ਇੱਕ ਅਭਿਨੇਤਰੀ ਵਾਲਾ ਹੈ," ਇਕ ਦਿਨ ਮੇਰੀ ਮੌਜੂਦਗੀ ਵਿਚ ਜ਼ਿਨੈਦਾ ਨੇ ਉਸ ਨੂੰ ਕਿਹਾ।