ਪੰਨਾ:First Love and Punin and Babúrin.djvu/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

115

ਉਸਨੇ ਅੱਗੇ ਕਿਹਾ, "ਤੇ ਆਪਣੀਆਂ ਅੱਖਾਂ ਇਵੇਂ ਨਾ ਝਪਕੋ, ਮੈਂ ਤੁਹਾਨੂੰ ਵੀ ਲੈ ਚੱਲਾਂਗੀ। ਤੁਸੀਂ ਜਾਣਦੇ ਹੋ ਮੇਰੇ ਲਈ ਮਾਲਵੇਸਕੀ ਹੁਣ ਮੁੱਕ ਗਿਆ ਹੈ!" ਉਸਨੇ ਸਿਰ ਨੂੰ ਇੱਕ ਝਟਕਾ ਦਿੱਤਾ।

"ਤੂੰ ਮੈਨੂੰ ਖ਼ੁਸ਼ ਕਰਨ ਲਈ ਇਹ ਕਹਿੰਦੀ ਹੈਂ," ਬੇਲੋਵਜ਼ਰੋਵ ਨੇ ਕਿਹਾ।

ਉਸ ਨੇ ਅੱਖਾਂ ਸੁੰਗੇੜਦੇ ਹੋਏ ਉਸਨੂੰ ਦੇਖਿਆ।

" ਤਾਂ ਤੁਹਾਨੂੰ ਇਸ ਨਾਲ ਖ਼ੁਸ਼ੀ ਮਿਲਦੀ ਹੈ? ਓ, ਹੋ, ਯੋਧੇ!" ਉਸਨੇ ਆਖ਼ਰ ਇਹ ਕਿਹਾ, ਜਿਵੇਂ ਕਿ ਉਸਨੂੰ ਕਹਿਣ ਲਈ ਹੋਰ ਕੋਈ ਸ਼ਬਦ ਨਾ ਮਿਲ ਰਿਹਾ ਹੋਵੇ। "ਅਤੇ ਤੂੰ, ਮਾਸੀਓਰ ਵੋਲਦੇਮਰ, ਕੀ ਤੂੰ ਕੱਲ੍ਹ ਸਾਡੇ ਨਾਲ ਚੱਲੇਂਗਾ?"

"ਮੈਨੂੰ ਬਹੁਤ ਸਾਰੇ ਲੋਕਾਂ ਨਾਲ ਜਾਣਾ ਪਸੰਦ ਨਹੀਂ ਹੈ," ਮੈਂ ਬਿਨਾਂ ਉੱਪਰ ਝਾਕੇ ਬੋਲਿਆ।

"ਤੈਨੂੰ ਇਕ ਨਿੱਜੀ ਗੱਲਬਾਤ ਪਸੰਦ ਹੈ? ਠੀਕ, ਜਿਵੇਂ ਤੇਰੀ ਮਰਜ਼ੀ।" ਉਸ ਨੇ ਡੂੰਘਾ ਸਾਹ ਲੈਕੇ ਕਿਹਾ। "ਹੁਣ ਛੇਤੀ ਕਰ, ਬੇਲੋਵਜ਼ਰੋਵ। ਕੱਲ੍ਹ ਤੱਕ ਘੋੜਾ ਜ਼ਰੂਰ ਹੋਣਾ ਚਾਹੀਦਾ ਹੈ।"

"ਪਰ ਪੈਸੇ?" ਰਾਜਕੁਮਾਰੀ ਨੇ ਟੋਕਿਆ। "ਤੁਸੀਂ ਪੈਸੇ ਕਿੱਥੋਂ ਲਓਗੇ?"

ਜ਼ਿਨੈਦਾ ਨੇ ਆਪਣੇ ਮੱਥੇ ਵੱਟ ਪਾ ਲਏ।

"ਮੈਂ ਤੁਹਾਡੇ ਕੋਲੋਂ ਨਹੀਂ ਮੰਗਾਂਗੀ। ਬੇਲੋਵਜ਼ਰੋਵ ਮੇਰੇ ਉੱਤੇ ਭਰੋਸਾ ਕਰੇਗਾ।"

"ਤੇਰੇ ਉੱਤੇ ਭਰੋਸਾ, ਤੇਰੇ ਉੱਤੇ ਭਰੋਸਾ ਕਰੇਗਾ।" ਅਚਾਨਕ ਉਸ ਨੇ ਆਪਣੀ ਪੂਰੀ ਉੱਚੀ ਆਵਾਜ਼ ਵਿੱਚ ਹਾਕ ਮਾਰੀ: "ਦੁਨੀਆਸ਼ਕਾ!"

"ਮੰਮਾ, ਮੈਂ ਤੁਹਾਨੂੰ ਛੋਟੀ ਜਿਹੀ ਘੰਟੀ ਦਿੱਤੀ ਸੀ," ਉਸਦੀ ਧੀ ਨੇ ਟਿੱਪਣੀ ਕੀਤੀ।

"ਦੁਨੀਆਸ਼ਕਾ!" ਉਸਨੇ ਇੱਕ ਵਾਰੀ ਫੇਰ ਹਾਕ ਮਾਰੀ।

ਬੇਲੋਵਜ਼ਰੋਵ ਨੇ ਜਾਣ ਦੀ ਆਗਿਆ ਲਈ, ਅਤੇ ਮੈਂ ਉਸ ਦੇ ਨਾਲ ਬਾਹਰ ਆ ਗਿਆ। ਜ਼ਿਨੈਦਾ ਨੇ ਮੈਨੂੰ ਰੁਕਣ ਲਈ ਨਹੀਂ ਕਿਹਾ।