ਪੰਨਾ:First Love and Punin and Babúrin.djvu/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

112

ਪਹਿਲਾ ਪਿਆਰ

ਮੇਰੇ ਸਿਰ ਨੂੰ ਸਹਿਲਾ ਰਹੇ ਸਨ। ਅਤੇ ਫਿਰ ਅਚਾਨਕ - ਉਦੋਂ ਤਾਂ ਮੈਨੂੰ ਮਹਿਸੂਸ ਨਹੀਂ ਹੋਇਆ - ਉਸ ਦੇ ਕੋਮਲ, ਕੋਰੇ ਬੁੱਲ੍ਹਾਂ ਨੇ ਮੇਰੇ ਚਿਹਰੇ ਨੂੰ ਅੰਨ੍ਹੇਵਾਹ ਚੁੰਮਣਾ ਸ਼ੁਰੂ ਕਰ ਦਿੱਤਾ ਅਤੇ ਮੇਰੇ ਬੁੱਲ੍ਹਾਂ ਨੂੰ ਛੂਹਿਆ। ਪਰ ਜ਼ਿਨੈਦਾ ਨੇ ਸ਼ਾਇਦ ਮੇਰੇ ਹਾਵਭਾਵ ਤੋਂ ਇਹ ਮਹਿਸੂਸ ਕੀਤਾ ਕਿ ਮੇਰੀ ਸੁਰਤ ਪਰਤ ਆਈ ਸੀ, ਹਾਲਾਂਕਿ ਮੈਂ ਆਪਣੀਆਂ ਅੱਖਾਂ ਬੰਦ ਹੀ ਰੱਖੀਆਂ ਸਨ; ਅਤੇ, ਤੇਜ਼ੀ ਨਾਲ ਉੱਠਦਿਆਂ, ਉਸਨੇ ਕਿਹਾ:

"ਹੁਣ, ਪਾਗਲ, ਬਦਮਾਸ਼, ਉੱਠ ਖੜ੍ਹਾ ਹੋ ਜਾ! ਇੱਥੇ ਧੂੜ ਵਿੱਚ ਕਾਹਦੇ ਲਈ ਪਿਆ ਹੈਂ?"

ਮੈਂ ਖੜ੍ਹਾ ਹੋ ਗਿਆ।

"ਮੈਨੂੰ ਮੇਰੀ ਛਤਰੀ ਚੁੱਕ ਕੇ ਫੜ੍ਹਾ - ਮੇਰੇ ਕੋਲੋਂ ਇਹ ਡਿੱਗ ਪਈ - ਤੇ ਮੇਰੇ ਵੱਲ ਇਸ ਤਰ੍ਹਾਂ ਨਾ ਦੇਖ! ਕੀ ਕੀਤਾ ਹੈ ਤੂੰ? ਕੀ ਤੈਨੂੰ ਰਗੜਾਂ ਲੱਗ ਗਈਆਂ ਹਨ - ਭੱਖੜਾ ਪੁੜ ਗਿਆ ਹੈ? ਮੈਂ ਤੈਨੂੰ ਕਹਿੰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਨਾ ਦੇਖ। ਪਰ ਇਹ ਕੁਝ ਨਹੀਂ ਸਮਝਦਾ, ਜਵਾਬ ਨਹੀਂ ਦਿੰਦਾ," ਉਸਨੇ ਅੱਧਾ ਆਪਣੇ ਆਪ ਨੂੰ ਕਿਹਾ। "ਘਰ ਜਾ, ਮਾਸੀਓਰ ਵੋਲਦੇਮਰ, ਅਤੇ ਆਪਣੇ ਆਪ ਨੂੰ ਠੀਕ ਕਰ; ਅਤੇ ਮੇਰੇ ਪਿੱਛੇ ਆਉਣ ਦੀ ਹਿਮਾਕਤ ਨਾ ਕਰੀਂ, ਨਹੀਂ ਤਾਂ ਮੈਂ ਨਾਰਾਜ਼ ਹੋ ਜਾਵਾਂਗੀ, ਅਤੇ ਫ਼ੇਰ ਕਦੇ ਵੀ ਨਹੀਂ...।"

ਉਸਨੇ ਆਪਣਾ ਵਾਕ ਪੂਰਾ ਨਹੀਂ ਕੀਤਾ, ਅਤੇ ਤੇਜ਼ ਤੇਜ਼ ਚਲੀ ਗਈ। ਮੈਂ ਸੜਕ ਤੇ ਬੈਠ ਗਿਆ- ਮੇਰੀਆਂ ਲੱਤਾਂ ਜਵਾਬ ਦੇ ਰਹੀਆਂ ਸਨ। ਮੇਰੇ ਹੱਥਾਂ ਵਿੱਚ ਭੱਖੜਾ ਪੁੜ ਗਿਆ ਸੀ, ਮੇਰੀ ਪਿੱਠ ਦੁਖਦੀ ਸੀ, ਅਤੇ ਮੇਰੇ ਸਿਰ ਨੂੰ ਘੁਮੇਰ ਆ ਰਹੀ ਸੀ: ਪਰ ਜੋ ਖੁਸ਼ੀ ਉਸ ਸਮੇਂ ਮੈਂ ਮਹਿਸੂਸ ਕੀਤੀ, ਮੈਂ ਆਪਣੀ ਸਾਰੀ ਜ਼ਿੰਦਗੀ ਵਿੱਚ ਮੁੜ ਕਦੇ ਮਹਿਸੂਸ ਨਹੀਂ ਕੀਤੀ। ਮੇਰੇ ਸਾਰੇ ਹੱਥਾਂ ਪੈਰਾਂ ਵਿੱਚ ਕੁਝ ਮਿੱਠੀ-ਮਿੱਠੀ ਪੀੜ ਸੀ, ਅਤੇ ਜੋਸ਼ ਭਰੀਆਂ ਕਿਲਕਾਰੀਆਂ ਅਤੇ ਛਾਲਾਂ ਮਾਰ ਮੈਂ ਇਨ੍ਹਾਂ ਨੂੰ ਭੁੱਲਾ ਦਿੱਤਾ ਸੀ। ਦਰਅਸਲ, ਮੈਂ ਅਜੇ ਵੀ ਇਕ ਬੱਚਾ ਸੀ।